ਤਪ ਅਸਥਾਨ ਬਾਬਾ ਤੁਲਸੀ ਦਾਸ ਦੀ ਨਵੀਂ ਪ੍ਰਬੰਧਕ ਕਮੇਟੀ ਵੱਲੋਂ ਗ੍ਰੰਥੀ ਸਿੰਘਾਂ ਦੀਆਂ ਭੇਟਾ ’ਚ ਵਾਧਾ ਇਲਾਕੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਤਪ
Publish Date: Wed, 01 Jul 2026 05:07 PM (IST)
Updated Date: Wed, 01 Jul 2026 05:10 PM (IST)
- ਗ੍ਰੰਥੀ ਸਭਾ ਨੇ ਪ੍ਰਬੰਧਕ ਕਮੇਟੀ ਤੇ ਪ੍ਰਸ਼ਾਸਨ ਦਾ ਕੀਤਾ ਧੰਨਵਾਦ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟ ਈਸੇ ਖਾਂ : ਤਪ ਅਸਥਾਨ ਬਾਬਾ ਤੁਲਸੀ ਦਾਸ ਜੀ ਝੁੱਗੀ ਵਾਲਿਆਂ ਦੋਲੇਵਾਲਾ ਮਾਇਰ ਵਿਖੇ ਨਵੀਂ ਬਣੀ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਘਰ ’ਚ ਆਰੰਭ ਸ੍ਰੀ ਅਖੰਡ ਜਾਪਾਂ ਦੀ ਭੇਟਾ ਵਿਚ ਵਾਧਾ ਕੀਤਾ ਕਰਨ ਦਾ ਸ਼ਲਾਘਾਯੋਗ ਫ਼ੈਸਲਾ ਲਿਆ ਗਿਆ ਹੈ। ਪਹਿਲਾਂ ਦਿੱਤੀ ਜਾਂਦੀ ਸੱਤ ਹਜ਼ਾਰ ਰੁਪਏ ਅਖੰਡ ਜਾਪ ਭੇਟ ਨੂੰ ਵਧਾ ਕੇ ਅੱਠ ਹਜ਼ਾਰ ਰੁਪਏ ਕਰ ਦਿੱਤਾ ਗਿਆ ਹੈ, ਜਿਸ ਨਾਲ ਗ੍ਰੰਥੀ ਸਿੰਘਾਂ ਵਿਚ ਖੁਸ਼ੀ ਦੀ ਲਹਿਰ ਹੈ। ਇਸ ਮੌਕੇ ਗ੍ਰੰਥੀ ਸਭਾ ਦੇ ਆਗੂ ਸ਼ਮਸ਼ੇਰ ਸਿੰਘ ਸ਼ੇਰਾ ਨੇ ਨਵੀਂ ਪ੍ਰਬੰਧਕ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਗੁਰੂ ਘਰ ਦੀ ਸੇਵਾ ਕਰਨ ਵਾਲੇ ਗ੍ਰੰਥੀ ਸਿੰਘਾਂ ਦਾ ਸਨਮਾਨ ਕਰਨਾ ਬਹੁਤ ਹੀ ਪੁੰਨ ਦਾ ਕਾਰਜ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਮਹਿੰਗਾਈ ਭਰੇ ਸਮੇਂ ਵਿਚ ਭੇਟਾਂ ਵਿਚ ਕੀਤਾ ਗਿਆ, ਇਹ ਵਾਧਾ ਗ੍ਰੰਥੀ ਸਿੰਘਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਬਹੁਤ ਜ਼ਰੂਰੀ ਅਤੇ ਰਾਹਤ ਭਰਿਆ ਕਦਮ ਹੈ। ਉਨ੍ਹਾਂ ਇਸ ਧਾਰਮਿਕ ਅਸਥਾਨ ਦੀ ਸੇਵਾ-ਸੰਭਾਲ ਅਤੇ ਪ੍ਰਬੰਧ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਨਵੀਂ ਪ੍ਰਬੰਧਕ ਕਮੇਟੀ ਦੇ ਨਾਲ-ਨਾਲ ਪ੍ਰਸ਼ਾਸਨ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਕਿਉਂਕਿ ਇਸ ਪਵਿੱਤਰ ਅਸਥਾਨ ਦੀ ਸੇਵਾ ਅਤੇ ਪ੍ਰਬੰਧ ਪ੍ਰਸ਼ਾਸਨ ਦੀ ਦੇਖ-ਰੇਖ ਹੇਠ ਚੱਲ ਰਿਹਾ ਹੈ, ਇਸ ਲਈ ਪ੍ਰਸ਼ਾਸਨ ਵੱਲੋਂ ਦਿੱਤਾ ਜਾ ਰਿਹਾ ਸਹਿਯੋਗ ਵੀ ਬਹੁਤ ਸ਼ਲਾਘਾਯੋਗ ਹੈ। ਗ੍ਰੰਥੀ ਸਿੰਘਾਂ ਨੇ ਵੀ ਸਮੂਹ ਸੰਗਤ, ਪ੍ਰਬੰਧਕ ਕਮੇਟੀ ਅਤੇ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਗੁਰੂ ਸਾਹਿਬ ਦੀ ਬਖ਼ਸ਼ਿਸ਼ ਅਤੇ ਸੰਗਤਾਂ ਦੇ ਸਹਿਯੋਗ ਨਾਲ ਪੂਰੀ ਨਿਸ਼ਠਾ ਅਤੇ ਸਮਰਪਣ ਭਾਵਨਾ ਨਾਲ ਗੁਰੂ ਘਰ ਦੀ ਸੇਵਾ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਨਾਲ ਸੇਵਾ ਨਿਭਾ ਰਹੇ ਗ੍ਰੰਥੀ ਸਿੰਘਾਂ ਦਾ ਮਨੋਬਲ ਹੋਰ ਉੱਚਾ ਹੋਵੇਗਾ ਅਤੇ ਉਹ ਗੁਰਬਾਣੀ ਦੇ ਪ੍ਰਚਾਰ-ਪ੍ਰਸਾਰ ਅਤੇ ਸੰਗਤ ਦੀ ਸੇਵਾ ਹੋਰ ਵੱਧ ਤਨਦੇਹੀ ਨਾਲ ਨਿਭਾਉਣਗੇ। ਸਮੂਹ ਸੰਗਤ ਨੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਤਪ ਅਸਥਾਨ ਬਾਬਾ ਤੁਲਸੀ ਦਾਸ ਜੀ ਝੁੱਗੀ ਵਾਲਿਆਂ ’ਤੇ ਸਦਾ ਆਪਣੀ ਮੇਹਰ ਭਰੀ ਨਜ਼ਰ ਬਣਾਈ ਰੱਖਣ ਅਤੇ ਪ੍ਰਬੰਧਕ ਕਮੇਟੀ, ਪ੍ਰਸ਼ਾਸਨ ਅਤੇ ਸਮੂਹ ਸੇਵਾਦਾਰਾਂ ਨੂੰ ਚੜ੍ਹਦੀ ਕਲਾ ’ਚ ਰੱਖਦਿਆਂ ਗੁਰੂ ਘਰ ਦੀ ਸੇਵਾ ਕਰਨ ਦੀ ਹੋਰ ਸ਼ਕਤੀ ਬਖਸ਼ਣ।