- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੰਦਰ ਦੇ ਪੁਜਾਰੀ ਪੰਡਿਤ ਆਨੰਦ ਆਚਾਰੀਆ ਅਤੇ ਪਿੰਡ ਵਾਸੀਆਂ ਅਨੁਸਾਰ ਇੱਥੇ ਸਥਾਪਿਤ ਭਗਵਾਨ ਵਿਸ਼ਨੂੰ ਜੀ ਦੀ ਮੂਰਤੀ ਕਰੀਬ 4 ਹਜ਼ਾਰ ਸਾਲ ਪੁਰਾਣੀ ਦੱਸੀ ਜਾਂਦੀ ਹੈ। ਮੂਰਤੀ ਦੇ ਦਰਸ਼ਨਾਂ ਲਈ ਮੋਗਾ ਤੋਂ ਇਲਾਵਾ ਦੂਰ-ਦੁਰਾਡੇ ਇਲਾਕਿਆਂ ਤੋਂ ਵੀ ਸ਼ਰਧਾਲੂ ਪਹੁੰਚਦੇ ਹਨ। ਇੱਥੇ 1 ਜਨਵਰੀ ਨੂੰ ਪ੍ਰਗਟ ਦਿਵਸ ਅਤੇ ਜਨਮ ਅਸ਼ਟਮੀ ਦਾ ਦਿਹਾੜਾ ਵਿਸ਼ੇਸ਼ ਤੌਰ ’ਤੇ ਮਨਾਇਆ ਜਾਂਦਾ ਹੈ।

ਕੁਲਵਿੰਦਰ ਸਿੰਘ ਸਹੋਤਾ, ਪੰਜਾਬੀ ਜਾਗਰਣ, ਮੋਗਾ: ਜ਼ਿਲ੍ਹਾ ਮੋਗਾ ਦੇ ਪਿੰਡ ਜਨੇਰ ’ਚ ਸਥਿਤ ਭਗਵਾਨ ਵਿਸ਼ਨੂੰ ਜੀ ਦਾ ਪ੍ਰਾਚੀਨ ਮੰਦਰ ਅੱਜ ਵੀ ਸ਼ਰਧਾਲੂਆਂ ਲਈ ਆਸਥਾ ਦਾ ਕੇਂਦਰ ਬਣਿਆ ਹੋਇਆ ਹੈ। ਮੰਦਰ ਦੇ ਪੁਜਾਰੀ ਪੰਡਿਤ ਆਨੰਦ ਆਚਾਰੀਆ ਅਤੇ ਪਿੰਡ ਵਾਸੀਆਂ ਅਨੁਸਾਰ ਇੱਥੇ ਸਥਾਪਿਤ ਭਗਵਾਨ ਵਿਸ਼ਨੂੰ ਜੀ ਦੀ ਮੂਰਤੀ ਕਰੀਬ 4 ਹਜ਼ਾਰ ਸਾਲ ਪੁਰਾਣੀ ਦੱਸੀ ਜਾਂਦੀ ਹੈ। ਮੂਰਤੀ ਦੇ ਦਰਸ਼ਨਾਂ ਲਈ ਮੋਗਾ ਤੋਂ ਇਲਾਵਾ ਦੂਰ-ਦੁਰਾਡੇ ਇਲਾਕਿਆਂ ਤੋਂ ਵੀ ਸ਼ਰਧਾਲੂ ਪਹੁੰਚਦੇ ਹਨ। ਇੱਥੇ 1 ਜਨਵਰੀ ਨੂੰ ਪ੍ਰਗਟ ਦਿਵਸ ਅਤੇ ਜਨਮ ਅਸ਼ਟਮੀ ਦਾ ਦਿਹਾੜਾ ਵਿਸ਼ੇਸ਼ ਤੌਰ ’ਤੇ ਮਨਾਇਆ ਜਾਂਦਾ ਹੈ।
ਥੇਹ ਦੀ ਖੁਦਾਈ ਦੌਰਾਨ ਮਿਲੀ ਸੀ ਮੂਰਤੀ
ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਰਿੰਦਰ ਸਿੰਘ ਅਤੇ ਪੰਡਿਤ ਆਨੰਦ ਆਚਾਰੀਆ ਮੁਤਾਬਕ ਜਨਵਰੀ 1968 ’ਚ ਪਿੰਡ ਦੀ ਥੇਹ ਦੀ ਖੁਦਾਈ ਦੌਰਾਨ ਇਹ ਮੂਰਤੀ ਮਿਲੀ ਸੀ। ਮੂਰਤੀ ਮਿਲਣ ਤੋਂ ਬਾਅਦ ਪਿੰਡ ਵਾਸੀਆਂ ਨੇ ਇੱਥੇ ਮੰਦਰ ਬਣਾਉਣ ਦਾ ਫ਼ੈਸਲਾ ਕੀਤਾ। 