ਮੋਗਾ ’ਚ ਅਹੋਈ ਅਸ਼ਟਮੀ ’ਤੇ ਉੱਜੜੀ ਮਾਂ ਦੀ ਗੋਦ, ਟਰੈਕਟਰ-ਟਰਾਲੀ ਹੇਠਾਂ ਆਉਣ ਨਾਲ 10 ਮਹੀਨਿਆਂ ਦੇ ਮਾਸੂਮ ਦੀ ਮੌਤ ਇਸ ਹਾਦਸੇ ਦਾ ਸਭ ਤੋਂ ਦਰਦਨਾਕ ਪਹਿਲੂ ਇਹ ਰਿਹਾ ਕਿ ਅਹੋਈ ਅਸ਼ਟਮੀ ਦੇ ਮੌਕੇ ’ਤੇ ਮਾਂ ਨੇ ਆਪਣੇ ਇਕਲੌਤੇ ਪੁੱਤਰ ਦੀ ਲੰਬੀ ਉਮਰ ਅਤੇ ਸਲਾਮਤੀ ਲਈ ਨਿਰਜਲਾ ਵਰਤ ਰੱਖਿਆ ਹੋਇਆ ਸੀ, ਪਰ ਵਰਤ ਦੌਰਾਨ ਹੀ ਉਸ ਦੀ ਗੋਦ ਉੱਜੜ ਗਈ। ਪੁੱਤਰ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ ਵਿੱਚ ਚੀਕ-ਚਿਹਾੜਾ ਮਚ ਗਿਆ ਅਤੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ।
Publish Date: Mon, 02 Nov 2026 04:17 PM (IST)
Updated Date: Mon, 02 Nov 2026 04:19 PM (IST)
ਜਾਸ, ਕੋਟਈਸੇ ਖਾਂ। ਕੋਟਈਸੇ ਖਾਂ ਦੀ ਸਾਧਾ ਵਾਲੀ ਬਸਤੀ ਵਿੱਚ ਐਤਵਾਰ ਸਵੇਰੇ ਵਾਪਰੇ ਦਰਦਨਾਕ ਹਾਦਸੇ ਨੇ ਪੂਰੇ ਇਲਾਕੇ ਨੂੰ ਝੰਜੋੜ ਕੇ ਰੱਖ ਦਿੱਤਾ। ਘਰ ਦੇ ਬਾਹਰ ਵਾਕਰ ਵਿੱਚ ਬੈਠ ਕੇ ਖੇਡ ਰਹੇ 10 ਮਹੀਨਿਆਂ ਦੇ ਮਾਸੂਮ ਦਿਵਿਆਂਸ਼ ਨੂੰ ਤੇਜ਼ ਰਫ਼ਤਾਰ ਟਰੈਕਟਰ-ਟਰਾਲੀ ਨੇ ਕੁਚਲ ਦਿੱਤਾ। ਹਾਦਸੇ ਵਿੱਚ ਬੱਚੇ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਸ ਹਾਦਸੇ ਦਾ ਸਭ ਤੋਂ ਦਰਦਨਾਕ ਪਹਿਲੂ ਇਹ ਰਿਹਾ ਕਿ ਅਹੋਈ ਅਸ਼ਟਮੀ ਦੇ ਮੌਕੇ ’ਤੇ ਮਾਂ ਨੇ ਆਪਣੇ ਇਕਲੌਤੇ ਪੁੱਤਰ ਦੀ ਲੰਬੀ ਉਮਰ ਅਤੇ ਸਲਾਮਤੀ ਲਈ ਨਿਰਜਲਾ ਵਰਤ ਰੱਖਿਆ ਹੋਇਆ ਸੀ, ਪਰ ਵਰਤ ਦੌਰਾਨ ਹੀ ਉਸ ਦੀ ਗੋਦ ਉੱਜੜ ਗਈ। ਪੁੱਤਰ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ ਵਿੱਚ ਚੀਕ-ਚਿਹਾੜਾ ਮਚ ਗਿਆ ਅਤੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ।
ਤੇਜ਼ ਰਫ਼ਤਾਰ ਟਰੈਕਟਰ-ਟਰਾਲੀ ਨੇ ਪਿੱਛੋਂ ਮਾਰੀ ਟੱਕਰ
ਮ੍ਰਿਤਕ ਬੱਚੇ ਦੇ ਪਿਤਾ ਜਤਿਨ ਨੇ ਦੱਸਿਆ ਕਿ ਐਤਵਾਰ ਸਵੇਰੇ ਉਹ ਆਪਣੇ 10 ਮਹੀਨਿਆਂ ਦੇ ਪੁੱਤਰ ਦਿਵਿਆਂਸ਼ ਨੂੰ ਵਾਕਰ ਵਿੱਚ ਬਿਠਾ ਕੇ ਘਰ ਦੇ ਬਾਹਰ ਗਲੀ ਵਿੱਚ ਖੜ੍ਹੇ ਸਨ। ਇਸੇ ਦੌਰਾਨ ਚੀਮਾ ਰੋਡ ਵੱਲੋਂ ਤੇਜ਼ ਰਫ਼ਤਾਰ ਨਾਲ ਆ ਰਹੀ ਟਰੈਕਟਰ-ਟਰਾਲੀ ਨੇ ਪਿੱਛੋਂ ਟੱਕਰ ਮਾਰ ਦਿੱਤੀ।
ਟੱਕਰ ਲੱਗਦਿਆਂ ਹੀ ਮਾਸੂਮ ਵਾਕਰ ਸਮੇਤ ਟਰੈਕਟਰ ਦੇ ਪਿਛਲੇ ਪਹੀਆਂ ਹੇਠਾਂ ਆ ਗਿਆ। ਆਲੇ-ਦੁਆਲੇ ਮੌਜੂਦ ਲੋਕਾਂ ਨੇ ਰੌਲਾ ਪਾ ਕੇ ਚਾਲਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਗੰਭੀਰ ਰੂਪ ਵਿੱਚ ਕੁਚਲੇ ਜਾਣ ਕਾਰਨ ਦਿਵਿਆਂਸ਼ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ।
ਪਰਿਵਾਰ ਨੇ ਡਰਾਈਵਰ ’ਤੇ ਨਸ਼ੇ ਵਿੱਚ ਹੋਣ ਦਾ ਲਾਇਆ ਦੋਸ਼ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਟਰੈਕਟਰ ਚਾਲਕ ਨਸ਼ੇ ਦੀ ਹਾਲਤ ਵਿੱਚ ਸੀ ਅਤੇ ਤੇਜ਼ ਰਫ਼ਤਾਰ ਤੇ ਲਾਪਰਵਾਹੀ ਨਾਲ ਵਾਹਨ ਚਲਾ ਰਿਹਾ ਸੀ। ਹਾਲਾਂਕਿ, ਇਸ ਦੋਸ਼ ਦੀ ਪੁਸ਼ਟੀ ਪੁਲਿਸ ਜਾਂਚ ਤੋਂ ਬਾਅਦ ਹੀ ਹੋ ਸਕੇਗੀ।
ਦਿਵਿਆਂਸ਼ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਸ ਦੀ ਮਾਂ ਨੇ ਅਹੋਈ ਅਸ਼ਟਮੀ ’ਤੇ ਨਿਰਜਲਾ ਵਰਤ ਰੱਖ ਕੇ ਪੁੱਤਰ ਦੀ ਲੰਬੀ ਉਮਰ ਦੀ ਕਾਮਨਾ ਕੀਤੀ ਸੀ। ਕੁਝ ਘੰਟੇ ਪਹਿਲਾਂ ਤੱਕ ਜਿਸ ਘਰ ਵਿੱਚ ਬੱਚੇ ਦੀਆਂ ਕਿਲਕਾਰੀਆਂ ਗੂੰਜ ਰਹੀਆਂ ਸਨ, ਉੱਥੇ ਹਾਦਸੇ ਤੋਂ ਬਾਅਦ ਮਾਤਮ ਛਾ ਗਿਆ।
ਗੋਲ ਚੌਕ ’ਤੇ ਲਾਸ਼ ਰੱਖ ਕੇ ਲਾਇਆ ਜਾਮ
ਹਾਦਸੇ ਤੋਂ ਬਾਅਦ ਗੁੱਸੇ ਵਿੱਚ ਆਏ ਪਰਿਵਾਰਕ ਮੈਂਬਰਾਂ ਅਤੇ ਸਥਾਨਕ ਲੋਕਾਂ ਨੇ ਮਾਸੂਮ ਦੀ ਲਾਸ਼ ਗੋਲ ਚੌਕ ’ਤੇ ਰੱਖ ਕੇ ਜਾਮ ਲਾ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਮੁਲਜ਼ਮ ਚਾਲਕ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਸੂਚਨਾ ਮਿਲਣ ’ਤੇ ਥਾਣਾ ਕੋਟਈਸੇ ਖਾਂ ਦੇ ਐੱਸਐੱਚਓ ਕਮਲਜੀਤ ਸਿੰਘ ਪੁਲਿਸ ਫੋਰਸ ਸਮੇਤ ਮੌਕੇ ’ਤੇ ਪਹੁੰਚੇ। ਉਨ੍ਹਾਂ ਲੋਕਾਂ ਨੂੰ ਦੱਸਿਆ ਕਿ ਪੁਲਿਸ ਨੇ ਟਰੈਕਟਰ-ਟਰਾਲੀ ਕਬਜ਼ੇ ਵਿੱਚ ਲੈ ਲਈ ਹੈ ਅਤੇ ਮੁਲਜ਼ਮ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਪੁਲਿਸ ਨੇ ਲੋਕਾਂ ਨੂੰ ਢੁੱਕਵੀਂ ਕਾਰਵਾਈ ਦਾ ਭਰੋਸਾ ਦਿਵਾਇਆ। ਮਾਸੂਮ ਦੀ ਬੇਵਕਤੀ ਮੌਤ ਕਾਰਨ ਹਰ ਅੱਖ ਨਮ ਸੀ ਅਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ। ਪੁਲਿਸ ਮੁਲਾਜ਼ਮ ਸਾਹਿਬ ਸਿੰਘ ਨੇ ਦੱਸਿਆ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਪੋਸਟਮਾਰਟਮ ਕਰਵਾਇਆ ਗਿਆ ਹੈ ਅਤੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਮੁਲਜ਼ਮ ਦੀ ਪਛਾਣ ਪ੍ਰੇਮ ਸਿੰਘ ਪੁੱਤਰ ਬਲਬੀਰ ਸਿੰਘ, ਵਾਸੀ ਬਸਤੀ ਸਾਧਾ ਵਾਲੀ ਵਜੋਂ ਹੋਈ ਹੈ।