- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਨਸਾਨੀਅਤ ਦੀ ਸੇਵਾ ਨੂੰ ਆਪਣਾ

- 180 ਪਰਿਵਾਰਾਂ ਨੂੰ ਮਿਲਿਆ ਪੱਕਾ ਆਸ਼ਿਆਨਾ
- ਸੋਨੂੰ ਸੂਦ ਤੇ ਮਾਲਵਿਕਾ ਸੂਦ ਦੇ ਸੇਵਾ ਮਿਸ਼ਨ ਨੂੰ ਮਿਲਿਆ ਲੋਕਾਂ ਦਾ ਪਿਆਰ, 257 ਘਰਾਂ ਦੇ ਟੀਚੇ ’ਚੋਂ 180 ਮੁਕੰਮਲ
ਵਕੀਲ ਮਹਿਰੋਂ, ਪੰਜਾਬੀ ਜਾਗਰਣ
ਮੋਗਾ : ਇਨਸਾਨੀਅਤ ਦੀ ਸੇਵਾ ਨੂੰ ਆਪਣਾ ਧਰਮ ਬਣਾਉਣ ਵਾਲੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਅਤੇ ਉਨ੍ਹਾਂ ਦੀ ਭੈਣ ਮਾਲਵਿਕਾ ਸੂਦ (ਹਲਕਾ ਇੰਚਾਰਜ ਵਿਧਾਨ ਸਭਾ ਹਲਕਾ ਮੋਗਾ ਕਾਂਗਰਸ) ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਸਮਾਜ ਸੇਵਾ ਸਿਰਫ਼ ਵਾਅਦਿਆਂ ਨਾਲ ਨਹੀਂ, ਸਗੋਂ ਅਮਲੀ ਕਾਰਜਾਂ ਨਾਲ ਹੁੰਦੀ ਹੈ। ਸੂਬੇ ਵਿਚ ਪਿਛਲੇ ਸਮੇਂ ਦੌਰਾਨ ਆਏ ਹੜ੍ਹਾਂ ਕਾਰਨ ਜਿਨ੍ਹਾਂ ਗ਼ਰੀਬ ਅਤੇ ਲੋੜਵੰਦ ਪਰਿਵਾਰਾਂ ਦੇ ਕੱਚੇ ਮਕਾਨ ਅਤੇ ਟਾਇਲ-ਬੱਤੇ ਵਾਲੀਆਂ ਛੱਤਾਂ ਨੁਕਸਾਨੀਆਂ ਗਈਆਂ ਸਨ, ਉਨ੍ਹਾਂ ਲਈ ਸੂਦ ਭੈਣ-ਭਰਾ ਵੱਲੋਂ ਸ਼ੁਰੂ ਕੀਤੀ ਗਈ ‘ਛੱਤ ਤੁਹਾਡੀ-ਜ਼ਿੰਮੇਵਾਰੀ ਸਾਡੀ’ ਮੁਹਿੰਮ ਅੱਜ ਸੈਂਕੜਿਆਂ ਪਰਿਵਾਰਾਂ ਲਈ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਬਣ ਚੁੱਕੀ ਹੈ।
ਇਸ ਮੁਹਿੰਮ ਤਹਿਤ ਮੋਗਾ ਜ਼ਿਲ੍ਹੇ ਤੋਂ ਇਲਾਵਾ ਫਿਰੋਜ਼ਪੁਰ ਅਤੇ ਹੋਰ ਪ੍ਰਭਾਵਿਤ ਇਲਾਕਿਆਂ ਦੇ ਬੇਘਰ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਨੂੰ ਪੱਕੀਆਂ ਛੱਤਾਂ ਮੁਹੱਈਆ ਕਰਵਾਉਣ ਦਾ ਟੀਚਾ ਰੱਖਿਆ ਗਿਆ ਸੀ। ਇਸ ਯੋਜਨਾ ਅਧੀਨ ਕੁੱਲ 257 ਪਰਿਵਾਰਾਂ ਲਈ ਮਕਾਨ ਤਿਆਰ ਕਰਨ ਦਾ ਸੰਕਲਪ ਲਿਆ ਗਿਆ, ਜਿਸ ’ਚੋਂ ਹੁਣ ਤੱਕ 180 ਪਰਿਵਾਰਾਂ ਦੇ ਘਰ ਮੁਕੰਮਲ ਕਰ ਕੇ ਉਨ੍ਹਾਂ ਨੂੰ ਸੁਰੱਖਿਅਤ ਆਸ਼ਿਆਨਾ ਦਿੱਤਾ ਜਾ ਚੁੱਕਾ ਹੈ। ਬਾਕੀ ਰਹਿੰਦੇ ਪਰਿਵਾਰਾਂ ਦੇ ਘਰਾਂ ਦਾ ਕੰਮ ਵੀ ਤੇਜ਼ੀ ਨਾਲ ਜਾਰੀ ਹੈ। ਮੋਗਾ ਪਹੁੰਚੇ ਸੋਨੂੰ ਸੂਦ ਅਤੇ ਮਾਲਵਿਕਾ ਸੂਦ ਨਾਲ ਮੁਲਾਕਾਤ ਕਰਨ ਲਈ ਉਹ ਪਰਿਵਾਰ ਵੀ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੇ, ਜਿਨ੍ਹਾਂ ਨੂੰ ਇਸ ਮੁਹਿੰਮ ਤਹਿਤ ਨਵੀਆਂ ਛੱਤਾਂ ਮਿਲੀਆਂ ਹਨ। ਪਰਿਵਾਰਾਂ ਨੇ ਭਾਵੁਕ ਹੋ ਕੇ ਦੱਸਿਆ ਕਿ ਉਨ੍ਹਾਂ ਕੋਲ ਧੰਨਵਾਦ ਕਰਨ ਲਈ ਸ਼ਬਦ ਵੀ ਘੱਟ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਸਾਲਾਂ ਤੱਕ ਉਹ ਕੱਚੇ ਮਕਾਨਾਂ, ਤਰਪਾਲਾਂ ਅਤੇ ਕਾਨਿਆਂ ਹੇਠ ਰਹਿਣ ਲਈ ਮਜਬੂਰ ਸਨ। ਕਈ ਲੋਕ ਆਏ, ਵਾਅਦੇ ਕਰ ਕੇ ਚਲੇ ਗਏ ਪਰ ਉਨ੍ਹਾਂ ਦੀ ਮੁਸ਼ਕਿਲ ਕਿਸੇ ਨੇ ਦੂਰ ਨਹੀਂ ਕੀਤੀ। ਅਜਿਹੇ ਸਮੇਂ ਵਿਚ ਸੋਨੂੰ ਸੂਦ ਅਤੇ ਮਾਲਵਿਕਾ ਸੂਦ ਨੇ ਨਾ ਸਿਰਫ਼ ਉਨ੍ਹਾਂ ਦਾ ਦਰਦ ਸਮਝਿਆ, ਸਗੋਂ ਪੱਕੀ ਛੱਤ ਦੇ ਕੇ ਉਨ੍ਹਾਂ ਦੀ ਜ਼ਿੰਦਗੀ ਵਿਚ ਨਵੀਂ ਉਮੀਦ ਜਗਾਈ। ਲਾਭਪਾਤਰੀਆਂ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਅੱਜ ਇੱਜ਼ਤ ਅਤੇ ਸੁਰੱਖਿਆ ਨਾਲ ਆਪਣੇ ਘਰਾਂ ਵਿਚ ਰਹਿ ਰਹੇ ਹਨ। ਉਨ੍ਹਾਂ ਨੇ ਸੂਦ ਪਰਿਵਾਰ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਜਿੱਥੇ ਵੀ ਉਨ੍ਹਾਂ ਨੂੰ ਸੂਦ ਪਰਿਵਾਰ ਦੀ ਲੋੜ ਪਵੇਗੀ, ਉਹ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹੇ ਰਹਿਣਗੇ। ਇਸ ਮੌਕੇ ਸੋਨੂੰ ਸੂਦ ਅਤੇ ਮਾਲਵਿਕਾ ਸੂਦ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਤੋਂ ਵੱਡਾ ਕੋਈ ਧਰਮ ਨਹੀਂ ਹੁੰਦਾ। ਉਨ੍ਹਾਂ ਦੱਸਿਆ ਕਿ ਬਾਕੀ ਰਹਿੰਦੇ ਪਰਿਵਾਰਾਂ ਦੇ ਘਰਾਂ ਦੀਆਂ ਛੱਤਾਂ ਦਾ ਕੰਮ ਵੀ ਜਲਦੀ ਪੂਰਾ ਕਰ ਦਿੱਤਾ ਜਾਵੇਗਾ। ਸੋਨੂੰ ਸੂਦ ਅਤੇ ਮਾਲਵਿਕਾ ਸੂਦ ਨੇ ਆਖਿਆ ਕਿ ਉਨ੍ਹਾਂ ਵੱਲੋਂ ਬਹੁਤ ਜਲਦੀ ਸਿਖਲਾਈ ਕੇਂਦਰ, ਰੀਹੈਬਟੇਸ਼ਨ ਸੈਂਟਰ ਮੋਗਾ ਵਿਚ ਅਤੇ ਨੌਜਵਾਨਾਂ ਦੇ ਲਈ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਹਰ ਪਰਿਵਾਰ ਨੂੰ ਸੁਰੱਖਿਅਤ ਛੱਤ ਮਿਲਣਾ ਉਸ ਦਾ ਬੁਨਿਆਦੀ ਹੱਕ ਹੈ ਅਤੇ ਸਮਾਜ ਦੇ ਸਮਰੱਥ ਲੋਕਾਂ ਨੂੰ ਅਜਿਹੇ ਮਨੁੱਖੀ ਕਾਰਜਾਂ ਵਿਚ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ।
180 ਪਰਿਵਾਰਾਂ ਦੇ ਸੁਪਨੇ ਹੋਏ ਸਾਕਾਰ
‘ਛੱਤ ਤੁਹਾਡੀ-ਜ਼ਿੰਮੇਵਾਰੀ ਸਾਡੀ’ ਮੁਹਿੰਮ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਹੁਣ ਤੱਕ 180 ਗ਼ਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਪੱਕਾ ਆਸ਼ਿਆਨਾ ਮਿਲ ਚੁੱਕਾ ਹੈ। ਇਹ ਉਹ ਪਰਿਵਾਰ ਹਨ, ਜੋ ਸਾਲਾਂ ਤੋਂ ਕੱਚੇ ਮਕਾਨਾਂ, ਟੁੱਟੀਆਂ ਛੱਤਾਂ ਜਾਂ ਤਰਪਾਲਾਂ ਹੇਠ ਜੀਵਨ ਬਤੀਤ ਕਰ ਰਹੇ ਸਨ। ਹੜ੍ਹਾਂ ਅਤੇ ਮੀਂਹ ਕਾਰਨ ਉਨ੍ਹਾਂ ਦਾ ਜੀਵਨ ਹੋਰ ਵੀ ਦੁਖਦਾਈ ਬਣ ਗਿਆ ਸੀ। ਸੋਨੂੰ ਸੂਦ ਅਤੇ ਮਾਲਵਿਕਾ ਸੂਦ ਵੱਲੋਂ ਸ਼ੁਰੂ ਕੀਤੀ ਗਈ ਇਸ ਪਹਿਲ ਨੇ ਇਨ੍ਹਾਂ ਪਰਿਵਾਰਾਂ ਨੂੰ ਨਾ ਸਿਰਫ਼ ਸੁਰੱਖਿਅਤ ਘਰ ਦਿੱਤਾ, ਸਗੋਂ ਇੱਜ਼ਤ ਨਾਲ ਜਿਊਣ ਦਾ ਭਰੋਸਾ ਵੀ ਦਿੱਤਾ। ਮੁਹਿੰਮ ਤਹਿਤ ਕੁੱਲ 257 ਘਰ ਬਣਾਉਣ ਦਾ ਟੀਚਾ ਹੈ, ਜਿਸ ਦੇ ਬਾਕੀ ਕੰਮ ਨੂੰ ਵੀ ਜਲਦੀ ਪੂਰਾ ਕਰਨ ਦੀ ਗੱਲ ਕਹੀ ਗਈ ਹੈ। ਲੋਕਾਂ ਦਾ ਮੰਨਣਾ ਹੈ ਕਿ ਇਹ ਮੁਹਿੰਮ ਸਮਾਜ ਸੇਵਾ ਦੀ ਇਕ ਮਿਸਾਲ ਬਣ ਕੇ ਸਾਹਮਣੇ ਆਈ ਹੈ।
‘ਲੀਡਰ ਵਾਅਦੇ ਕਰਦੇ ਰਹੇ, ਸੂਦ ਭੈਣ-ਭਰਾ ਨੇ ਘਰ ਬਣਾ ਦਿੱਤੇ’
ਮੁਹਿੰਮ ਤੋਂ ਲਾਭ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਨ੍ਹਾਂ ਦੀ ਜ਼ਿੰਦਗੀ ਵਿਚ ਇਹ ਬਦਲਾਅ ਕਦੇ ਨਹੀਂ ਭੁੱਲਿਆ ਜਾ ਸਕਦਾ। ਉਨ੍ਹਾਂ ਦੱਸਿਆ ਕਿ ਪਹਿਲਾਂ ਉਹ ਮੀਂਹ ਅਤੇ ਸਰਦੀ ਦੇ ਮੌਸਮ ਵਿਚ ਬੇਹੱਦ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਸਨ। ਕਈ ਸਿਆਸੀ ਆਗੂ ਆਏ, ਭਰੋਸੇ ਦਿੱਤੇ ਪਰ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਹੀਂ ਹੋਇਆ ਪਰ ਸੋਨੂੰ ਸੂਦ ਅਤੇ ਮਾਲਵਿਕਾ ਸੂਦ ਨੇ ਬਿਨਾਂ ਕਿਸੇ ਭੇਦਭਾਵ ਦੇ ਉਨ੍ਹਾਂ ਦੀ ਮਦਦ ਕਰ ਕੇ ਪੱਕੀ ਛੱਤ ਮੁਹੱਈਆ ਕਰਵਾਈ। ਲਾਭਪਾਤਰੀਆਂ ਨੇ ਕਿਹਾ ਕਿ ਹੁਣ ਉਨ੍ਹਾਂ ਦੇ ਬੱਚੇ ਸੁਰੱਖਿਅਤ ਮਾਹੌਲ ਵਿਚ ਰਹਿ ਸਕਦੇ ਹਨ ਅਤੇ ਪੂਰਾ ਪਰਿਵਾਰ ਇੱਜ਼ਤ ਨਾਲ ਜੀਵਨ ਬਤੀਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਦ ਪਰਿਵਾਰ ਦੀ ਇਹ ਸੇਵਾ ਹਮੇਸ਼ਾ ਯਾਦ ਰੱਖੀ ਜਾਵੇਗੀ ਅਤੇ ਉਹ ਹਰ ਸਮੇਂ ਉਨ੍ਹਾਂ ਦੇ ਨਾਲ ਖੜ੍ਹੇ ਰਹਿਣਗੇ।