- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਲਾਕੇ ਦੀ ਨਾਮਵਰ ਸਿੱਖਿਆ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ ਨਿਹਾਲ ਸਿੰਘ ਵਾਲਾ: ਇਲਾਕੇ ਦੀ ਨਾਮਵਰ ਸਿੱਖਿਆ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਦੇ ਪ੍ਰਬੰਧਕਾਂ ਵੱਲੋਂ ਆਪਣੇ ਅਦਾਰੇ ਦੇ ਬੱਚਿਆਂ ਨੂੰ ਗਰਮੀ ਦੀਆਂ ਛੁੱਟੀਆਂ ਦੌਰਾਨ ਸਮੇਂ ਦੀ ਸੁਚੱਜੀ ਵਰਤੋਂ ਕਰਨ ਦੇ ਨੁਕਤੇ ਵੈਬੀਨਾਰ ਰਾਹੀਂ ਸਮਝਾਏ ਗਏ। ਪ੍ਰਿੰਸੀਪਲ ਗੁਰਪ੍ਰੀਤ ਕੌਰ ਨੇ ਕਿਹਾ ਕਿ ਗਰਮੀ ਦੌਰਾਨ ਦੁਪਹਿਰ ਸਮੇਂ ਬਾਹਰ ਨਾ ਨਿਕਲਿਆ ਜਾਵੇ। ਸਵੇਰ ਅਤੇ ਸ਼ਾਮ ਸਮੇਂ ਹੀ ਬਾਹਰ ਖੇਡਣ ਲਈ ਨਿਕਲਿਆ ਜਾਵੇ। ਉਨ੍ਹਾਂ ਨੇ ਗਰਮੀ ਦੌਰਾਨ ਸੂਤੀ ਤੇ ਢਿੱਲੇ ਕੱਪੜੇ ਪਹਿਨਣ ਅਤੇ ਦਿਨ ਵਿਚ ਦੋ ਵਾਰ ਨਹਾਉਣ ਦੀ ਸਲਾਹ ਦਿੱਤੀ। ਮੈਨੇਜਿੰਗ ਡਾਇਰੈਕਟਰ ਪ੍ਰਿੰਸੀਪਲ ਮਹਿੰਦਰ ਕੌਰ ਢਿੱਲੋਂ ਨੇ ਕਿਹਾ ਕਿ ਸਮਾਂ ਬੇਹੱਦ ਕੀਮਤੀ ਹੈ ਜੋ ਇਕ ਵਾਰ ਬੀਤਣ ਉਪਰੰਤ ਵਾਪਸ ਨਹੀਂ ਆਉਂਦਾ। ਇਸ ਲਈ ਛੁੱਟੀਆਂ ਦੇ ਮਿਲੇ ਕੰਮ ਨੂੰ ਵਧੀਆ ਢੰਗ ਨਾਲ ਕਰਨਾ ਜ਼ਰੂਰੀ ਹੈ। ਉਨ੍ਹਾਂ ਨੇ ਬੱਚਿਆਂ ਨੂੰ ਮਾਪਿਆਂ ਨਾਲ ਉਨ੍ਹਾਂ ਦੇ ਕੰਮਾਂ ਵਿਚ ਹੱਥ ਵਟਾਉਣ ਦੀ ਤਾਕੀਦ ਵੀ ਕੀਤੀ। ਬਾਨੀ ਪ੍ਰਿੰਸੀਪਲ ਭੁਪਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਛੁੱਟੀਆਂ ਦੌਰਾਨ ਸੂਝਵਾਨ ਬੱਚੇ ਕੋਈ ਨਾ ਕੋਈ ਸਕਿਲ ਸਿੱਖ ਕੇ ਆਪਣਾ ਭਵਿੱਖ ਰੌਸ਼ਨ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜਿਸ ਇਨਸਾਨ ਕੋਲ ਕੋਈ ਗੁਣ ਹੁੰਦਾ ਹੈ ਉਹ ਜ਼ਿੰਦਗੀ ਵਿਚ ਮਾਰ ਨਹੀਂ ਖਾਂਦਾ। ਵਾਈਸ ਪ੍ਰਿੰਸੀਪਲ ਮੀਨਾ ਜੈਨ ਨੇ ਬੱਚਿਆਂ ਨੂੰ ਤੇਜ਼ ਧੁੱਪ ਦੌਰਾਨ ਘਰੇ ਰਹਿ ਕੇ ਸਕੂਲ ਦੇ ਨਿਰਧਾਰਤ ਪਾਠਕ੍ਰਮ ਦੀ ਤਿਆਰੀ ਕਰਨ ਦੇ ਨਾਲੋ-ਨਾਲ ਚੰਗੀਆਂ ਪੁਸਤਕਾਂ ਪੜ੍ਹਨ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਵਧੀਆ ਕਿਤਾਬਾਂ ਸੱਚੇ ਦੋਸਤਾਂ ਵਾਂਗ ਜੀਵਨ ਪੰਧ ਦੌਰਾਨ ਸਾਡਾ ਮਾਰਗ ਦਰਸ਼ਨ ਕਰਨ ਵਿਚ ਸਹਾਈ ਹੁੰਦੀਆਂ ਹਨ। ਸੁਨਿਧੀ ਮਿੱਤਲ ਨੇ ਕਿਹਾ ਕਿ ਜੇਕਰ ਕਿਸੇ ਬੱਚੇ ਨੂੰ ਛੁੱਟੀਆਂ ਦੌਰਾਨ ਪੜ੍ਹਾਈ ਵਿਚ ਕੋਈ ਦਿੱਕਤ ਆਉਂਦੀ ਹੋਵੇ ਤਾਂ ਉਹ ਆਨ ਲਾਈਨ ਆਪਣੇ ਸੁਹਿਰਦ ਅਧਿਆਪਕਾਂ ਨਾਲ ਸੰਪਰਕ ਕਰਕੇ ਉਨ੍ਹਾਂ ਤੋਂ ਯੋਗ ਅਗਵਾਈ ਲੈ ਸਕਦਾ ਹੈ। ਪ੍ਰੋਗਰਾਮ ਅਫ਼ਸਰ ਗੁਰਚਰਨ ਸਿੰਘ ਰਾਮਾਂ ਨੇ ਤੇਜ ਧੁੱਪ ਦੌਰਾਨ ਆਪਣੇ ਆਪ ਨੂੰ ਮਹਿਫੂਜ ਰੱਖਣ ਲਈ ਵੱਧ ਤੋਂ ਵੱਧ ਪਾਣੀ ਪੀਣ ਅਤੇ ਘਰ ਦੀ ਬਣੀ ਲੱਸੀ ਪੀਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਤੰਦਰੁਸਤ ਰਹਿਣ ਲਈ ਫਾਸਟ ਫੂਡ ਅਤੇ ਬਜ਼ਾਰੂ ਚੀਜਾਂ ਦੇ ਸੇਵਨ ਤੋਂ ਦੂਰ ਰਹਿਣ ਦੀ ਤਾਕੀਦ ਕੀਤੀ।