- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਨਸੂਨ ਦੇ ਆਉਣ ਤੋਂ ਪਹਿਲਾਂ ਹੀ

ਨਾਲਿਆਂ ਦੀ ਸਫ਼ਾਈ ਨਾ ਹੋਣ ਕਾਰਨ ਵਧਿਆ ਖ਼ਤਰਾ
ਵਕੀਲ ਮਹਿਰੋਂ ਪੰਜਾਬੀ ਜਾਗਰਣ ਮੋਗਾ : ਮਾਨਸੂਨ ਦੇ ਆਉਣ ਤੋਂ ਪਹਿਲਾਂ ਹੀ ਮੋਗਾ ਸ਼ਹਿਰ ਦੀ ਨਿਕਾਸੀ ਪ੍ਰਣਾਲੀ ਦੀ ਹਕੀਕਤ ਲੋਕਾਂ ਸਾਹਮਣੇ ਆ ਗਈ ਹੈ। ਪਿਛਲੇ ਕੁੱਝ ਦਿਨਾਂ ਦੌਰਾਨ ਹੋਈ ਛਿਟਪੁੱਟ ਬਾਰਿਸ਼ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸ਼ਹਿਰ ਬਰਸਾਤ ਦੇ ਮੌਸਮ ਲਈ ਤਿਆਰ ਨਹੀਂ। ਭਾਵੇਂ ਨਗਰ ਨਿਗਮ ਵੱਲੋਂ ਲਗਾਤਾਰ ਇਹ ਦਾਅਵੇ ਕੀਤੇ ਜਾ ਰਹੇ ਹਨ ਕਿ ਨਾਲਿਆਂ ਅਤੇ ਨਾਲੀਆਂ ਦੀ ਸਫ਼ਾਈ ਮੁਹਿੰਮ ਜ਼ੋਰਾਂ ’ਤੇ ਚੱਲ ਰਹੀ ਹੈ ਪਰ ਜ਼ਮੀਨੀ ਹਕੀਕਤ ਇਸਦੇ ਬਿਲਕੁਲ ਉਲਟ ਨਜ਼ਰ ਆ ਰਹੀ ਹੈ। ਸ਼ਹਿਰ ਦੇ ਕਈ ਇਲਾਕਿਆਂ ਵਿਚ ਨਾਲੇ ਗੰਦਗੀ, ਮਿੱਟੀ ਅਤੇ ਕੂੜੇ ਨਾਲ ਇਸ ਕਦਰ ਭਰੇ ਪਏ ਹਨ ਕਿ ਉਨ੍ਹਾਂ ਦੀ ਅਸਲ ਬਣਤਰ ਵੀ ਨਜ਼ਰ ਨਹੀਂ ਆਉਂਦੀ। ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਨਿਕਾਸੀ ਪ੍ਰਣਾਲੀ ਦੀ ਖ਼ਰਾਬ ਹਾਲਤ ਕਾਰਨ ਲੋਕਾਂ ਵਿਚ ਚਿੰਤਾ ਵਧਦੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇ ਹੁਣੇ ਹੀ ਇਹ ਹਾਲਤ ਹੈ ਤਾਂ ਮਾਨਸੂਨ ਦੀ ਤੇਜ਼ ਬਾਰਿਸ਼ ਦੌਰਾਨ ਹਾਲਾਤ ਹੋਰ ਵੀ ਬੇਕਾਬੂ ਹੋ ਸਕਦੇ ਹਨ। ਕਈ ਸਥਾਨਾਂ ’ਤੇ ਮੁੱਖ ਨਾਲੇ ਹੁਣ ਕੂੜਾ ਸੁੱਟਣ ਵਾਲੀਆਂ ਥਾਵਾਂ ਬਣ ਚੁੱਕੇ ਹਨ, ਜਿੱਥੇ ਪਲਾਸਟਿਕ, ਮਲਬਾ ਅਤੇ ਹੋਰ ਕਚਰਾ ਵੱਡੀ ਮਾਤਰਾ ’ਚ ਇਕੱਠਾ ਹੈ। ਮੋਗਾ ਸ਼ਹਿਰ ਵਿਚ ਦਾਣਾ ਮੰਡੀ ਤੋਂ ਮੁੱਖ ਚੌਂਕ ਵੱਲ ਜਾਣ ਵਾਲੀ ਸੜਕ ਦੇ ਕਿਨਾਰੇ ਬਣਾਇਆ ਗਿਆ ਵੱਡਾ ਨਾਲਾ, ਜੋ ਕਦੇ ਬਰਸਾਤੀ ਪਾਣੀ ਦੀ ਨਿਕਾਸ ਲਈ ਮਹੱਤਵਪੂਰਨ ਮੰਨਿਆ ਜਾਂਦਾ ਸੀ, ਅੱਜ ਖੁਦ ਸਮੱਸਿਆ ਦਾ ਕੇਂਦਰ ਬਣ ਗਿਆ ਹੈ। ਇਸ ਨਾਲੇ ਦਾ ਮੁੱਖ ਮਕਸਦ ਫਲਾਈਓਵਰ ਅਤੇ ਸੜਕਾਂ ਤੋਂ ਆਉਣ ਵਾਲੇ ਬਰਸਾਤੀ ਪਾਣੀ ਨੂੰ ਬਾਹਰ ਕੱਢਣਾ ਸੀ ਪਰ ਸਫ਼ਾਈ ਦੀ ਘਾਟ ਕਾਰਨ ਇਹ ਕਈ ਥਾਵਾਂ ’ਤੇ ਪੂਰੀ ਤਰ੍ਹਾਂ ਜਾਮ ਹੋ ਚੁੱਕਾ ਹੈ। ਮੱਛੀ ਅਤੇ ਮਾਸ ਮੰਡੀ ਦਾ ਵੱਡਾ ਹਿੱਸਾ ਇਸ ਨਾਲੇ ਦੇ ਉੱਪਰ ਲੱਗਦਾ ਹੈ, ਜਿਸ ਕਾਰਨ ਇੱਥੇ ਰੋਜ਼ਾਨਾ ਕੂੜਾ-ਕਰਕਟ ਸੁੱਟਿਆ ਜਾਂਦਾ ਹੈ। ਕਈ ਥਾਵਾਂ ’ਤੇ ਲੋਕਾਂ ਵੱਲੋਂ ਨਾਲੇ ਉੱਪਰ ਥੜੇ ਅਤੇ ਅਸਥਾਈ ਦੁਕਾਨਾਂ ਵੀ ਬਣਾਈਆਂ ਹੋਈਆਂ ਹਨ, ਜਿਸ ਨਾਲ ਸਫ਼ਾਈ ਕਰਨਾ ਹੋਰ ਵੀ ਮੁਸ਼ਕਲ ਹੋ ਗਿਆ ਹੈ। ਟੁੱਟੀਆਂ ਢਕਣਾਂ ਵਾਲੀਆਂ ਥਾਵਾਂ ’ਤੇ ਅੰਦਰ ਜਮਾ ਮਿੱਟੀ, ਗੰਦਗੀ ਅਤੇ ਕੂੜੇ ਦੇ ਢੇਰ ਸਾਫ਼ ਦਿਖਾਈ ਦਿੰਦੇ ਹਨ। ਇਲਾਕੇ ਦੇ ਵਪਾਰੀਆਂ ਦਾ ਕਹਿਣਾ ਹੈ ਕਿ ਸਾਲਾਂ ਤੋਂ ਇੱਥੇ ਕੋਈ ਪ੍ਰਭਾਵਸ਼ਾਲੀ ਸਫ਼ਾਈ ਮੁਹਿੰਮ ਨਹੀਂ ਚਲਾਈ ਗਈ। ਉਨ੍ਹਾਂ ਅਨੁਸਾਰ ਜਦੋਂ ਵੀ ਪਾਣੀ ਭਰਦਾ ਹੈ ਤਾਂ ਕਈ ਘੰਟਿਆਂ ਤੱਕ ਖੜ੍ਹਾ ਰਹਿੰਦਾ ਹੈ, ਜਿਸ ਨਾਲ ਕਾਰੋਬਾਰ ਵੀ ਪ੍ਰਭਾਵਿਤ ਹੁੰਦਾ ਹੈ ਅਤੇ ਲੋਕਾਂ ਨੂੰ ਆਵਾਜਾਈ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹੁਣ ਸਭ ਦੀਆਂ ਨਜ਼ਰਾਂ ਨਗਰ ਨਿਗਮ ਅਤੇ ਮੇਅਰ ਉੱਤੇ ਟਿਕੀਆਂ ਹਨ ਕਿ ਕੀ ਉਹ ਮਾਨਸੂਨ ਤੋਂ ਪਹਿਲਾਂ ਜਾਮ ਨਾਲਿਆਂ ਦੀ ਸਫ਼ਾਈ ਕਰਵਾ ਕੇ ਸ਼ਹਿਰ ਨੂੰ ਪਾਣੀ ਭਰਨ ਦੀ ਸਮੱਸਿਆ ਤੋਂ ਬਚਾ ਸਕਣਗੇ ਜਾਂ ਫਿਰ ਇਸ ਵਾਰ ਵੀ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਮੋਗਾ ਦੇ ਲੋਕ ਉਡੀਕ ਵਿਚ ਹਨ ਕਿ ਪ੍ਰਸ਼ਾਸਨ ਦਾਅਵਿਆਂ ਤੋਂ ਅੱਗੇ ਵੱਧ ਕੇ ਜ਼ਮੀਨੀ ਪੱਧਰ ’ਤੇ ਵੀ ਕਾਰਵਾਈ ਕਰੇ।
ਜ਼ਮੀਨ ਹੇਠਾਂ ਬਣੀਆਂ ਨਾਲੀਆਂ ਵੀ ਹੋ ਰਹੀਆਂ ਜਾਮ
ਮੋਗਾ ਸ਼ਹਿਰ ਦੀਆਂ ਬਹੁਤੀਆਂ ਨਾਲੀਆਂ ਜ਼ਮੀਨ ਹੇਠਾਂ ਬਣੀਆਂ ਹੋਈਆਂ ਹਨ। ਇਨ੍ਹਾਂ ਵਿਚ ਕੁੱਝ ਦੂਰੀ ’ਤੇ ਚੈਂਬਰ ਅਤੇ ਜਾਲੀਆਂ ਲਗਾਈਆਂ ਗਈਆਂ ਹਨ ਤਾਂ ਜੋ ਪਾਣੀ ਆਸਾਨੀ ਨਾਲ ਅੰਦਰ ਜਾ ਸਕੇ ਪਰ ਇਨ੍ਹਾਂ ਜਾਲੀਆਂ ਰਾਹੀਂ ਪਾਣੀ ਦੇ ਨਾਲ ਮਿੱਟੀ, ਪਲਾਸਟਿਕ, ਪੱਤੇ ਅਤੇ ਹੋਰ ਕੂੜਾ ਵੀ ਅੰਦਰ ਪਹੁੰਚ ਜਾਂਦਾ ਹੈ। ਸਮੇਂ ਸਿਰ ਸਫ਼ਾਈ ਨਾ ਹੋਣ ਕਾਰਨ ਇਹ ਕਚਰਾ ਇਕੱਠਾ ਹੋ ਕੇ ਰੁਕਾਵਟ ਪੈਦਾ ਕਰਦਾ ਹੈ ਅਤੇ ਪਾਣੀ ਦਾ ਵਹਾਅ ਰੁਕ ਜਾਂਦਾ ਹੈ। ਇਹੀ ਕਾਰਨ ਹੈ ਕਿ ਹਲਕੀ ਜਿਹੀ ਬਾਰਿਸ਼ ਵੀ ਸ਼ਹਿਰ ਲਈ ਵੱਡੀ ਮੁਸੀਬਤ ਬਣ ਜਾਂਦੀ ਹੈ। ਪਿਛਲੇ ਸਾਲ ਵੀ ਥੋੜ੍ਹੀ ਬਾਰਿਸ਼ ਤੋਂ ਬਾਅਦ ਕਈ ਸੜਕਾਂ ਪਾਣੀ ਵਿਚ ਡੁੱਬ ਗਈਆਂ ਸਨ ਅਤੇ ਪਾਣੀ ਨਿਕਲਣ ਵਿਚ ਦੋ ਤੋਂ ਤਿੰਨ ਘੰਟੇ ਲੱਗੇ ਸਨ।
ਹਰ ਸਾਲ ਦੁਹਰਾਈ ਜਾਂਦੀ ਸਮੱਸਿਆ, ਫਿਰ ਵੀ ਹੱਲ ਨਹੀਂ
ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਇਹ ਸਮੱਸਿਆ ਕੋਈ ਨਵੀਂ ਨਹੀਂ, ਸਗੋਂ ਹਰ ਸਾਲ ਮਾਨਸੂਨ ਤੋਂ ਪਹਿਲਾਂ ਇਹੋ ਜਿਹੇ ਹਾਲਾਤ ਬਣਦੇ ਹਨ। ਹਰ ਵਾਰ ਪ੍ਰਸ਼ਾਸਨ ਵੱਲੋਂ ਸਫ਼ਾਈ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਮੌਕੇ ’ਤੇ ਹਾਲਾਤ ਬਦਲਦੇ ਨਹੀਂ। ਨਤੀਜੇ ਵਜੋਂ ਥੋੜ੍ਹੀ ਜਿਹੀ ਬਾਰਿਸ਼ ਵਿੱਚ ਹੀ ਮੋਗਾ ਦੀਆਂ ਸੜਕਾਂ ਜਲਥਲ ਹੋ ਜਾਂਦੀਆਂ ਹਨ।
ਨਵੇਂ ਨਗਰ ਨਿਗਮ ਬੋਰਡ ਲਈ ਵੱਡੀ ਅਗਨੀ ਪ੍ਰੀਖਿਆ
ਮੋਗਾ ਨਗਰ ਨਿਗਮ ਦਾ ਨਵਾਂ ਬੋਰਡ ਹਾਲ ਹੀ ਵਿਚ ਬਣਿਆ ਹੈ ਅਤੇ ਨਵੀਂ ਮੇਅਰ ਨੇ ਕਾਰਜਭਾਰ ਸੰਭਾਲਿਆ ਹੈ। ਅਜਿਹੇ ਵਿਚ ਮਾਨਸੂਨ ਦਾ ਇਹ ਮੌਸਮ ਉਨ੍ਹਾਂ ਲਈ ਪਹਿਲੀ ਅਤੇ ਸਭ ਤੋਂ ਵੱਡੀ ਅਗਨੀ ਪਰੀਖਿਆ ਸਾਬਤ ਹੋ ਸਕਦਾ ਹੈ। ਸ਼ਹਿਰ ਵਾਸੀਆਂ ਦੀਆਂ ਉਮੀਦਾਂ ਹਨ ਕਿ ਨਵਾਂ ਪ੍ਰਸ਼ਾਸਨ ਪੁਰਾਣੀਆਂ ਲਾਪਰਵਾਹੀਆਂ ਨੂੰ ਦੂਰ ਕਰਕੇ ਨਿਕਾਸੀ ਪ੍ਰਣਾਲੀ ਨੂੰ ਸੁਚਾਰੂ ਬਣਾਏਗਾ।