3 ਜੂਨ 1968 ਨੂੰ ਸੰਤ ਮਹੇਸ਼ ਮੁਨੀ (ਬੋਰੇ ਵਾਲੇ ਸੰਤ) ਅਤੇ ਸੰਗਤਾਂ ਦੇ ਸਹਿਯੋਗ ਨਾਲ ਮੰਦਰ ਦਾ ਨਿਰਮਾਣ ਕੀਤਾ ਗਿਆ। ਸਮੇਂ ਨਾਲ ਇਹ ਸਥਾਨ ਪਿੰਡ ਦੇ ਪ੍ਰਮੁੱਖ ਧਾਰਮਿਕ ਅਸਥਾਨ ਵਜੋਂ ਵਿਕਸਤ ਹੋ ਗਿਆ।
ਤਿਰੂਪਤੀ ਨਾਲ ਜੁੜੀ ਮਾਨਤਾ
ਪਿੰਡ ਵਾਸੀਆਂ ਅਤੇ ਪੁਜਾਰੀ ਅਨੁਸਾਰ ਇਹ ਮਾਨਤਾ ਵੀ ਪ੍ਰਚਲਿਤ ਹੈ ਕਿ ਭਗਵਾਨ ਵਿਸ਼ਨੂੰ ਦੇ ਅਜਿਹੇ ਪ੍ਰਾਚੀਨ ਮੰਦਰ ਭਾਰਤ ’ਚ ਦੋ ਪ੍ਰਮੁੱਖ ਸਥਾਨਾਂ ’ਤੇ ਹਨ। ਇਕ ਜਨੇਰ ਅਤੇ ਦੂਜਾ ਆਂਧਰਾ ਪ੍ਰਦੇਸ਼ ਦੇ ਤਿਰੂਮਲਾ ਸਥਿਤ ਸ੍ਰੀ ਵੈਂਕਟੇਸ਼ਵਰ ਮੰਦਰ (ਤਿਰੂਪਤੀ ਬਾਲਾਜੀ) ਨੂੰ ਮੰਨਿਆ ਜਾਂਦਾ ਹੈ। ਇਸ ਮਾਨਤਾ ਕਾਰਨ ਜਨੇਰ ਦੇ ਮੰਦਰ ਦੀ ਧਾਰਮਿਕ ਮਹੱਤਤਾ ਹੋਰ ਵਧ ਜਾਂਦੀ ਹੈ।
ਮੰਦਰ ’ਚ ਆਉਣ ਵਾਲੇ ਸ਼ਰਧਾਲੂ ਮੂਰਤੀ ਦੇ ਦਰਸ਼ਨ ਕਰਕੇ ਮੱਥਾ ਟੇਕਦੇ ਅਤੇ ਪਰਿਵਾਰ ਦੀ ਸੁੱਖ-ਸ਼ਾਂਤੀ ਤੇ ਖੁਸ਼ਹਾਲੀ ਲਈ ਅਰਦਾਸ ਕਰਦੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਥੇਹ ’ਚੋਂ ਮੂਰਤੀ ਮਿਲਣ ਦੀ ਕਹਾਣੀ ਨੇ ਜਨੇਰ ਨੂੰ ਧਾਰਮਿਕ ਅਤੇ ਇਤਿਹਾਸਕ ਪੱਖੋਂ ਵੱਖਰੀ ਪਛਾਣ ਦਿੱਤੀ ਹੈ।
ਰਾਜਾ ਜਨਕ ਨਾਲ ਵੀ ਜੋੜਦੇ ਨੇ ਪਿੰਡ ਵਾਸੀ
ਪਿੰਡ ਵਾਸੀਆਂ ਅਨੁਸਾਰ ਇਕ ਪੁਰਾਤਨ ਮਿੱਥ ਇਹ ਵੀ ਹੈ ਕਿ ਜਨੇਰ ਨੂੰ ਰਾਜਾ ਜਨਕ ਨੇ ਵਸਾਇਆ ਸੀ ਅਤੇ ਇਸੇ ਕਾਰਨ ਪਿੰਡ ਦਾ ਨਾਮ ਜਨੇਰ ਪਿਆ। ਹਾਲਾਂਕਿ ਇਹ ਲੋਕ-ਮਾਨਤਾ ਹੈ। ਅੱਜ ਵੀ ਮੰਦਰ ਇਲਾਕੇ ਦੀਆਂ ਧਾਰਮਿਕ ਆਸਥਾਵਾਂ ਅਤੇ ਪੁਰਾਤਨ ਲੋਕ-ਕਥਾਵਾਂ ਨਾਲ ਜੁੜਿਆ ਹੋਇਆ ਹੈ।