- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਨੁੱਖਤਾ ਦੀ ਸੇਵਾ ਨੂੰ ਸਮਰਪਿਤ

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸੋਸ਼ਲ ਵੈੱਲਫੇਅਰ ਕਲੱਬ (ਰਜਿ:) ਮੋਗਾ ਵੱਲੋਂ ਸ਼ਹਿਰ ਦੇ ਪ੍ਰੀਤ ਨਗਰ ਇਲਾਕੇ ਵਿਚ ਇਕ ਚੈਰੀਟੇਬਲ ਡਿਸਪੈਂਸਰੀ ਦੀ ਸ਼ੁਰੂਆਤ ਕੀਤੀ ਗਈ। ਇਸ ਡਿਸਪੈਂਸਰੀ ਦਾ ਉਦਘਾਟਨ ਆਈਐੱਸਐੱਫ਼ ਕਾਲਜ ਆਫ ਫਾਰਮੇਸੀ ਦੇ ਚੇਅਰਮੈਨ ਪ੍ਰਵੀਨ ਗਰਗ ਨੇ ਰਿਬਨ ਕੱਟ ਕੇ ਕੀਤਾ। ਇਸ ਮੌਕੇ ਚੇਅਰਮੈਨ ਪ੍ਰਵੀਨ ਗਰਗ ਨੇ ਕਲੱਬ ਦੇ ਇਸ ਸ਼ਲਾਘਾਯੋਗ ਉਪਰਾਲੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜਿਹੀਆਂ ਸਮਾਜ ਸੇਵੀ ਸੰਸਥਾਵਾਂ ਹੀ ਸਮਾਜ ਵਿਚ ਅਸਲ ਬਦਲਾਅ ਲਿਆਉਂਦੀਆਂ ਹਨ। ਉਨ੍ਹਾਂ ਭਵਿੱਖ ਵਿਚ ਵੀ ਕਲੱਬ ਦੇ ਕਾਰਜਾਂ ਵਿਚ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਡਾ. ਵੀਨਾ ਗੁਪਤਾ ਅਤੇ ਨਰੇਸ਼ ਮਹਿੰਦੀਰੱਤਾ ਨੇ ਵੀ ਕਲੱਬ ਦੀਆਂ ਸਮਾਜ ਸੇਵਾ ਗਤੀਵਿਧੀਆਂ ਦੀ ਭਰਪੂਰ ਸਰਾਹਨਾ ਕੀਤੀ। ਕਲੱਬ ਦੇ ਪ੍ਰਧਾਨ ਓਪੀ ਕੁਮਾਰ ਨੇ ਦੱਸਿਆ ਕਿ ਇਸ ਡਿਸਪੈਂਸਰੀ ਦਾ ਉਦੇਸ਼ ਇਲਾਕੇ ਦੇ ਲੋੜਵੰਦ ਲੋਕਾਂ ਨੂੰ ਸਸਤੀ ਅਤੇ ਸੌਖੀ ਸਿਹਤ ਸੇਵਾ ਉਪਲਬਧ ਕਰਵਾਉਣਾ ਹੈ। ਉਨ੍ਹਾਂ ਦੱਸਿਆ ਕਿ ਡਾ. ਸ਼ਕਤੀ ਗੁਰਪ੍ਰਸ਼ਾਦ ਜਿੰਦਲ ਹਰ ਰੋਜ਼ ਸ਼ਾਮ 5 ਵਜੇ ਤੋਂ 7 ਵਜੇ ਤੱਕ ਮਰੀਜ਼ਾਂ ਦੀ ਜਾਂਚ ਕਰਨਗੇ ਅਤੇ ਮਰੀਜ਼ਾਂ ਨੂੰ ਸਿਰਫ਼ 10 ਰੁਪਏ ਵਿਚ ਦਵਾਈ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਸੰਸਥਾ ਲਈ ਬਹੁਤ ਹੀ ਮਾਣ ਵਾਲਾ ਪਲ ਹੈ ਕਿਉਂਕਿ ਕਾਫ਼ੀ ਸਮੇਂ ਤੋਂ ਇਸ ਪ੍ਰੋਜੈਕਟ ਨੂੰ ਸ਼ੁਰੂ ਕਰਨ ਲਈ ਯੋਜਨਾਬੰਦੀ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਸੰਸਥਾ ਪਹਿਲਾਂ ਹੀ ਦੋ ਸਿਲਾਈ ਕੇਂਦਰ, ਬਿਊਟੀਸ਼ੀਅਨ ਸੈਂਟਰ, ਸਕੂਲਾਂ ਵਿਚ ਪਾਠ ਸਮੱਗਰੀ ਵੰਡਣ ਅਤੇ ਪਲਸ ਪੋਲਿਓ ਮੁਹਿੰਮ ਵਰਗੀਆਂ ਸਮਾਜ ਸੇਵੀ ਗਤੀਵਿਧੀਆਂ ਚਲਾ ਰਹੀ ਹੈ। ਹੁਣ ਸੰਸਥਾ ਵੱਲੋਂ ਇਕ ਕੰਪਿਊਟਰ ਸੈਂਟਰ ਸ਼ੁਰੂ ਕਰਨ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ, ਜੋ ਅੱਜ ਦੇ ਸਮੇਂ ਦੀ ਮਹੱਤਵਪੂਰਨ ਲੋੜ ਹੈ।ਸਮਾਗਮ ਦਾ ਮੰਚ ਸੰਚਾਲਨ ਪੀਐੱਸ ਚਾਹਲ ਨੇ ਕੀਤਾ। ਇਸ ਮੌਕੇ ਝਲਮਨ ਦਾਸ, ਅਜੈ ਸਿੰਗਲਾ, ਪ੍ਰੇਮ ਸਿੰਗਲ, ਪਵਨ ਸ਼ਰਮਾ, ਪੰਕਜ ਗੋਇਲ, ਕੈਲਾਸ਼ ਮੰਗਲਾ, ਸ਼ਮਨ ਬੰਸਲ, ਸੁਸ਼ੀਲ ਗਰਗ, ਗੁਰਪ੍ਰੀਤ ਸਿੰਘ, ਪਰਮਜੀਤ ਪੰਮਾ, ਵੇਨਿਕਾ ਗੋਇਲ, ਰਾਜਵਿੰਦਰ ਸਿੰਘ, ਰਾਜਬਿੰਦਰ ਸਿੰਘ, ਰਸ਼ਪਾਲ ਸਿੰਘ, ਸੁਰੇਸ਼ ਮਹਿੰਦੀਰੱਤਾ, ਬਲਵੰਤ ਸਿੰਘ, ਗੁਰਦੇਵ ਸਿੰਘ, ਅਸ਼ੋਕ ਨਰੂਲਾ, ਡਾ. ਦਿਨੇਸ਼ ਕੱਕੜ, ਰਜਿੰਦਰ ਵਿਕੀ, ਜੋਗਿੰਦਰ ਸਿੰਗਲਾ, ਮੰਗਤ ਸ਼ਰਮਾ, ਮੈਡਮ ਪ੍ਰੀਤੀ, ਮੈਡਮ ਦਲਜੀਤ ਕੌਰ ਸਮੇਤ ਕਲੱਬ ਦੇ ਕਈ ਮੈਂਬਰ ਹਾਜ਼ਰ ਸਨ।