ਸਿੰਘਾਂਵਾਲਾ ਦਾ ਸਾਲਾਨਾ ਮੇਲਾ ਅਮਿੱਟ ਯਾਦਾਂ ਛੱਡਦਾ ਸਮਾਪਤ
ਮੋਗਾ ਨਜ਼ਦੀਕ ਪਿੰਡ ਸਿੰਘਾਂਵਾਲਾ
Publish Date: Mon, 22 Jun 2026 03:42 PM (IST)
Updated Date: Tue, 23 Jun 2026 04:01 AM (IST)

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ : ਮੋਗਾ ਨਜ਼ਦੀਕ ਪਿੰਡ ਸਿੰਘਾਂਵਾਲਾ ਸਥਿਤ ਡੇਰਾ ਬਾਬਾ ਸਾਈ ਤੱਕੀਆ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮੁੱਖ ਸੇਵਾਦਾਰ ਬਾਬਾ ਕੁਲਵਿੰਦਰ ਸਾਬਰੀ ਅਤੇ ਸਮੂਹ ਡੇਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸਲਾਨਾ ਰੋਸ਼ਨੀ ਤੇ ਸੱਭਿਆਚਾਰਕ ਮੇਲਾ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਦੋ ਦਿਨ ਚੱਲੇ ਇਸ ਮੇਲੇ ਵਿਚ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਅਤੇ ਕਲਾਕਾਰਾਂ ਨੇ ਸ਼ਮੂਲੀਅਤ ਕੀਤੀ। ਮੇਲੇ ਦੇ ਪਹਿਲੇ ਦਿਨ ਬਾਬਾ ਹਜ਼ਰਤ ਰੈਲੇ ਸ਼ਾਹ ਅਤੇ ਬਾਬਾ ਸ਼ੇਰ ਸ਼ਾਹ ਵਲੀ ਦੀ ਦਰਗਾਹ ਤੇ ਝੰਡਾ ਪੂਜਨ ਅਤੇ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ। ਇਸ ਉਪਰੰਤ ਸ਼ਾਮ ਨੂੰ ਸੂਫੀਆਨਾ ਕਵਾਲੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਪ੍ਰਸਿੱਧ ਕਵਾਲਾਂ ਨੇ ਆਪਣੀ ਕਲਾ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਮੇਲੇ ਦੇ ਆਖ਼ਰੀ ਦਿਨ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਦੀ ਸ਼ੁਰੂਆਤ ਬਾਬਾ ਕੁਲਵਿੰਦਰ ਸਾਬਰੀ ਅਤੇ ਵਿਸ਼ੇਸ਼ ਤੌਰ ਤੇ ਪਹੁੰਚੇ ਬਾਬਾ ਰਾਜਾ ਚਿਸਤੀ ਸਾਬਰੀ ਨੇ ਅਰਦਾਸ ਉਪਰੰਤ ਕੀਤੀ। ਇਸ ਮੌਕੇ ਪੰਜਾਬ ਦੇ ਪ੍ਰਸਿੱਧ ਕਲਾਕਾਰ ਕਮਲ ਭਿੰਡਰ, ਨੀਲਮ ਭਿੰਡਰ, ਮੀਤ ਗੁਰਨਾਮ, ਨੀਸਾ ਖਹਿਰਾ, ਰੇਸ਼ਮ ਸਿਕੰਦਰ, ਬੇਅੰਤ ਕੌਰ, ਬੱਬਲ ਬਰਾੜ ਅਤੇ ਸਨਾਜਦੀਪ ਕੌਰ ਨੇ ਆਪਣੇ ਗੀਤਾਂ ਰਾਹੀਂ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਸਮਾਗਮ ਦੀ ਖ਼ਾਸ ਖਿੱਚ ਪੰਜਾਬ ਦੇ ਨਾਮਵਰ ਗਾਇਕ ਦੀਪ ਢਿੱਲੋਂ ਅਤੇ ਜੈਸਮੀਨ ਜੱਸੀ ਦੀ ਦੋਗਾਣਾ ਜੋੜੀ ਰਹੀ। ਇਸ ਦੌਰਾਨ ਗਾਇਕ ਦੀਪ ਢਿੱਲੋਂ ਨੇ ਆਪਣੇ ਪ੍ਰਸਿੱਧ ਗੀਤਾਂ ਦੀ ਪੇਸ਼ਕਾਰੀ ਨਾਲ ਦਰਸ਼ਕਾਂ ਨੂੰ ਕੀਲਿਆ ਅਤੇ ਲੰਬੇ ਸਮੇਂ ਤੱਕ ਪੰਡਾਲ ਵਿਚ ਰੌਣਕ ਬਣਾਈ ਰੱਖੀ। ਇਸ ਮੌਕੇ ਡੇਰਾ ਬਾਬਾ ਸਾਈ ਤੱਕੀਆ ਦੇ ਮੁੱਖ ਸੇਵਾਦਾਰ ਬਾਬਾ ਕੁਲਵਿੰਦਰ ਸਾਬਰੀ, ਪ੍ਰਧਾਨ ਗੋਲਾ ਸਿੰਘ, ਗਗਨ ਸੰਧੂ ਅਤੇ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਕਲਾਕਾਰਾਂ, ਸਮਾਜ ਸੇਵੀਆਂ ਅਤੇ ਮੇਲੇ ਨੂੰ ਸਫ਼ਲ ਬਣਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨ ਚਿੰਨ੍ਹ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਅੰਤ ਵਿਚ ਬਾਬਾ ਕੁਲਵਿੰਦਰ ਸਾਬਰੀ ਨੇ ਸਮੂਹ ਸੰਗਤਾਂ, ਪਿੰਡ ਵਾਸੀਆਂ, ਐੱਨਆਰਆਈ ਭਰਾਵਾਂ ਅਤੇ ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਧਾਰਮਿਕ ਤੇ ਸੱਭਿਆਚਾਰਕ ਮੇਲੇ ਲੋਕਾਂ ਦੇ ਸਹਿਯੋਗ ਨਾਲ ਹੀ ਸਫ਼ਲ ਹੁੰਦੇ ਹਨ। ਉਨ੍ਹਾਂ ਭਵਿੱਖ ਵਿਚ ਇਸ ਮੇਲੇ ਨੂੰ ਹੋਰ ਵਿਸ਼ਾਲ ਅਤੇ ਸੁਚੱਜੇ ਢੰਗ ਨਾਲ ਕਰਵਾਉਣ ਦਾ ਭਰੋਸਾ ਵੀ ਦਿੱਤਾ। ਇਸ ਤੋਂ ਉਪਰੰਤ ਡੇਰਾ ਬਾਬਾ ਸਾਈ ਤਕੀਆ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਲਾ ਸਿੰਘ ਨੇ ਵੀ ਸੰਗਤਾਂ ਨੂੰ ਮੇਲੇ ਵਿਚ ਪਹੁੰਚਣ ’ਤੇ ਜੀ ਆਇਆਂ ਆਖਿਆ ਅਤੇ ਕਿਹਾ ਕਿ ਇਹ ਮੇਲਾ ਸਮੂਹ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਿਰਫ ਸੰਗਤਾਂ ਦਾ ਅਤੇ ਦਾਨੀ ਸੱਜਣਾਂ ਦਾ ਸਹਿਯੋਗ ਚਾਹੀਦਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਇਸ ਮੇਲੇ ਨੂੰ ਮਾਲਵੇ ਦਾ ਨਹੀਂ ਬਲਕਿ ਪੰਜਾਬ ਦੇ ਮੇਲਿਆਂ ’ਚੋਂ ਇਕ ਨੰਬਰ ਦਾ ਮੇਲਾ ਬਣਾਇਆ ਜਾਵੇਗਾ। ਸਮਾਗਮ ਦੇ ਅੰਤ ਵਿਚ ਵਿਸ਼ੇਸ਼ ਮਹਿਮਾਨ ਬਾਬਾ ਰਾਜਾ ਚਿਸਤੀ ਸਾਬਰੀ ਨੇ ਵੀ ਸਮੂਹ ਨਗਰ ਨਿਵਾਸੀਆਂ ਅਤੇ ਡੇਰਾ ਪ੍ਰਬੰਧਕ ਕਮੇਟੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਪਿੰਡ ਸਿੰਘਾਂਵਾਲਾ ਦਾ ਇਹ ਮੇਲਾ ਹੁਣ ਮਾਲਵੇ ਦੇ ਪ੍ਰਮੁੱਖ ਧਾਰਮਿਕ ਅਤੇ ਸੱਭਿਆਚਾਰਕ ਮੇਲਿਆਂ ਵਿਚ ਆਪਣੀ ਵਿਲੱਖਣ ਪਛਾਣ ਬਣਾ ਚੁੱਕਾ ਹੈ। ਇਸ ਮੇਲੇ ਨੂੰ ਕਰਵਾਉਣ ਲਈ ਗੋਲਾ ਸਿੰਘ ਪ੍ਰਧਾਨ, ਗਗਨ ਸੰਧੂ ਪ੍ਰਧਾਨ, ਸੁਖਦੀਪ ਸਿੰਘ ,ਸੁਖਚੈਨ ਸਿੰਘ ਮੰਨਾ ਸਿੰਘ, ਚੰਨਾ ਸਿੰਘ, ਸੁੱਖ, ਹਰਮਨ ਸਿੰਘ, ਲੱਬਾ ਸਿੰਘ , ਅੰਗਰੇਜ ਸਿੰਘ ਸੰਘਾ ਡਰੌਲੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹੋਰ ਸੇਵਾਦਾਰਾਂ ਨੇ ਇਸ ਮੇਲੇ ਨੂੰ ਕਰਾਉਣ ਲਈ ਆਪਣੀ ਅਹਿੰਮ ਭੂਮਿਕਾ ਨਿਭਾਈ।