- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਵਾਂ-ਧੀਆਂ ਦਾ ਸਤਿਕਾਰ ਯੋਜਨਾ

ਵਕੀਲ ਮਹਿਰੋਂ, ਪੰਜਾਬੀ ਜਾਗਰਣ
ਮੋਗਾ : ਕਾਂਗਰਸ ਸੂਬੇ ਦੀਆਂ ਔਰਤਾਂ ਨੂੰ ਦਿੱਤੀ ਜਾਣ ਵਾਲੀ ‘ਮਾਵਾਂ-ਧੀਆਂ ਦਾ ਸਤਿਕਾਰ ਯੋਜਨਾ’ ਤਹਿਤ ਆਰਥਿਕ ਸਹਾਇਤਾ ਦੇਣ ਦੇ ਖ਼ਿਲਾਫ਼ ਨਹੀਂ ਹੈ। ਸਾਡਾ ਸਿਰਫ਼ ਇਕ ਹੀ ਸਵਾਲ ਹੈ ਕਿ 2022 ਦੀਆਂ ਚੋਣਾਂ ਦੌਰਾਨ ਕੀਤਾ ਵਾਅਦਾ ਪੂਰਾ ਕਰਨ ਵਿਚ ਸਾਢੇ ਚਾਰ ਸਾਲ ਕਿਉਂ ਲੱਗ ਗਏ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰਧਾਨ ਹਰੀ ਸਿੰਘ ਖਾਈ ਜ਼ਿਲ੍ਹਾ ਕਾਂਗਰਸ ਕਮੇਟੀ ਮੋਗਾ ਨੇ ਕਿਹਾ ਕਿ ‘ਆਪ’ ਨੇ ਚੋਣਾਂ ਨੇੜੇ ਵੇਖ ਥੋੜ੍ਹੇ-ਥੋੜ੍ਹੇ ਪੈਸੇ ਖ਼ਾਤਿਆਂ ’ਚ ਪਾ ਕੇ ਪੰਜਾਬ ਦੀਆਂ ਔਰਤਾਂ ਨਾਲ ਧੋਖਾ ਕੀਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਵੇਲੇ ਪੰਜਾਬ ਦੀ ਹਰ ਔਰਤ ਨੂੰ ਹਰ ਮਹੀਨੇ 1,000 ਦੇਣ ਦਾ ਵਾਅਦਾ ਕੀਤਾ ਸੀ। ਇਸ ਦਾ ਮਤਲਬ ਸੀ ਕਿ ਇਕ ਔਰਤ ਨੂੰ ਪੰਜ ਸਾਲਾਂ ਵਿਚ 60,000 ਮਿਲਣੇ ਸਨ ਪਰ ਅੱਜ ਸਰਕਾਰ ਆਪਣੇ ਕਾਰਜਕਾਲ ਦੇ ਆਖ਼ਰੀ ਪੜਾਅ ਵਿਚ ਇਹ ਯੋਜਨਾ ਸ਼ੁਰੂ ਕਰ ਰਹੀ ਹੈ। ਇਸ ਕਾਰਨ ਪੰਜਾਬ ਦੀਆਂ ਲੱਖਾਂ ਔਰਤਾਂ 40,000 ਤੋਂ 50,000 ਤੱਕ ਦੀ ਉਸ ਰਕਮ ਤੋਂ ਵਾਂਝੀਆਂ ਰਹਿ ਗਈਆਂ, ਜੋ ਉਨ੍ਹਾਂ ਨੂੰ ਸਮੇਂ ਸਿਰ ਮਿਲ ਸਕਦੀ ਸੀ। ਪ੍ਰਧਾਨ ਹਰੀ ਸਿੰਘ ਖਾਈ ਨੇ ਕਿਹਾ ਕਿ ਜੇਕਰ ਹੁਣ ਅਨੁਸੂਚਿਤ ਜਾਤੀ ਦੀਆਂ ਔਰਤਾਂ ਨੂੰ ਹਰ ਮਹੀਨੇ 1,500 ਦਿੱਤੇ ਜਾ ਰਹੇ ਹਨ ਤਾਂ ਵੀ ਸਵਾਲ ਉਹੀ ਹੈ ਜੇ ਇਹ ਯੋਜਨਾ 2022 ਵਿਚ ਹੀ ਸ਼ੁਰੂ ਹੋ ਜਾਂਦੀ ਤਾਂ ਇਕ ਔਰਤ ਨੂੰ ਪੰਜ ਸਾਲਾਂ ਵਿਚ 90,000 ਤੱਕ ਦਾ ਲਾਭ ਮਿਲ ਸਕਦਾ ਸੀ। ਹੁਣ ਕਾਰਜਕਾਲ ਦੇ ਆਖ਼ਰੀ ਮਹੀਨਿਆਂ ਵਿਚ ਯੋਜਨਾ ਸ਼ੁਰੂ ਕਰ ਕੇ ਸਰਕਾਰ ਔਰਤਾਂ ਦੇ ਹੋਏ ਇਸ ਨੁਕਸਾਨ ਦਾ ਜਵਾਬ ਦੇਵੇ।
ਉਨ੍ਹਾਂ ਕਿਹਾ ਕਿ ਮੀਡੀਆ ਰਿਪੋਰਟਾਂ ਅਨੁਸਾਰ ਪੰਜਾਬ ਸਰਕਾਰ ਦੂਜੀ ਤਿਮਾਹੀ ਵਿਚ ਕਰੀਬ 13,900 ਕਰੋੜ ਦਾ ਨਵਾਂ ਕਰਜ਼ਾ ਲੈਣ ਜਾ ਰਹੀ ਹੈ, ਜਿਸ ਵਿਚ ਇਸ ਯੋਜਨਾ ਲਈ ਵੀ ਵੱਡੀ ਰਕਮ ਦਾ ਪ੍ਰਬੰਧ ਦੱਸਿਆ ਜਾ ਰਿਹਾ ਹੈ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕਰਜ਼ਾ ਤਾਂ ਲਗਾਤਾਰ ਵਧਦਾ ਰਿਹਾ ਪਰ ਚੋਣ ਵਾਅਦਾ ਫਿਰ ਵੀ ਸਮੇਂ ਸਿਰ ਪੂਰਾ ਕਿਉਂ ਨਹੀਂ ਕੀਤਾ ਗਿਆ ਜੇ ਸਰਕਾਰ ਨੂੰ ਕਰਜ਼ਾ ਹੀ ਲੈਣਾ ਸੀ ਤਾਂ ਸਭ ਤੋਂ ਪਹਿਲਾਂ ਮਾਵਾਂ-ਭੈਣਾਂ ਨਾਲ ਕੀਤਾ ਵਾਅਦਾ ਕਿਉਂ ਨਹੀਂ ਨਿਭਾਇਆ ਗਿਆ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਪਿਛਲੇ ਚਾਰ ਸਾਲਾਂ ਵਿਚ ਹਜ਼ਾਰਾਂ ਕਰੋੜ ਰੁਪਏ ਦਾ ਕਰਜ਼ਾ ਲੈਣ ਦੇ ਬਾਵਜੂਦ ਔਰਤਾਂ ਦੀ ਇਹ ਯੋਜਨਾ ਕਿਉਂ ਟਾਲੀ ਗਈ। ਕੀ ਸਰਕਾਰ ਦੀ ਪਹਿਲ ਲੋਕ ਸਨ ਜਾਂ ਆਪਣੀ ਛਵੀ ਚਮਕਾਉਣ ਲਈ ਇਸ਼ਤਿਹਾਰ ਅਤੇ ਪ੍ਰਚਾਰ। ਉਨ੍ਹਾਂ ਕਿਹਾ ਕਿ ਪੰਜਾਬ ਪਹਿਲਾਂ ਹੀ ਕਰੀਬ 4 ਲੱਖ ਕਰੋੜ ਤੋਂ ਵੱਧ ਦੇ ਕਰਜ਼ੇ ਹੇਠ ਦੱਬਿਆ ਹੋਇਆ ਹੈ। ਇਸ ਦੇ ਬਾਵਜੂਦ ਸਰਕਾਰ ਇਕ ਤੋਂ ਬਾਅਦ ਇਕ ਨਵਾਂ ਕਰਜ਼ਾ ਲੈ ਰਹੀ ਹੈ। ਸਵਾਲ ਇਹ ਹੈ ਕਿ ਪੰਜਾਬ ਨੂੰ ਕਰਜ਼ੇ ਵਿੱਚ ਡੁੱਬੋਣ ਦੇ ਬਾਵਜੂਦ ਵੀ ਲੋਕਾਂ ਨਾਲ ਕੀਤੇ ਵਾਅਦੇ ਸਮੇਂ ਸਿਰ ਕਿਉਂ ਨਹੀਂ ਨਿਭਾਏ ਗਏ। ਉਨ੍ਹਾਂ ਕਿਹਾ ਜੇ ਸਰਕਾਰ ਕੋਲ ਇਸ਼ਤਿਹਾਰਾਂ, ਵੱਡੇ-ਵੱਡੇ ਸਰਕਾਰੀ ਸਮਾਗਮਾਂ, ਹੈਲੀਕਾਪਟਰ ਯਾਤਰਾਵਾਂ ਅਤੇ ਪ੍ਰਚਾਰ ਮੁਹਿੰਮਾਂ 'ਤੇ ਖਰਚ ਕਰਨ ਲਈ ਪੈਸਾ ਸੀ ਤਾਂ ਔਰਤਾਂ ਨੂੰ ਉਨ੍ਹਾਂ ਦਾ ਹੱਕ ਦੇਣ ਲਈ ਪੈਸਾ ਕਿਉਂ ਨਹੀਂ ਸੀ, ਪੰਜਾਬ ਦੀਆਂ ਮਾਵਾਂ-ਭੈਣਾਂ ਦਾ ਸਤਿਕਾਰ ਮੰਚ ਸਜਾ ਕੇ, ਹੋਰਡਿੰਗ ਲਗਾ ਕੇ ਅਤੇ ਇਸ਼ਤਿਹਾਰ ਦੇ ਕੇ ਨਹੀਂ, ਸਗੋਂ ਸਮੇਂ ਸਿਰ ਕੀਤਾ ਵਾਅਦਾ ਨਿਭਾ ਕੇ ਹੁੰਦਾ ਹੈ। ਪ੍ਰਧਾਨ ਖਾਈ ਨੇ ਕਿਹਾ ਕਿ ਆਉਣ ਵਾਲੀਆਂ 2027 ਦੀਆਂ ਚੋਣਾਂ ਵਿਚ ਲੋਕ ਆਮ ਆਦਮੀ ਪਾਰਟੀ ਨੂੰ ਚੱਲਦਾ ਕਰਨ ਲਈ ਤਿਆਰ ਹਨ ਅਤੇ ਕਾਂਗਰਸ ਪਾਰਟੀ ਪੂਰਨ ਬਹੁਮਤ ਨਾਲ ਆਪਣੀ ਸਰਕਾਰ ਬਣਾ ਕੇ ਹਰ ਵਰਗ ਦੀਆਂ ਸਮੱਸਿਆਵਾਂ ਨੂੰ ਦੂਰ ਕਰੇਗੀ ਅਤੇ ਲੋੜਵੰਦਾਂ ਨੂੰ ਵੱਡੀਆਂ ਸਹੂਲਤਾਂ ਵੀ ਦੇਵੇਗੀ।