ਧੀਆਂ ਦੀ ਸਿੱਖਿਆ ਲਈ ਸਮਾਜ ਇਕਜੁੱਟ ਹੋਵੇ : ਜਿੰਦਲ ਐੱਸਐੱਫਸੀ ਜਿੰਦਲ ਗਰੁੱਪ ਦੇ ਚੇਅਰਮੈਨ
Publish Date: Mon, 13 Jul 2026 04:59 PM (IST)
Updated Date: Mon, 13 Jul 2026 05:00 PM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ ਮੋਗਾ : ਐੱਸਐੱਫਸੀ ਜਿੰਦਲ ਗਰੁੱਪ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਅਭਿਸ਼ੇਕ ਜਿੰਦਲ ਨੇ ਦੇਸ਼ ਭਰ ਦੀਆਂ ਵਿਦਿਆਰਥਣਾਂ ਨੂੰ ਦਰਪੇਸ਼ ਸਮੱਸਿਆਵਾਂ ਤੇ ਡੂੰਘੀ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਕਿਸੇ ਵੀ ਦੇਸ਼ ਦੀ ਤਰੱਕੀ ਉਸ ਵੇਲੇ ਹੀ ਸੰਭਵ ਹੈ ਜਦੋਂ ਉਸ ਦੀਆਂ ਧੀਆਂ ਨੂੰ ਸੁਰੱਖਿਅਤ, ਬਰਾਬਰ ਅਤੇ ਗੁਣਵੱਤਾ ਵਾਲੀ ਸਿੱਖਿਆ ਦੇ ਮੌਕੇ ਪ੍ਰਾਪਤ ਹੋਣ। ਉਨ੍ਹਾਂ ਕਿਹਾ ਕਿ ਸਿੱਖਿਆ ਸਿਰਫ਼ ਇਕ ਹੱਕ ਹੀ ਨਹੀਂ, ਸਗੋਂ ਦੇਸ਼ ਦੇ ਉਜਵਲ ਭਵਿੱਖ ਦੀ ਨੀਂਹ ਹੈ ਅਤੇ ਇਸ ਨੂੰ ਯਕੀਨੀ ਬਣਾਉਣਾ ਪੂਰੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਦੇਸ਼ ਦੇ ਕਈ ਹਿੱਸਿਆਂ ਵਿਚ ਲੱਖਾਂ ਧੀਆਂ ਸੁਰੱਖਿਆ ਦੀ ਕਮੀ, ਆਰਥਿਕ ਤੰਗੀ, ਸਮਾਜਿਕ ਰੁੜੀਆਂ, ਘੱਟ ਉਮਰ ਦੇ ਵਿਆਹ ਅਤੇ ਸਿੱਖਿਆ ਲਈ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਦੀ ਘਾਟ ਕਾਰਨ ਆਪਣੀ ਪੜ੍ਹਾਈ ਵਿਚਕਾਰ ਹੀ ਛੱਡਣ ਲਈ ਮਜਬੂਰ ਹੋ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਇਕ ਵਿਦਿਆਰਥਣ ਨੂੰ ਸੁਰੱਖਿਅਤ ਮਾਹੌਲ ਨਹੀਂ ਮਿਲੇਗਾ ਤਾਂ ਉਹ ਆਪਣੀ ਯੋਗਤਾ ਅਨੁਸਾਰ ਅੱਗੇ ਨਹੀਂ ਵੱਧ ਸਕੇਗੀ। ਉਨ੍ਹਾਂ ਨੇ ਪਰਿਵਾਰਾਂ ਵਿਚ ਅਜੇ ਵੀ ਮੌਜੂਦ ਲਿੰਗ ਭੇਦਭਾਵ, ਧੀਆਂ ਦੀ ਸਿੱਖਿਆ ਨੂੰ ਘੱਟ ਤਰਜੀਹ ਦੇਣ ਦੀ ਸੋਚ, ਕਰੀਅਰ ਗਾਈਡੈਂਸ ਦੀ ਘਾਟ ਅਤੇ ਡਿਜੀਟਲ ਸਾਧਨਾਂ ਦੀ ਕਮੀ ਨੂੰ ਵੀ ਗੰਭੀਰ ਮੁੱਦੇ ਦੱਸਿਆ। ਅਭਿਸ਼ੇਕ ਜਿੰਦਲ ਨੇ ਕਿਹਾ ਜੇਕਰ ਅਸੀਂ ਆਪਣੀ ਅੱਧੀ ਆਬਾਦੀ ਨੂੰ ਪਿੱਛੇ ਛੱਡ ਦੇਵਾਂਗੇ ਤਾਂ ਦੇਸ਼ ਕਦੇ ਵੀ ਵਿਕਾਸ ਦੀਆਂ ਨਵੀਆਂ ਉਚਾਈਆਂ ਨੂੰ ਹਾਸਲ ਨਹੀਂ ਕਰ ਸਕੇਗਾ। ਇਸ ਮੌਕੇ ਉਨ੍ਹਾਂ ਐਲਾਨ ਕੀਤਾ ਕਿ ਐੱਸਐੱਫਸੀ ਜਿੰਦਲ ਗਰੁੱਪ ਅਤੇ ਇਸ ਦਾ ਬ੍ਰਾਂਡ ਲਕਸਾਰੋ–ਟਾਈਲ ਐਡਹੇਸਿਵ, ਟਾਈਲਸ ਅਤੇ ਬਾਥਵੇਅਰ ਧੀਆਂ ਦੀ ਸਿੱਖਿਆ ਅਤੇ ਸਸ਼ਕਤੀਕਰਨ ਲਈ ਕਈ ਸਮਾਜਿਕ ਪਹਿਲਕਦਮੀਆਂ ਸ਼ੁਰੂ ਕਰੇਗਾ। ਇਨ੍ਹਾਂ ਵਿਚ ਮੈਰਿਟ ਵਾਲੀਆਂ ਵਿਦਿਆਰਥਣਾਂ ਲਈ ਸਕਾਲਰਸ਼ਿਪ ਯੋਜਨਾਵਾਂ, ਸਰਕਾਰੀ ਸਕੂਲਾਂ ਵਿਚ ਟਾਇਲਟ ਅਤੇ ਸੈਨੇਟਰੀ ਸਹੂਲਤਾਂ ਦਾ ਵਿਕਾਸ, ਮੁਫ਼ਤ ਕਰੀਅਰ ਕਾਉਂਸਲਿੰਗ, ਸਕਿੱਲ ਡਿਵੈਲਪਮੈਂਟ ਵਰਕਸ਼ਾਪਾਂ, ਡਿਜੀਟਲ ਲਰਨਿੰਗ ਕਿੱਟਾਂ ਦੀ ਉਪਲਬਧਤਾ ਅਤੇ ਮਾਪਿਆਂ ਤੇ ਪਿੰਡਾਂ ਦੀਆਂ ਪੰਚਾਇਤਾਂ ਨਾਲ ਜਾਗਰੂਕਤਾ ਮੁਹਿੰਮਾਂ ਸ਼ਾਮਲ ਹੋਣਗੀਆਂ। ਅੰਤ ਵਿਚ ਅਭਿਸ਼ੇਕ ਜਿੰਦਲ ਨੇ ਭਾਵੁਕ ਸ਼ਬਦਾਂ ਵਿਚ ਕਿਹਾ ਜਦੋਂ ਅਸੀਂ ਇਕ ਕੁੜੀ ਨੂੰ ਪੜ੍ਹਾਉਂਦੇ ਹਾਂ, ਤਾਂ ਅਸੀਂ ਸਿਰਫ਼ ਇਕ ਵਿਅਕਤੀ ਨਹੀਂ, ਸਗੋਂ ਇਕ ਪੂਰੀ ਪੀੜ੍ਹੀ ਨੂੰ ਸਿੱਖਿਆ ਦੇ ਰਹੇ ਹੁੰਦੇ ਹਾਂ। ਆਓ ਅੱਜ ਇਹ ਸੰਕਲਪ ਲਈਏ ਕਿ ਹਰ ਧੀ ਨੂੰ ਸੁਰੱਖਿਆ, ਸਨਮਾਨ, ਬਰਾਬਰੀ ਅਤੇ ਅੱਗੇ ਵੱਧਣ ਦੇ ਉਹ ਸਾਰੇ ਮੌਕੇ ਮਿਲਣ ਜਿਨ੍ਹਾਂ ਦੀ ਉਹ ਹੱਕਦਾਰ ਹੈ।