- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਾਲ ਹੀ ’ਚ ਹੋਈਆਂ ਯੂਥ ਕਾਂਗਰਸ

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਹਾਲ ਹੀ ’ਚ ਹੋਈਆਂ ਯੂਥ ਕਾਂਗਰਸ ਦੀਆਂ ਚੋਣਾਂ ਵਿਚ ਪੰਜਾਬ ਭਰ ਦੇ ਨੌਜਵਾਨਾਂ ਨੇ ਬੇਹੱਦ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਲੋਕਤੰਤਰਕ ਪ੍ਰਕਿਰਿਆ ਵਿਚ ਆਪਣੀ ਸਰਗਰਮ ਭੂਮਿਕਾ ਨਿਭਾਈ। ਇਨ੍ਹਾਂ ਚੋਣਾਂ ਦੇ ਨਤੀਜੇ 22 ਜੂਨ ਦੀ ਦੇਰ ਸ਼ਾਮ ਐਲਾਨੇ ਗਏ, ਜਿਨ੍ਹਾਂ ਨੇ ਕਈ ਨਵੇਂ ਚਿਹਰਿਆਂ ਨੂੰ ਅੱਗੇ ਆਉਣ ਦਾ ਮੌਕਾ ਦਿੱਤਾ। ਵੱਖ-ਵੱਖ ਅਹੁਦਿਆਂ ਲਈ ਹਜ਼ਾਰਾਂ ਨੌਜਵਾਨਾਂ ਨੇ ਆਪਣੀ ਦਾਅਵੇਦਾਰੀ ਪੇਸ਼ ਕੀਤੀ, ਜਿਸ ਕਾਰਨ ਮੁਕਾਬਲਾ ਕਾਫ਼ੀ ਰੋਮਾਂਚਕ ਰਿਹਾ। ਇਸ ਮੌਕੇ ਪੰਜਾਬ ਜਨਰਲ ਸਕੱਤਰ ਦੇ ਅਹੁਦੇ ਲਈ 107 ਉਮੀਦਵਾਰ ਮੈਦਾਨ ਵਿਚ ਸਨ, ਜਿਨ੍ਹਾਂ ਵਿਚਕਾਰ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ। ਇਸ ਤਗੜੇ ਮੁਕਾਬਲੇ ’ਚੋਂ ਸਿਰਫ਼ 23 ਨੌਜਵਾਨ ਹੀ ਜਿੱਤ ਹਾਸਲ ਕਰਕੇ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਬਣੇ। ਇਨ੍ਹਾਂ ਜੇਤੂਆਂ ਵਿਚ ਮੋਗਾ ਜ਼ਿਲ੍ਹੇ ਨਾਲ ਸਬੰਧਤ ਨੌਜਵਾਨ ਆਗੂ ਰਵਿੰਦਰ ਸਿੰਘ ਝੰਡੇਆਣਾ ਦਾ ਨਾਮ ਵੀ ਸ਼ਾਮਲ ਹੋਣਾ ਮੋਗਾ ਵਾਸੀਆਂ ਲਈ ਮਾਣ ਵਾਲੀ ਗੱਲ ਹੈ। ਰਵਿੰਦਰ ਸਿੰਘ ਝੰਡੇਆਣਾ ਦੀ ਇਸ ਇਤਿਹਾਸਕ ਜਿੱਤ ਤੋਂ ਬਾਅਦ ਇਲਾਕੇ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ। ਸਮਰਥਕਾਂ ਅਤੇ ਕਾਂਗਰਸੀ ਆਗੂਆਂ ਨੇ ਇਸ ਜਿੱਤ ਨੂੰ ਮੋਗਾ ਜ਼ਿਲ੍ਹੇ ਲਈ ਇਕ ਵੱਡੀ ਉਪਲਬਧੀ ਦੱਸਿਆ। ਨੌਜਵਾਨ ਵਰਗ ਵਿੱਚ ਵੀ ਇਸ ਜਿੱਤ ਨੂੰ ਲੈ ਕੇ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲਿਆ। ਇਸ ਮੌਕੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਹਰੀ ਸਿੰਘ ਖਾਈ ਨੇ ਆਪਣੇ ਦਫ਼ਤਰ ਵਿਚ ਰਵਿੰਦਰ ਸਿੰਘ ਦਾ ਮੂੰਹ ਮਿੱਠਾ ਕਰਵਾ ਕੇ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਅਤੇ ਦਿਲੋਂ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਰਵਿੰਦਰ ਸਿੰਘ ਦੀ ਜਿੱਤ ਸਿਰਫ਼ ਨਿੱਜੀ ਸਫ਼ਲਤਾ ਨਹੀਂ, ਸਗੋਂ ਮੋਗਾ ਜ਼ਿਲ੍ਹੇ ਦੇ ਨੌਜਵਾਨਾਂ ਦੀ ਸੋਚ, ਮਿਹਨਤ ਅਤੇ ਰਾਜਨੀਤਿਕ ਸੂਝਬੂਝ ਦੀ ਜਿੱਤ ਹੈ। ਹਰੀ ਸਿੰਘ ਖਾਈ ਨੇ ਕਿਹਾ ਕਿ ਯੂਥ ਕਾਂਗਰਸ ਵਿੱਚ ਨੌਜਵਾਨਾਂ ਦੀ ਵਧਦੀ ਭਾਗੀਦਾਰੀ ਭਵਿੱਖ ਦੀ ਮਜ਼ਬੂਤ ਲੀਡਰਸ਼ਿਪ ਦੀ ਨੀਂਹ ਹੈ। ਉਨ੍ਹਾਂ ਆਸ ਜਤਾਈ ਕਿ ਰਵਿੰਦਰ ਸਿੰਘ ਝੰਡੇਆਣਾ ਆਪਣੀ ਨਵੀਂ ਜ਼ਿੰਮੇਵਾਰੀ ਨੂੰ ਇਮਾਨਦਾਰੀ ਅਤੇ ਸਮਰਪਣ ਨਾਲ ਨਿਭਾਉਂਦੇ ਹੋਏ ਪੰਜਾਬ ਦੇ ਨੌਜਵਾਨਾਂ ਦੀ ਆਵਾਜ਼ ਨੂੰ ਹੋਰ ਮਜ਼ਬੂਤੀ ਨਾਲ ਉੱਠਾਉਣਗੇ। ਇਸ ਮੌਕੇ ਰਵੀ ਗਰੇਵਾਲ, ਸਵਰਨ ਸਿੰਘ ਆਦੀਵਾਲ, ਜਸਵਿੰਦਰ ਸਿੰਘ ਕੁੱਸਾ, ਸਨੀ ਬੀੜ ਚੜਿੱਕ, ਮਨਦੀਪ ਸਿੰਘ ਅਤੇ ਗੁਰਦੀਪ ਸਿੰਘ ਬੱਧਨੀ ਵੀ ਹਾਜ਼ਰ ਸਨ। ਸਾਰੇ ਆਗੂਆਂ ਨੇ ਰਵਿੰਦਰ ਸਿੰਘ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਇਹ ਜਿੱਤ ਆਉਣ ਵਾਲੇ ਸਮੇਂ ਵਿਚ ਮੋਗਾ ਦੇ ਨੌਜਵਾਨਾਂ ਲਈ ਪ੍ਰੇਰਣਾ ਸਾਬਤ ਹੋਵੇਗੀ।