ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਹਾੜ੍ਹ ਦੀ ਸੰਗਰਾਂਦ ਤੇ ਮੱਸਿਆ ਦਾ ਦਿਹਾੜਾ
ਹਾੜ ਮਹੀਨੇ ਦੀ ਪਵਿੱਤਰ ਸੰਗਰਾਂਦ
Publish Date: Tue, 16 Jun 2026 04:29 PM (IST)
Updated Date: Wed, 17 Jun 2026 04:01 AM (IST)

ਸੰਤ ਬਾਬਾ ਗੁਰਦੀਪ ਸਿੰਘ ਜੀ ਚੰਦ ਪੁਰਾਣਾ ਵਾਲਿਆਂ ਨੇ ਗੁਰਬਾਣੀ ਤੇ ਸਿੱਖੀ ਨਾਲ ਜੁੜਨ ਦਾ ਦਿੱਤਾ ਪ੍ਰੇਰਣਾਦਾਇਕ ਸੰਦੇਸ਼, ਦੂਰ-ਦੁਰਾਡੇ ਤੋਂ ਪੁੱਜੀਆਂ ਸੰਗਤਾਂ ਨੇ ਭਰੀ ਹਾਜ਼ਰੀ ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ : ਹਾੜ ਮਹੀਨੇ ਦੀ ਪਵਿੱਤਰ ਸੰਗਰਾਂਦ ਅਤੇ ਮੱਸਿਆ ਦਾ ਦਿਹਾੜਾ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ 56 ਜੀਬੀ ਸ੍ਰੀ ਗੰਗਾਨਗਰ (ਰਾਜਸਥਾਨ) ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਇਲਾਕੇ ਦੇ ਪਿੰਡਾਂ ਸਮੇਤ ਦੂਰ-ਦੁਰਾਡੇ ਖੇਤਰਾਂ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਨੇ ਗੁਰੂ ਘਰ ਵਿਖੇ ਨਤਮਸਤਕ ਹੋ ਕੇ ਗੁਰੂ ਮਹਾਰਾਜ ਦੀਆਂ ਅਸੀਸਾਂ ਪ੍ਰਾਪਤ ਕੀਤੀਆਂ। ਸਵੇਰ ਤੋਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਧਾਰਮਿਕ ਦੀਵਾਨ ਸਜਾਏ ਗਏ, ਜਿੱਥੇ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ ਅਤੇ ਸੰਗਤਾਂ ਨੇ ਸ਼ਰਧਾ ਨਾਲ ਕੀਰਤਨ ਸਰਵਣ ਕੀਤਾ ਅਤੇ ਗੁਰੂ ਚਰਨਾਂ ’ਚ ਅਰਦਾਸਾਂ ਬੇਨਤੀਆਂ ਕੀਤੀਆਂ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਚੰਦ ਪੁਰਾਣਾ ਵਾਲਿਆਂ ਨੇ ਸੰਗਤਾਂ ਨੂੰ ਪ੍ਰਵਚਨ ਕਰਦਿਆਂ ਕਿਹਾ ਕਿ ਹਾੜ ਮਹੀਨੇ ਦੀ ਸੰਗਰਾਂਦ ਅਤੇ ਸੋਮਵਾਰ ਨੂੰ ਮੱਸਿਆ ਮਨੁੱਖ ਨੂੰ ਪਰਮਾਤਮਾ ਨਾਲ ਆਪਣਾ ਨਾਤਾ ਹੋਰ ਮਜ਼ਬੂਤ ਕਰਨ ਦਾ ਸੁਨੇਹਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਯੁੱਗ ’ਚ ਮਨੁੱਖ ਮਾਇਆ ਦੇ ਮੋਹ ਵਿਚ ਫਸਦਾ ਜਾ ਰਿਹਾ ਹੈ ਪਰ ਗੁਰਬਾਣੀ ਮਨੁੱਖ ਨੂੰ ਸੱਚ, ਸੇਵਾ, ਨਿਮਰਤਾ ਅਤੇ ਪ੍ਰਭੂ ਭਗਤੀ ਦਾ ਰਾਹ ਦਿਖਾਉਂਦੀ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਦੀਆਂ ਬਖ਼ਸ਼ੀਆਂ ਹੋਈਆਂ ਸਿੱਖਿਆਵਾਂ ਅੱਜ ਵੀ ਮਨੁੱਖਤਾ ਲਈ ਚਾਨਣ ਮੁਨਾਰਾ ਹਨ, ਜੋ ਸਮਾਜ ’ਚ ਪਿਆਰ, ਭਾਈਚਾਰੇ, ਸਹਿਣਸ਼ੀਲਤਾ ਅਤੇ ਏਕਤਾ ਦਾ ਸੰਦੇਸ਼ ਦਿੰਦੀਆਂ ਹਨ। ਬਾਬਾ ਜੀ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਅਤੇ ਨੌਜਵਾਨ ਪੀੜ੍ਹੀ ਨੂੰ ਗੁਰਬਾਣੀ, ਸਿੱਖੀ ਅਤੇ ਸਿੱਖ ਇਤਿਹਾਸ ਨਾਲ ਜੋੜਨ ਤਾਂ ਜੋ ਉਹ ਆਪਣੇ ਮਹਾਨ ਵਿਰਸੇ ਅਤੇ ਸਭਿਆਚਾਰ ਦੀ ਸੰਭਾਲ ਕਰ ਸਕਣ। ਉਨ੍ਹਾਂ ਕਿਹਾ ਕਿ ਜੇਕਰ ਨੌਜਵਾਨ ਗੁਰੂ ਦੀ ਬਾਣੀ ਨਾਲ ਜੁੜ ਜਾਣ ਤਾਂ ਸਮਾਜ ’ਚ ਫੈਲ ਰਹੀਆਂ ਕਈ ਬੁਰਾਈਆਂ ਆਪਣੇ ਆਪ ਦੂਰ ਹੋ ਸਕਦੀਆਂ ਹਨ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਐੱਮਐੱਲਏ ਬਲਵੀਰ ਸਿੰਘ ਲੁਥਰਾ ਨੇ ਬੋਲਦਿਆਂ ਕਿਹਾ ਕਿ ਸਾਡਾ ਇਲਾਕਾ ਬਹੁਤ ਹੀ ਕਰਮਾਂ ਭਾਗਾਂ ਵਾਲਾ ਹੈ ਜਿੱਥੇ ਇਹੋ ਜਿਹੇ ਮਹਾਂਪੁਰਸ਼ਾਂ ਨੇ ਆ ਕੇ ਪੰਜਾਬ ਦੇ ਵਿਚੋਂ ਅਸਥਾਨ ਬਣਾਇਆ ਅਤੇ ਇਨ੍ਹਾਂ ਕਰਕੇ ਹੀ ਸਾਡੇ ਇਲਾਕੇ ਦਾ ਬਹੁਤ ਜ਼ਿਆਦਾ ਸੁਧਾਰ ਹੋ ਚੁੱਕਿਆ ਹੈ। ਇਸ ਗੁਰੂ ਘਰ ਦੇ ਨਾਲ ਜਿੱਥੇ ਕਿ ਸਾਨੂੰ ਦੂਰ ਦੁਰਾਡੇ ਜਾਣਾ ਪੈਂਦਾ ਸੀ ਇਲਾਕੇ ਵਿਚ ਗੁਰਦੁਆਰਾ ਸਾਹਿਬ ਬਣਾਉਣ ਦੇ ਨਾਲ ਸਾਡੀ ਨੌਜਵਾਨ ਪੀੜੀ ਗੁਰੂ ਦੇ ਨਾਲ ਜੁੜ ਰਹੀ ਹੈ ਨਸ਼ਿਆਂ ਤੋਂ ਦੂਰ ਹੋ ਰਹੀ ਹੈ ਅਤੇ ਸਾਨੂੰ ਮਹਾਂਪੁਰਸ਼ਾਂ ਦਾ ਅਸ਼ੀਰਵਾਦ ਪ੍ਰਾਪਤ ਹੋ ਰਿਹਾ ਅਤੇ ਸਾਡੇ ਇਲਾਕੇ ਦੇ ਵਿਚ 24 ਘੰਟੇ ਲੰਗਰ ਦੀ ਸੇਵਾ ਜੋ ਮਹਾਂਪੁਰਸ਼ਾਂ ਨੇ ਚਲਾਈ ਹੈ, ਅਸੀਂ ਇਨ੍ਹਾਂ ਦੇ ਬਹੁਤ ਧੰਨਵਾਦੀ ਹਾਂ। ਸੰਗਰਾਂਦ ਦੇ ਇਸ ਪਾਵਨ ਦਿਹਾੜੇ ਮੌਕੇ ਸੰਗਤਾਂ ਨੇ ਗੁਰੂ ਘਰ ਵਿਖੇ ਮੱਥਾ ਟੇਕ ਕੇ ਸਰਬੱਤ ਦੇ ਭਲੇ, ਦੇਸ਼ ਦੀ ਚੜ੍ਹਦੀ ਕਲਾ ਅਤੇ ਸਮੁੱਚੀ ਮਨੁੱਖਤਾ ਦੀ ਭਲਾਈ ਲਈ ਅਰਦਾਸ ਕੀਤੀ। ਸਮਾਗਮ ਦੀ ਸਮਾਪਤੀ ਉਪਰੰਤ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ, ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਪੁੱਜੀਆਂ ਸੰਗਤਾਂ ਨੇ ਪੰਗਤ ਵਿਚ ਬੈਠ ਕੇ ਲੰਗਰ ਛਕਿਆ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।