ਔਰਤ ਦੇ ਨਾਂ 'ਤੇ ਕਲੰਕ ! ਨਨਾਣ ਦੀ 12 ਸਾਲਾ ਧੀ ਨੂੰ ਪਤੀ ਦੇ ਦੋਸਤਾਂ ਸਾਹਮਣੇ ਪਰੋਸਿਆ; ਇੰਝ ਖੁੱਲ੍ਹਿਆ ਭਾਬੀ ਦਾ ਰਾਜ਼
ਪੀੜਤਾ ਦੀ ਮਾਂ ਨੇ ਦੋਸ਼ ਲਾਇਆ ਕਿ 15 ਸਤੰਬਰ 2026 ਨੂੰ ਜੋਰਾ ਸਿੰਘ ਨੇ ਵੀਡੀਓ ਜਨਤਕ ਕਰਨ ਦੀ ਧਮਕੀ ਦੇ ਕੇ ਇਕ ਵਾਰ ਫਿਰ ਬੱਚੀ ਨਾਲ ਜਬਰ ਜਨਾਹ ਕੀਤਾ। ਲਗਾਤਾਰ ਮਿਲ ਰਹੀਆਂ ਧਮਕੀਆਂ ਤੇ ਤੰਗ ਕਰਨ ਤੋਂ ਪਰੇਸ਼ਾਨ ਹੋ ਕੇ ਆਖ਼ਿਰਕਾਰ ਨਾਬਾਲਗ ਨੇ ਆਪਣੀ ਮਾਂ ਨੂੰ ਪੂਰੀ ਘਟਨਾ ਬਾਰੇ ਦੱਸਿਆ।
Publish Date: Fri, 30 Oct 2026 12:46 PM (IST)
Updated Date: Fri, 30 Oct 2026 02:30 PM (IST)
ਸੰਵਾਦ ਸਹਿਯੋਗੀ, ਮੋਗਾ : ਮੋਗਾ 'ਚ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲਾ ਬੇਹੱਦ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਇਕ ਔਰਤ ਨੇ ਆਪਣੇ ਪਤੀ ਦੇ ਦੋ ਦੋਸਤਾਂ ਨਾਲ ਮਿਲ ਕੇ ਆਪਣੀ ਨਨਾਣ ਦੀ 12 ਸਾਲਾ ਧੀ ਨੂੰ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਬਣਾਇਆ। ਇਸ ਦੌਰਾਨ ਇਕ ਮੁਲਜ਼ਮ ਨੇ ਘਟਨਾ ਦੀ ਅਸ਼ਲੀਲ ਵੀਡੀਓ ਵੀ ਬਣਾ ਲਈ। ਬਾਅਦ 'ਚ ਇਸੇ ਵੀਡੀਓ ਨੂੰ ਜਨਤਕ ਕਰਨ ਦੀ ਧਮਕੀ ਦੇ ਕੇ ਨਾਬਾਲਗ ਨੂੰ ਬਲੈਕਮੇਲ ਕੀਤਾ ਗਿਆ ਤੇ ਉਸ ਨਾਲ ਦੁਬਾਰਾ ਜਬਰ ਜਨਾਹ ਕੀਤਾ ਗਿਆ। ਪੀੜਤਾ ਦੀ ਮਾਂ ਦੀ ਸ਼ਿਕਾਇਤ 'ਤੇ ਥਾਣਾ ਸਿਟੀ ਵਨ ਪੁਲਿਸ ਨੇ ਮੁੱਖ ਮੁਲਜ਼ਮ ਔਰਤ ਸਮੇਤ ਤਿੰਨ ਲੋਕਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਤਬੀਅਤ ਖ਼ਰਾਬ ਹੋਣ ਕਾਰਨ ਨਾਨਕੇ ਛੱਡੀ ਸੀ ਬੱਚੀ
ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਪੀੜਤਾ ਦੀ ਮਾਂ ਨੇ ਦੱਸਿਆ ਕਿ ਉਸ ਦੀ ਮਾਂ ਦੀ ਤਬੀਅਤ ਖ਼ਰਾਬ ਰਹਿਣ ਕਾਰਨ ਉਸ ਨੇ ਆਪਣੀ 12 ਸਾਲਾ ਧੀ ਨੂੰ ਮੋਗਾ ਸਥਿਤ ਨਾਨਕੇ ਘਰ ਨਾਨੀ ਦੀ ਦੇਖਭਾਲ ਲਈ ਛੱਡਿਆ ਹੋਇਆ ਸੀ। ਇਸੇ ਦੌਰਾਨ ਉਸ ਦੇ ਭਰਾ-ਭਰਜਾਈ ਨਾਲ ਜੁੜੇ ਘਟਨਾਕ੍ਰਮ 'ਚ ਭਰਾ ਦੇ ਦੋ ਦੋਸਤ ਜੋਰਾ ਸਿੰਘ ਤੇ ਕਾਕਾ ਸਿੰਘ 8 ਅਪ੍ਰੈਲ ਨੂੰ ਘਰ ਆਏ ਅਤੇ ਉੱਥੇ ਹੀ ਠਹਿਰੇ।
ਸ਼ਿਕਾਇਤ ਮੁਤਾਬਕ, ਰਾਤ ਸਮੇਂ ਭਰਜਾਈ ਦੇ ਕਹਿਣ 'ਤੇ ਜੋਰਾ ਸਿੰਘ ਨੇ ਨਾਬਾਲਗ ਨਾਲ ਜ਼ਬਰਦਸਤੀ ਕੀਤੀ, ਜਦਕਿ ਕਾਕਾ ਸਿੰਘ ਨੇ ਕਥਿਤ ਤੌਰ 'ਤੇ ਇਸ ਪੂਰੀ ਘਟਨਾ ਦੀ ਵੀਡੀਓ ਬਣਾ ਲਈ। ਇਸ ਤੋਂ ਬਾਅਦ ਮੁਲਜ਼ਮਾਂ ਨੇ ਵੀਡੀਓ ਦੇ ਆਧਾਰ 'ਤੇ ਬੱਚੀ ਨੂੰ ਡਰਾਉਣਾ-ਧਮਕਾਉਣਾ ਸ਼ੁਰੂ ਕਰ ਦਿੱਤਾ ਤੇ ਕਿਸੇ ਨੂੰ ਦੱਸਣ 'ਤੇ ਇਸ ਨੂੰ ਵਾਇਰਲ ਕਰਨ ਦੀ ਧਮਕੀ ਦਿੱਤੀ।
ਵੀਡੀਓ ਦਿਖਾ ਕੇ ਵਾਰ-ਵਾਰ ਕਰਦੇ ਰਹੇ ਬਲੈਕਮੇਲ
ਪੀੜਤਾ ਦੀ ਮਾਂ ਨੇ ਦੋਸ਼ ਲਾਇਆ ਕਿ 15 ਸਤੰਬਰ 2026 ਨੂੰ ਜੋਰਾ ਸਿੰਘ ਨੇ ਵੀਡੀਓ ਜਨਤਕ ਕਰਨ ਦੀ ਧਮਕੀ ਦੇ ਕੇ ਇਕ ਵਾਰ ਫਿਰ ਬੱਚੀ ਨਾਲ ਜਬਰ ਜਨਾਹ ਕੀਤਾ। ਲਗਾਤਾਰ ਮਿਲ ਰਹੀਆਂ ਧਮਕੀਆਂ ਤੇ ਤੰਗ ਕਰਨ ਤੋਂ ਪਰੇਸ਼ਾਨ ਹੋ ਕੇ ਆਖ਼ਿਰਕਾਰ ਨਾਬਾਲਗ ਨੇ ਆਪਣੀ ਮਾਂ ਨੂੰ ਪੂਰੀ ਘਟਨਾ ਬਾਰੇ ਦੱਸਿਆ। ਇਸ ਤੋਂ ਬਾਅਦ ਪਰਿਵਾਰ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ। ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਔਰਤ ਅਤੇ ਉਸ ਦੇ ਦੋਵੇਂ ਸਾਥੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।