ਨੈਸ਼ਨਲ ਖੇਡਾਂ ’ਚ ਮੋਗਾ ਦੇ ਮਨਦੀਪ ਸਿੰਘ ਦਾ ਜਲਵਾ
ਹਿਮਾਚਲ ਪ੍ਰਦੇਸ਼ ਦੇ ਸੁੰਦਰ ਸ਼ਹਿਰ
Publish Date: Fri, 12 Jun 2026 04:33 PM (IST)
Updated Date: Sat, 13 Jun 2026 04:00 AM (IST)

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਹਿਮਾਚਲ ਪ੍ਰਦੇਸ਼ ਦੇ ਸੁੰਦਰ ਸ਼ਹਿਰ ਧਰਮਸ਼ਾਲਾ ਵਿਖੇ ਆਯੋਜਿਤ ਐੱਸਬੀਕੇਐੱਫ਼ ਦੀਆਂ 14ਵੀਆਂ ਨੈਸ਼ਨਲ ਖੇਡਾਂ ਵਿਚ ਮੋਗਾ ਜ਼ਿਲ੍ਹੇ ਦੇ ਪਿੰਡ ਗੋਧੇਵਾਲਾ ਦੇ ਹੋਣਹਾਰ ਖਿਡਾਰੀ ਮਨਦੀਪ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਿੰਨ ਸੋਨ ਤਗਮੇ ਜਿੱਤ ਕੇ ਨਾ ਸਿਰਫ਼ ਆਪਣੇ ਪਰਿਵਾਰ ਅਤੇ ਪਿੰਡ ਦਾ, ਸਗੋਂ ਪੂਰੇ ਮੋਗਾ ਜ਼ਿਲ੍ਹੇ ਅਤੇ ਪੰਜਾਬ ਦਾ ਨਾਮ ਦੇਸ਼ ਭਰ ਵਿੱਚ ਰੌਸ਼ਨ ਕੀਤਾ ਹੈ। ਰਾਸ਼ਟਰੀ ਪੱਧਰ ਦੇ ਇਸ ਵੱਡੇ ਖੇਡ ਸਮਾਗਮ ਵਿਚ ਮਨਦੀਪ ਸਿੰਘ ਨੇ ਆਪਣੀ ਕਾਬਲੀਅਤ ਅਤੇ ਸਖ਼ਤ ਮਿਹਨਤ ਦਾ ਲੋਹਾ ਮਨਵਾਉਂਦਿਆਂ ਹੈਮਰ ਥਰੋ, ਡਿਸਕ ਥਰੋ ਅਤੇ ਸ਼ਾਟਪੁੱਟ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਤਿੰਨਾਂ ਹੀ ਇਵੈਂਟਾਂ ਵਿਚ ਉਨ੍ਹਾਂ ਨੇ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਗਮੇ ਆਪਣੇ ਨਾਮ ਕੀਤੇ, ਜਿਸ ਨਾਲ ਪੰਜਾਬੀ ਖੇਡ ਪ੍ਰੇਮੀਆਂ ’ਚ ਖੁਸ਼ੀ ਅਤੇ ਮਾਣ ਦੀ ਲਹਿਰ ਦੌੜ ਗਈ। ਮਨਦੀਪ ਸਿੰਘ ਦੀ ਇਸ ਵਿਲੱਖਣ ਅਤੇ ਇਤਿਹਾਸਕ ਉਪਲਬਧੀ ਨੇ ਸਾਬਤ ਕਰ ਦਿੱਤਾ ਹੈ ਕਿ ਪਿੰਡਾਂ ਦੇ ਨੌਜਵਾਨ ਵੀ ਆਪਣੀ ਮਿਹਨਤ, ਲਗਨ ਅਤੇ ਦ੍ਰਿੜ ਇਰਾਦੇ ਦੇ ਬਲਬੂਤੇ ਰਾਸ਼ਟਰੀ ਪੱਧਰ ਤੇ ਵੱਡੀਆਂ ਕਾਮਯਾਬੀਆਂ ਹਾਸਲ ਕਰ ਸਕਦੇ ਹਨ। ਖੇਡ ਮਾਹਿਰਾਂ ਅਨੁਸਾਰ ਮਨਦੀਪ ਦੀ ਇਹ ਪ੍ਰਾਪਤੀ ਇਲਾਕੇ ਦੇ ਹੋਰ ਨੌਜਵਾਨਾਂ ਲਈ ਵੀ ਪ੍ਰੇਰਣਾ ਸਰੋਤ ਬਣੇਗੀ ਅਤੇ ਉਨ੍ਹਾਂ ਨੂੰ ਖੇਡਾਂ ਵੱਲ ਆਕਰਸ਼ਿਤ ਕਰੇਗੀ। ਇਸ ਸ਼ਾਨਦਾਰ ਜਿੱਤ ਤੋਂ ਬਾਅਦ ਮਨਦੀਪ ਸਿੰਘ ਦੇ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਹੈ। ਪਰਿਵਾਰਕ ਮੈਂਬਰਾਂ ਨੇ ਇਸ ਕਾਮਯਾਬੀ ਦਾ ਸਿਹਰਾ ਉਸ ਦੀ ਨਿਰੰਤਰ ਮਿਹਨਤ, ਅਨੁਸ਼ਾਸਨ ਅਤੇ ਖੇਡਾਂ ਪ੍ਰਤੀ ਸਮਰਪਣ ਨੂੰ ਦਿੱਤਾ। ਉੱਧਰ ਮੋਗਾ ਜ਼ਿਲ੍ਹੇ ਦੀਆਂ ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਖੇਡ ਸੰਸਥਾਵਾਂ ਵੱਲੋਂ ਵੀ ਮਨਦੀਪ ਸਿੰਘ ਨੂੰ ਵਧਾਈਆਂ ਦਿੱਤੀਆਂ ਗਈਆਂ ਹਨ। ਵੱਖ-ਵੱਖ ਆਗੂਆਂ, ਖੇਡ ਪ੍ਰੇਮੀਆਂ ਅਤੇ ਇਲਾਕਾ ਵਾਸੀਆਂ ਨੇ ਕਿਹਾ ਕਿ ਮਨਦੀਪ ਸਿੰਘ ਦੀ ਇਹ ਉੱਪਲਬਧੀ ਮੋਗਾ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਉਹ ਭਵਿੱਖ ਵਿਚ ਵੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਅਤੇ ਭਾਰਤ ਦਾ ਨਾਮ ਹੋਰ ਉੱਚਾ ਕਰਨਗੇ। ਮਨਦੀਪ ਸਿੰਘ ਦੀ ਇਸ ਇਤਿਹਾਸਕ ਜਿੱਤ ਨੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਖਿਡਾਰੀਆਂ ਨੂੰ ਸਹੀ ਮਾਰਗਦਰਸ਼ਨ, ਉਤਸ਼ਾਹ ਅਤੇ ਮੌਕੇ ਮਿਲਣ ਤਾਂ ਉਹ ਦੇਸ਼ ਲਈ ਵੱਡੀਆਂ ਉਪਲਬਧੀਆਂ ਹਾਸਲ ਕਰ ਸਕਦੇ ਹਨ। ਮੋਗਾ ਦੇ ਇਸ ਨੌਜਵਾਨ ਖਿਡਾਰੀ ਦੀ ਕਾਮਯਾਬੀ ਅੱਜ ਪੂਰੇ ਇਲਾਕੇ ਲਈ ਮਾਣ ਅਤੇ ਪ੍ਰੇਰਣਾ ਦਾ ਕਾਰਨ ਬਣੀ ਹੋਈ ਹੈ।