ਛੁੱਟੀ ਵਾਲੇ ਦਿਨ ਕੰਮ ਦਾ ਫੁਰਮਾਨ: ਅਧਿਆਪਕ ਜਥੇਬੰਦੀਆਂ ਭੜਕੀਆਂ, ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਜ਼ੋਰਦਾਰ ਨਾਅਰੇਬਾਜ਼ੀ
ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਬਲਾਕ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਅਮਨਦੀਪ ਮਾਛੀਕੇ, ਸਕੱਤਰ ਗੁਰਮੀਤ ਝੋਰੜਾਂ ਅਤੇ ਮੀਤ ਪ੍ਰਧਾਨ ਸੁਖਜੀਤ ਕੁੱਸਾ ਨੇ ਕਿਹਾ ਕਿ ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਇਕ ਤੁਗਲਕੀ ਫੁਰਮਾਨ ਜਾਰੀ ਕੀਤਾ ਗਿਆ ਹੈ ਕਿ ਜਿਸ ਸਕੂਲ ਵਿਚ ਵੀ ਪੋਲਿੰਗ ਬੂਥ ਬਣੇ ਹੋਏ ਹਨ, ਉਸ ਸਕੂਲ ਦਾ ਸਾਰਾ ਸਟਾਫ਼ ਸਰਕਾਰੀ ਛੁੱਟੀ ਵਾਲੇ ਦਿਨ ਭਾਵ ਦੂਸਰੇ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਸਕੂਲ ’ਚ ਹਾਜ਼ਰ ਰਹੇਗਾ।
Publish Date: Sun, 12 Jul 2026 12:14 PM (IST)
Updated Date: Sun, 12 Jul 2026 12:20 PM (IST)
ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ। ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਬਲਾਕ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਅਮਨਦੀਪ ਮਾਛੀਕੇ, ਸਕੱਤਰ ਗੁਰਮੀਤ ਝੋਰੜਾਂ ਅਤੇ ਮੀਤ ਪ੍ਰਧਾਨ ਸੁਖਜੀਤ ਕੁੱਸਾ ਨੇ ਕਿਹਾ ਕਿ ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਇਕ ਤੁਗਲਕੀ ਫੁਰਮਾਨ ਜਾਰੀ ਕੀਤਾ ਗਿਆ ਹੈ ਕਿ ਜਿਸ ਸਕੂਲ ਵਿਚ ਵੀ ਪੋਲਿੰਗ ਬੂਥ ਬਣੇ ਹੋਏ ਹਨ, ਉਸ ਸਕੂਲ ਦਾ ਸਾਰਾ ਸਟਾਫ਼ ਸਰਕਾਰੀ ਛੁੱਟੀ ਵਾਲੇ ਦਿਨ ਭਾਵ ਦੂਸਰੇ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਸਕੂਲ ’ਚ ਹਾਜ਼ਰ ਰਹੇਗਾ।
ਇਸ ਦੇ ਵਿਰੋਧ ਵਜੋਂ ਬਲਾਕ ਨਿਹਾਲ ਸਿੰਘ ਵਾਲਾ ਦੇ ਵੱਖ-ਵੱਖ ਸਕੂਲਾਂ ’ਚ ਇਸ ਨਾਦਰਸ਼ਾਹੀ ਪੱਤਰ ਦੀਆਂ ਕਾਪੀਆਂ ਸਾੜ ਕੇ ਨਾਅਰੇਬਾਜ਼ੀ ਕੀਤੀ ਗਈ। ਆਗੂਆਂ ਨੇ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਹਰ ਵਾਰ ਸਟੇਜ ਤੋਂ ਇਹੀ ਰਾਗ ਅਲਾਪਦਾ ਹੈ ਕਿ ਅਸੀਂ ਅਧਿਆਪਕਾਂ ਤੋਂ ਪੜਾਉਣ ਤੋਂ ਬਿਨ੍ਹਾਂ ਕੋਈ ਵੀ ਹੋਰ ਕੰਮ ਨਹੀਂ ਲੈਂਦੇ ਪਰ ਹਕੀਕਤਾਂ ਇਸ ਬਿਆਨ ਦਾ ਮੂੰਹ ਚੜਾਉਂਦੀਆਂ ਹਨ।
ਪੰਜਾਬ ਦੇ ਹਰੇਕ ਸਕੂਲ ’ਚ ਵੱਡੇ ਪੱਧਰ ’ਤੇ ਅਧਿਆਪਕ ਗੈਰ ਵਿੱਦਿਅਕ ਕੰਮਾਂ ’ਚ ਉਲਝੇ ਹੋਏ ਹਨ ਅਤੇ ਮਾਨਸਿਕ ਤੌਰ ’ਤੇ ਪਰੇਸ਼ਾਨ ਹਨ। ਵੱਡੇ ਪੱਧਰ ’ਤੇ ਬੀਐੱਲਓ ਡਿਊਟੀਆਂ, ਐੱਸਆਈਆਰ ਡਿਊਟੀਆਂ, ਜਨਗਣਨਾ ਅਤੇ ਡਰੱਗ ਸਰਵੇਖਣ ਵਰਗੇ ਕੰਮ ਅਧਿਆਪਕਾਂ ਤੋਂ ਲਏ ਜਾਂਦੇ ਹਨ ਜਿਸ ਕਰਕੇ ਗਰੀਬ ਬੱਚਿਆਂ ਦੀ ਪੜ੍ਹਾਈ ਬੁਰੀ ਤਰ੍ਹਾਂ ਨੁਕਸਾਨੀ ਜਾਂਦੀ ਹੈ।
ਅਧਿਆਪਕ ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਤੁਰੰਤ ਇਸ ਨਾਦਰਸ਼ਾਹੀ ਪੱਤਰ ਨੂੰ ਵਾਪਸ ਲਵੇ ਅਤੇ ਅਧਿਆਪਕਾਂ ਤੋਂ ਪੜ੍ਹਾਉਣ ਤੋਂ ਬਿਨ੍ਹਾਂ ਹੋਰ ਕੋਈ ਵੀ ਕੰਮ ਨਾ ਲਿਆ ਜਾਵੇ। ਇਸ ਸਮੇਂ ਬਲਾਕ ਕਮੇਟੀ ਮੈਂਬਰ ਨਵਦੀਪ ਧੂੜਕੋਟ, ਸੁਖਜੀਤ ਕੁੱਸਾ, ਸੁਖਦੀਪ ਸਿੰਘ, ਰਣਦੀਪ ਸਿੰਘ, ਚਰਨਜੀਤ ਸਿੰਘ, ਜਸਵਿੰਦਰ ਸਿੰਘ, ਪਵਿੱਤਰ ਸਿੰਘ, ਮੈਡਮ ਮਨਦੀਪ ਕੌਰ, ਮੈਡਮ ਰਚਨਾ, ਜਸਵਿੰਦਰ ਕੌਰ, ਸੰਦੀਪ ਕੌਰ ਸਮੇਤ ਵੱਡੀ ਗਿਣਤੀ ਵਿਚ ਅਧਿਆਪਕ ਹਾਜ਼ਰ ਸਨ।