- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਭਰ ਵਿਚ ਬਰਸਾਤੀ ਨਾਲਿਆਂ

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ : ਪੰਜਾਬ ਭਰ ਵਿਚ ਬਰਸਾਤੀ ਨਾਲਿਆਂ (ਡਰੇਨਾ) ਦੀ ਖੁਦਾਈ ਕੀਤੀ ਗਈ ਸੀ ਕਿ ਜੇਕਰ ਜਿਆਦਾ ਬਾਰਿਸ਼ ਹੁੰਦੀ ਹੈ ਤਾਂ ਪਿੰਡਾਂ ਸਮੇਤ ਖੇਤਾਂ ਦਾ ਪਾਣੀ ਇਨ੍ਹਾਂ ਡਰੇਨਾਂ ਰਾਹੀਂ ਕੱਢਿਆ ਜਾ ਸਕੇ ਅਤੇ ਕਿਸਾਨਾਂ ਤੇ ਆਮ ਲੋਕਾਂ ਦਾ ਕੋਈ ਨੁਕਸਾਨ ਨਾ ਹੋਵੇੇ। ਪ੍ਰੰਤੂ ਇਨ੍ਹਾਂ ਡਰੇਨਾ ਨੇ ਉਲਟਾ ਬਾਰਿਸ਼ ਦੇ ਸਮੇਂ ਦੌਰਾਨ ਸੈਂਕੜੇ ਕਿਸਾਨਾਂ ਦੀ ਹਜਾਰਾਂ ਏਕੜ ਝੋਨੇ ਦੀ ਫਸਲ ਨੂੰ ਬਰਬਾਦ ਕਰਨਾ ਸ਼ੁਰੂ ਕਰ ਦਿੱਤਾ ਹੈ। ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਦੇ ਦਰਜਨਾਂ ਪਿੰਡਾਂ ਵਿਚ ਦੀ ਲੰਘ ਰਹੀ ਚੰਦ ਭਾਨ ਡਰੇਨ ਵੀ ਸਫਾਈ ਪੱਖੋਂ ਕਿਸਾਨਾਂ ਲਈ ਮੁਸੀਬਤ ਬਣ ਚੁੱਕੀ ਹੈ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਬੇਅੰਤ ਸਿੰਘ ਮੱਲੇਆਣਾ, ਚਮਕੌਰ ਸਿੰਘ ਰੋਡੇ ਅਤੇ ਸਿੰਦਰ ਸਿੰਘ ਨੇ ਦੱਸਿਆ ਕਿ ਆਉਣ ਵਾਲਾ ਸਮਾਂ ਬਰਸਾਤਾਂ ਦਾ ਹੈ ਕਿਉਂਕਿ ਜੂਨ ਜੁਲਾਈ ਦੇ ਮਹੀਨੇ ਦੌਰਾਨ ਮੌਨਸੂਨ ਪੌਣਾ ਪੰਜਾਬ ਵਿਚ ਦਸਤਕ ਦੇ ਦਿੰਦੀਆਂ ਹਨ। ਮੌਨਸੂਨ ਆਉਣ ਦੌਰਾਨ ਵੱਡੀ ਪੱਧਰ ਤੇ ਬਰਸਾਤ ਹੁੰਦੀ ਹੈ, ਜਿਸ ਕਾਰਨ ਵਾਧੂ ਪਾਣੀ ਨੂੰ ਜਾਂ ਬਰਸਾਤੀ ਪਾਣੀ ਨੂੰ ਕਿਸਾਨਾਂ ਦੀ ਫ਼ਸਲਾਂ ਨੂੰ ਤਹਿਸ-ਨਹਿਸ ਹੋਣ ਤੋਂ ਬਚਾਉਣ ਲਈ ਡਰੇਨਾ ਬਣਾਈਾਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਪ੍ਰੰਤੂ ਇਨ੍ਹਾਂ ਡਰੇਨਾਂ ਦੀ ਸਫ਼ਾਈ ਵੱਲ ਪੰਜਾਬ ਸਰਕਾਰ ਅਤੇ ਡਰੇਨ ਵਿਭਾਗ ਦਾ ਕੋਈ ਧਿਆਨ ਨਹੀਂ ਹੈ। ਪਿੰਡ ਲੋਪੋਂ ਤੇ ਮੱਲੇਆਣਾ ਦੇ ਪਿੰਡਾਂ ਦੇ ਵਿਚਕਾਰ ਦੀ ਜੋ ਚੰਦਭਾਨ ਡਰੇਨ ਜਾਂਦੀ ਹੈ, ਉਹ ਜੰਗਲੀ ਬੂਟੀ ਨਾਲ ਬੇਹੱਦ ਭਰੀ ਹੋਈ ਹੈ, ਜੇਕਰ ਆਉਣ ਵਾਲੇ ਸਮੇਂ ਦੌਰਾਨ ਬਰਸਾਤ ਹੁੰਦੀ ਹੈ ਤਾਂ ਇਹ ਡਰੇਨ ਵੱਡੀ ਪੱਧਰ ਤੇ ਕਿਸਾਨਾਂ ਦੀਆਂ ਫ਼ਸਲਾਂ ਤਬਾਹ ਕਰੇਗੀ। ਉਨ੍ਹਾਂ ਦੱਸਿਆ ਕਿ ਹਰ ਬਾਰ ਸਰਕਾਰ ਅਤੇ ਵਿਭਾਗ ਨੂੰ ਇਨ੍ਹਾਂ ਡਰੇਨਾਂ ਦੀ ਸਾਫ ਸਫਾਈ ਬਾਰੇ ਯਾਦ ਕਰਵਾਉਣਾ ਪੈਂਦਾ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਡਰੇਨ ਵਿਭਾਗ ਤੋਂ ਮੰਗ ਕਰਦਿਆਂ ਕਿਹਾ ਕਿ ਚੰਦਭਾਨ ਡਰੇਨ ਤੇ ਬਲਾਕ ਨਿਹਾਲ ਸਿੰਘ ਵਾਲਾ ਦੀਆਂ ਜਿੰਨੀਆਂ ਵੀ ਡਰੇਨਾਂ ਹਨ, ਉਨ੍ਹਾਂ ਦੀ ਤੁਰੰਤ ਸਫਾਈ ਹੋਣੀ ਚਾਹੀਦੀ ਹੈ ਕਿਉਂਕਿ ਭਾਖੜਾ ਡੈਮ ਪਹਿਲਾਂ ਹੀ ਓਵਰ-ਫਲੋਅ ਹੈ, ਕਿਸੇ ਵੀ ਸਮੇਂ ਹੜ੍ਹਾਂ ਦੀ ਸਥਿਤੀ ਬਣ ਸਕਦੀ ਹੈ। ਜੇਕਰ ਬਲਾਕ ਨਿਹਾਲ ਸਿੰਘ ਵਾਲਾ ਦੀਆਂ ਡਰੇਨਾਂ ਦੀ ਸਫ਼ਾਈ ਤੁਰੰਤ ਨਾ ਕੀਤੀ ਗਈ ਤਾਂ ਮਜਬੂਰਨ ਕਿਰਤੀ ਕਿਸਾਨ ਯੂਨੀਅਨ ਵੱਲੋਂ ਪੰਜਾਬ ਸਰਕਾਰ ਖਿਲਾਫ਼ ਸੰਘਰਸ਼ ਵਿੱਢਿਆ ਜਾਵੇਗਾ।
ਪਿਛਲੇ ਵਰ੍ਹੇ ਸੈਕੜੇ ਏਕੜ ਫਸਲ ਹੋਈ ਪ੍ਰਭਾਵਿਤ
ਇੱਥੇ ਜਿਰਕਯੋਗ ਹੈ ਕਿ ਜ਼ਿਲ੍ਹੇ ਭਰ ਵਿਚ ਦਰਜਨ ਤੋਂ ਵੱਧ ਡਰੇਨ ਲੰਘ ਰਹੀਆਂ ਹਨ ਜੋ ਸਫਾਈ ਪੱਖੋਂ ਊਣੀਆਂ ਹਨ, ਡਰੇਨ ਵਿਭਾਗ ਨੇ ਇਨ੍ਹਾਂ ਡਰੇਨਾ ਵਿਚ ਉੱਗੀ ਕੇਲਾ ਬੂਟੀ ਨੂੰ ਸਾਫ ਤੱਕ ਨਹੀਂ ਕੀਤਾ ਅਤੇ ਪਿਛਲੇ ਵਰ੍ਹੇ ਬਾਰਿਸ਼ਾਂ ਕਾਰਨ ਜਮ੍ਹਾਂ ਹੋਈ ਮਿੱਟੀ ਤੱਕ ਨਹੀਂ ਕੱਢੀ ਜੋ ਕਿਸੇੇ ਸਮੇਂ ਵੀ ਬਾਰਿਸ਼ਾਂ ਦੇ ਦਿਨਾਂ ਵਿਚ ਕਿਸਾਨਾਂ ਲਈ ਵੱਡੀ ਮੁਸੀਬਤ ਖੜੀ ਕਰ ਸਕਦੀ ਹੈ। ਦੱਸ ਦਈਏ ਕਿ ਚੰਦ ਭਾਨ ਡਰੇਨ ਸਮੇਤ ਹੋਰ ਵੀ ਡਰੇਨਾ ਰਾਹੀਂ ਪਿਛਲੇ ਵਰ੍ਹੇ ਬਾਰਿਸ਼ਾਂ ਜਿਆਦਾ ਹੋਣ ਕਰਕੇ ਡਰੇਨ ਓਵਰ ਫਲੋ ਹੋਣ ਕਾਰਨ ਸੈਂਕੜੇ ਕਿਸਾਨਾਂ ਦੀ ਹਜਾਰਾਂ ਏਕੜ ਝੋਨੇ ਅਤੇ ਹਰੇ ਚਾਰੇ ਦੀ ਫਸਲ ਨੂੰ ਆਪਣੀ ਮਾਰ ਹੇ ਲੈ ਚੁੱਕੀਆਂ ਹਨ ਅਤੇ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਚੁੱਕਾ ਹੈ।