- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਲਾਕੇ ਦੇ ਪ੍ਰਸਿੱਧ ਧਾਰਮਿਕ ਅਸਥਾਨ

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟ ਈਸੇ ਖਾਂ : ਇਲਾਕੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਬਾਬਾ ਤੁਲਸੀ ਦਾਸ ਜੀ ਝੁੱਗੀ ਵਾਲੇ ਪਿੰਡ ਦੋਲੇਵਾਲਾ ਮਾਇਰ ਵਿਖੇ ਹੋਣ ਵਾਲੇ ਸਾਲਾਨਾ ਮਹਾਨ ਧਾਰਮਿਕ ਸਮਾਗਮਾਂ ਦੀਆਂ ਤਿਆਰੀਆਂ ਪੂਰੇ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹਨ। ਸਮਾਗਮ ਨੂੰ ਹਰ ਪੱਖੋਂ ਸਫ਼ਲ ਅਤੇ ਯਾਦਗਾਰੀ ਬਣਾਉਣ ਲਈ ਸਮੂਹ ਸੇਵਾਦਾਰ ਤਨ-ਮਨ-ਧਨ ਨਾਲ ਨਿਸ਼ਕਾਮ ਸੇਵਾ ਵਿਚ ਜੁਟੇ ਹੋਏ ਹਨ। ਧਾਰਮਿਕ ਅਸਥਾਨ ਦੀ ਸਫ਼ਾਈ, ਸਜਾਵਟ, ਲੰਗਰਾਂ ਦੀ ਵਿਵਸਥਾ, ਸੰਗਤਾਂ ਦੇ ਠਹਿਰਨ, ਪੀਣ ਵਾਲੇ ਪਾਣੀ ਅਤੇ ਹੋਰ ਲੋੜੀਂਦੇ ਪ੍ਰਬੰਧਾਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਇਹ ਪਵਿੱਤਰ ਸਮਾਗਮ ਬਾਬਾ ਤੁਲਸੀ ਦਾਸ ਜੀ ਵੱਲੋਂ ਪਾਕਿਸਤਾਨ ਦੇ ਚੱਕ ਪੰਦਰ੍ਹਾਂ ਵਿਖੇ ਆਪ ਮਨਾਇਆ ਕਰਦੇ ਸਨ। ਅੱਜ ਵੀ ਸੰਗਤਾਂ ਉਨ੍ਹਾਂ ਦੀ ਯਾਦ ਵਿਚ ਹਰ ਸਾਲ ਸਮਾਗਮ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਏ ਜਾਂਦੇ ਹਨ। ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਇਸ ਸਮਾਗਮ ਵਿਚ ਨਤਮਸਤਕ ਹੋਣ ਲਈ ਪਹੁੰਚਦੀਆਂ ਹਨ ਅਤੇ ਗੁਰਬਾਣੀ ਦਾ ਰਸ ਮਾਣਦੀਆਂ ਹਨ। ਸਮਾਗਮਾਂ ਦੌਰਾਨ ਉੱਚ ਕੋਟੀ ਦੇ ਰਾਗੀ ਜਥੇ, ਢਾਡੀ ਜਥੇ ਅਤੇ ਪ੍ਰਸਿੱਧ ਕਥਾਵਾਚਕ ਗੁਰਬਾਣੀ ਕੀਰਤਨ, ਢਾਡੀ ਵਾਰਾਂ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ, ਸਿੱਖ ਇਤਿਹਾਸ ਅਤੇ ਮਹਾਨ ਗੁਰਸਿੱਖਾਂ ਦੇ ਜੀਵਨ ਬਾਰੇ ਵਿਸਥਾਰ ਨਾਲ ਜਾਣੂੰ ਕਰਵਾਉਣਗੇ। ਧਾਰਮਿਕ ਦੀਵਾਨਾਂ ਦੌਰਾਨ ਇਲਾਹੀ ਬਾਣੀ ਦਾ ਪ੍ਰਵਾਹ ਪੂਰੇ ਇਲਾਕੇ ਨੂੰ ਰੂਹਾਨੀ ਮਾਹੌਲ ਨਾਲ ਸਰਾਬੋਰ ਕਰ ਦੇਵੇਗਾ। ਪ੍ਰਬੰਧਕਾਂ ਅਨੁਸਾਰ ਸਮਾਗਮਾਂ ਦੀ ਸਮਾਪਤੀ 4 ਜੁਲਾਈ ਦੇਸੀ ਮਹੀਨੇ ਦੀ ਵੀਹ ਤਰੀਕ ਨੂੰ ਧਾਰਮਿਕ ਮਰਿਆਦਾ ਅਨੁਸਾਰ ਹੋਵੇਗੀ। ਇਸ ਮੌਕੇ ਵੱਡੀ ਗਿਣਤੀ ਵਿਚ ਪਹੁੰਚਣ ਵਾਲੀਆਂ ਸੰਗਤਾਂ ਲਈ ਵੱਖ-ਵੱਖ ਸੇਵਾਦਾਰਾਂ ਅਤੇ ਸ਼ਰਧਾਲੂਆਂ ਦੇ ਸਹਿਯੋਗ ਨਾਲ ਅਤੁੱਟ ਗੁਰੂ ਕੇ ਲੰਗਰ ਲਗਾਏ ਜਾਣਗੇ। ਲੰਗਰ ਸੇਵਾ ਦੇ ਨਾਲ-ਨਾਲ ਸੰਗਤਾਂ ਦੀ ਹਰ ਸੁਵਿਧਾ ਦਾ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ ਤਾਂ ਜੋ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਸਮੂਹ ਪ੍ਰਬੰਧਕ ਕਮੇਟੀ ਨੇ ਇਲਾਕੇ ਅਤੇ ਦੂਰ-ਦੁਰਾਡੇ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਪਰਿਵਾਰਾਂ ਸਮੇਤ ਵੱਡੀ ਗਿਣਤੀ ਵਿਚ ਸਮਾਗਮਾਂ ਵਿਚ ਸ਼ਾਮਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ, ਗੁਰਬਾਣੀ ਦਾ ਲਾਹਾ ਲੈਣ ਅਤੇ ਲੰਗਰ ਸੇਵਾ ਵਿਚ ਸ਼ਾਮਲ ਹੋ ਕੇ ਆਪਣਾ ਜੀਵਨ ਸਫ਼ਲ ਬਣਾਉਣ। ਇਸ ਮੌਕੇ ਗੱਜਣ ਸਿੰਘ, ਕੁਲਵਿੰਦਰ ਸਿੰਘ ਮਨੇਸ, ਬਲਵੰਤ ਸਿੰਘ, ਸਰਪੰਚ ਸੁਖਵਿੰਦਰ ਸਿੰਘ, ਇਕਬਾਲ ਸਿੰਘ ਸਰਪੰਚ, ਸੈਕਟਰੀ ਇੰਦਰਜੀਤ ਸਿੰਘ, ਗੁਰਪ੍ਰੀਤ ਰੰਧਾਵਾ, ਬਾਬਾ ਜਗਤਾਰ ਸਿੰਘ, ਸੁਖਵੰਤ ਮਨੇਸ, ਗੁਰਚਰਨ ਸਿੰਘ, ਬਾਬਾ ਗੁਰਮੇਜ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੇਵਾਦਾਰ ਸੇਵਾ ਨਿਭਾ ਰਹੇ ਹਨ।