ਪਿੰਡ ਸਿੰਘਾਂਵਾਲਾ ਦਾ ਰੌਸ਼ਨੀ ਤੇ ਸੱਭਿਆਚਾਰਕ ਮੇਲਾ ਕੱਲ੍ਹ ਤੋਂ ਸ਼ੁਰੂ
ਮੋਗਾ ਨੇੜਲੇ ਪਿੰਡ ਸਿੰਘਾਂਵਾਲਾ
Publish Date: Tue, 16 Jun 2026 05:28 PM (IST)
Updated Date: Wed, 17 Jun 2026 04:03 AM (IST)

18 ਜੂਨ ਨੂੰ ਹੋਵੇਗੀ ਝੰਡਾ ਪੂਜਨ ਅਤੇ ਚਾਦਰ ਚੜਾਉਣ ਦੀ ਰਸਮ: ਸਾਈ ਕੁਲਵਿੰਦਰ ਸਾਬਰੀ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਮੋਗਾ : ਮੋਗਾ ਨੇੜਲੇ ਪਿੰਡ ਸਿੰਘਾਂਵਾਲਾ ਸਥਿਤ ਡੇਰਾ ਬਾਬਾ ਸਾਈ ਤਕੀਆ ਵਿਖੇ ਬਾਬਾ ਹਜ਼ਰਤ ਰੈਲੇ ਸ਼ਾਹ ਜੀ ਅਤੇ ਬਾਬਾ ਸ਼ੇਰ ਸ਼ਾਹ ਵਲੀ ਜੀ ਦੀ ਯਾਦ ਨੂੰ ਸਮਰਪਿਤ ਸਲਾਨਾ ਰੌਸ਼ਨੀ ਅਤੇ ਸੱਭਿਆਚਾਰਕ ਮੇਲਾ 18 ਅਤੇ 19 ਜੂਨ ਨੂੰ ਬੜੀ ਸ਼ਰਧਾ, ਭਾਵਨਾ ਅਤੇ ਸਤਿਕਾਰ ਨਾਲ ਕਰਵਾਇਆ ਜਾ ਰਿਹਾ ਹੈ। ਇਹ ਮੇਲਾ ਡੇਰਾ ਬਾਬਾ ਸਾਈ ਤਕੀਆ ਦੇ ਮੁੱਖ ਸੇਵਾਦਾਰ ਸਾਈ ਕੁਲਵਿੰਦਰ ਸਾਬਰੀ, ਸਮਾਜ ਸੇਵਾ ਸੰਸਥਾ ਡੇਰਾ ਬਾਬਾ ਸਾਈ ਤਕੀਆ ਪ੍ਰਬੰਧਕ ਕਮੇਟੀ, ਸਮੂਹ ਗ੍ਰਾਂਮ ਪੰਚਾਇਤ, ਨਗਰ ਨਿਵਾਸੀਆਂ ਅਤੇ ਐੱਨਆਰਆਈ ਭਰਾਵਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵੱਡੇ ਪੱਧਰ ਤੇ ਕਰਵਾਇਆ ਜਾਵੇਗਾ। ਮੇਲੇ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਾਈ ਕੁਲਵਿੰਦਰ ਸਾਬਰੀ ਨੇ ਦੱਸਿਆ ਕਿ 18 ਜੂਨ ਨੂੰ ਝੰਡੇ ਅਤੇ ਚਾਦਰ ਚੜ੍ਹਾਉਣ ਦੀ ਰਸਮ ਪੰਜਾਬ ਦੇ ਕੋਨੇ-ਕੋਨੇ ਤੋਂ ਪੁੱਜਣ ਵਾਲੇ ਫ਼ਕੀਰਾਂ ਅਤੇ ਡੇਰਾ ਪ੍ਰਬੰਧਕ ਕਮੇਟੀ ਵੱਲੋਂ ਅਦਾ ਕੀਤੀ ਜਾਵੇਗੀ। ਇਸ ਤੋਂ ਬਾਅਦ ਸ਼ਾਮ 7 ਵਜੇ ਤੋਂ ਰਾਤ 10 ਵਜੇ ਤੱਕ ਸੂਫੀਆਨਾ ਕਵਾਲੀ ਪ੍ਰੋਗਰਾਮ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ 19 ਜੂਨ ਨੂੰ ਸੱਭਿਆਚਾਰਕ ਮੇਲਾ ਕਰਵਾਇਆ ਜਾਵੇਗਾ, ਜਿਸ ਵਿਚ ਪੰਜਾਬ ਦੇ ਨਾਮਵਰ ਗਾਇਕ ਅਤੇ ਕਲਾਕਾਰ ਦੀਪ ਢਿੱਲੋਂ, ਜੈਸਮੀਨ ਜੱਸੀ, ਮੀਤ ਗੁਰਨਾਮ, ਨੀਸ਼ਾ ਖਹਿਰਾ, ਰੇਸ਼ਮ ਸਿਕੰਦਰ, ਬੇਅੰਤ ਕੌਰ, ਬੱਬਲ ਬਰਾੜ, ਸਨਾਜਦੀਪ ਕੌਰ ਤੋਂ ਕਮਲ ਭਿੰਡਰ-ਨੀਲਮ ਭਿੰਡਰ ਦੀ ਦੋਗਾਣਾ ਜੋੜੀ ਆਪਣੇ ਗੀਤਾਂ ਰਾਹੀਂ ਸਰੋਤਿਆਂ ਦਾ ਭਰਪੂਰ ਮਨੋਰੰਜਨ ਕਰੇਗੀ। ਇਸ ਮੌਕੇ ਡੇਰਾ ਬਾਬਾ ਸਾਈ ਤਕੀਆ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਲਾ ਸਿੰਘ, ਗਗਨ ਸੰਧੂ, ਸੁਖਦੀਪ ਸਿੰਘ, ਚਰਨਜੀਤ ਸਿੰਘ ਚੰਨਾ ਅਤੇ ਗੋਲੂ ਗਿੱਲ ਨੇ ਕਿਹਾ ਕਿ ਮੇਲੇ ਦੌਰਾਨ ਨਸ਼ਾ ਕਰਕੇ ਆਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੇਕਰ ਕੋਈ ਵਿਅਕਤੀ ਨਸ਼ੇ ਦੀ ਹਾਲਤ ਵਿਚ ਪਾਇਆ ਗਿਆ ਤਾਂ ਉਸ ਖ਼ਿਲਾਫ਼ ਕਮੇਟੀ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸੰਗਤਾਂ ਦੇ ਬੈਠਣ ਲਈ ਵਿਸ਼ਾਲ ਪੰਡਾਲ ਅਤੇ ਹੋਰ ਸਾਰੀਆਂ ਲੋੜੀਂਦੀਆਂ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ। ਸਮਾਗਮ ਦੇ ਅੰਤ ਵਿਚ ਮੇਲੇ ਨੂੰ ਸਫ਼ਲ ਬਣਾਉਣ ਵਿਚ ਯੋਗਦਾਨ ਪਾਉਣ ਵਾਲੇ ਦਾਨੀ ਸੱਜਣਾਂ ਅਤੇ ਪੁੱਜੇ ਹੋਏ ਫ਼ਕੀਰਾਂ-ਸਾਧੂਆਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਜਾਵੇਗਾ।