- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼

ਵਕੀਲ ਮਹਿਰੋਂ ਪੰਜਾਬੀ ਜਾਗਰਣ ਮੋਗਾ : ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਦੀ ਸੈਂਟਰ ਬਾਡੀ ਦੀ ਮੀਟਿੰਗ ਬਾਈ ਨੱਛਤਰ ਧਾਲੀਵਾਲ ਭਵਨ ਵਿਚ ਦੀਦਾਰ ਸਿੰਘ ਮੰਡ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਸੂਬੇ ਭਰ ਤੋਂ ਆਏ ਯੂਨੀਅਨ ਆਗੂਆਂ ਅਤੇ ਮੈਂਬਰਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਅਤੇ ਪੰਜਾਬ ਰੋਡਵੇਜ਼, ਮੁਲਾਜ਼ਮ ਹੱਕਾਂ ਅਤੇ ਮੌਜੂਦਾ ਸਿਆਸੀ ਹਾਲਾਤਾਂ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ। ਇਸ ਮੌਕੇ ਯੂਨੀਅਨ ਦੇ ਚੇਅਰਮੈਨ ਜਗਦੀਸ਼ ਸਿੰਘ ਚਾਹਲ ਅਤੇ ਸੀਨੀਅਰ ਆਗੂ ਗੁਰਜੰਟ ਕੋਕਰੀ ਨੇ ਸਬੋਧਨ ਕਰਦਿਆਂ ਕਿਹਾ ਕਿ ਚੋਣਾਂ ਦੇ ਐਨ ਨਜ਼ਦੀਕ ਆਉਣ ਕਾਰਨ ਸਰਕਾਰ ਕੁਝ ਸਰਗਰਮ ਤਾਂ ਦਿਖਾਈ ਦੇ ਰਹੀ ਹੈ, ਪਰ ਕਿਸਾਨਾਂ, ਮੁਲਾਜ਼ਮਾਂ ਅਤੇ ਮਜ਼ਦੂਰ ਵਰਗ ਨਾਲ ਜੁੜੇ ਬੁਨਿਆਦੀ ਮਸਲਿਆਂ ਨੂੰ ਪਹਿਲਾਂ ਹੀ ਗੰਭੀਰਤਾ ਨਾਲ ਸੁਣ ਕੇ ਹੱਲ ਕੀਤਾ ਜਾ ਸਕਦਾ ਸੀ। ਆਗੂਆਂ ਨੇ ਖਾਸ ਤੌਰ ‘ਤੇ ਪੰਜਾਬ ਰੋਡਵੇਜ਼ ਵਿਭਾਗ ਦੀ ਮੰਦਹਾਲੀ ‘ਤੇ ਚਿੰਤਾ ਜਤਾਉਂਦਿਆਂ ਕਿਹਾ ਕਿ ਇਹ ਅਦਾਰਾ ਰੋਜ਼ਾਨਾ ਸਰਕਾਰ ਲਈ ਵੱਡੀ ਆਮਦਨ ਦਾ ਸਰੋਤ ਹੈ, ਪਰ ਇਸਦੇ ਬਾਵਜੂਦ ਇਸਨੂੰ ਪੂਰੀ ਤਰ੍ਹਾਂ ਅਣਡਿੱਠਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਮੁਫ਼ਤ ਸਕੀਮਾਂ ਜਾਂ ਰਿਉੜੀਆਂ ਵੰਡਣ ਨਾਲ ਸੂਬੇ ਦੀ ਆਰਥਿਕਤਾ ਨੂੰ ਮੁੜ ਮਜ਼ਬੂਤ ਨਹੀਂ ਕੀਤਾ ਜਾ ਸਕਦਾ। ਯੂਨੀਅਨ ਦੇ ਸਕੱਤਰ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪਿਛਲੇ ਦਿਨੀਂ ਚੰਡੀਗੜ੍ਹ ਵਿਖੇ ਮੁੱਖ ਦਫਤਰ ਵਿਚ ਡਾਇਰੈਕਟਰ ਨਾਲ ਜਥੇਬੰਦੀ ਦੀ ਵਿਸ਼ੇਸ਼ ਮੀਟਿੰਗ ਹੋਈ ਸੀ। ਇਸ ਮੌਕੇ ਉੱਚ ਅਧਿਕਾਰੀਆਂ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਮੌਤ ਹੋ ਚੁੱਕੇ 38 ਮੁਲਾਜ਼ਮਾਂ ਦੇ ਵਾਰਸਾਂ ਨੂੰ ਤਰਸ ਅਧਾਰ ‘ਤੇ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਇਸਦੇ ਨਾਲ ਹੀ 384 ਨਵੀਆਂ ਬੱਸਾਂ ਜਲਦ ਹੀ ਪੰਜਾਬ ਰੋਡਵੇਜ਼ ਦੇ ਬੇੜੇ ਵਿਚ ਸ਼ਾਮਲ ਕੀਤੀਆਂ ਜਾਣਗੀਆਂ, ਜਿਸ ਨਾਲ ਯਾਤਰੀਆਂ ਨੂੰ ਵਧੀਆ ਸਹੂਲਤਾਂ ਮਿਲਣ ਦੀ ਉਮੀਦ ਹੈ। ਮੀਟਿੰਗ ਦੌਰਾਨ ਆਉਣ ਵਾਲੇ ਪ੍ਰੋਗਰਾਮਾਂ ਬਾਰੇ ਵੀ ਮਹੱਤਵਪੂਰਨ ਐਲਾਨ ਕੀਤੇ ਗਏ। ਜਥੇਬੰਦੀ ਵੱਲੋਂ 27 ਜੂਨ ਨੂੰ ਬਾਈ ਬਲਵਿੰਦਰ ਸੰਧੂ ਦੀ ਬਰਸੀ ਮੋਗਾ ਵਿਖੇ ਸ਼ਰਧਾ ਨਾਲ ਮਨਾਈ ਜਾਵੇਗੀ। ਇਸ ਤੋਂ ਇਲਾਵਾ 4 ਜੁਲਾਈ ਨੂੰ ਪੁਰਾਣੀ ਪੈਨਸ਼ਨ ਬਹਾਲੀ ਸਾਂਝਾ ਮੰਚ ਦੀ ਵੱਡੀ ਕਨਵੈਨਸ਼ਨ ਮੋਗਾ ਵਿਚ ਕੀਤੀ ਜਾਵੇਗੀ, ਜਿਸ ਵਿਚ ਵੱਡੀ ਗਿਣਤੀ ਵਿਚ ਮੁਲਾਜ਼ਮਾਂ ਅਤੇ ਆਗੂਆਂ ਦੀ ਸ਼ਮੂਲੀਅਤ ਦੀ ਉਮੀਦ ਜਤਾਈ ਗਈ। ਇਸ ਮੀਟਿੰਗ ਵਿਚ ਬਲਵਿੰਦਰ ਛੀਨਾ, ਅੰਗਰੇਜ ਸਿੰਘ ਮੁਕਤਸਰ, ਬਲਰਾਜ ਭੰਗੂ, ਗੁਰਜੀਤ ਸਿੰਘ ਜਲੰਧਰ, ਅਜੈ ਸਨੋਤਰਾ, ਨਵਦੀਪ ਤਰਨਤਾਰਨ, ਹਰਬੰਸ ਲੁਧਿਆਣਾ ਹਾਜ਼ਰ ਸਨ।