ਮੋਗਾ ਵਾਸੀਆਂ ਨੂੰ ਜਲਦ ਮਿਲਣਗੀਆਂ ਆਧੁਨਿਕ ਸਿਹਤ ਸਹੂਲਤਾਂ : ਡਾ. ਅਰੋੜਾ
ਮੋਗਾ ਜ਼ਿਲ੍ਹੇ ਦੇ ਲੋਕਾਂ ਨੂੰ ਜਲਦ ਹੀ
Publish Date: Tue, 16 Jun 2026 04:51 PM (IST)
Updated Date: Wed, 17 Jun 2026 04:03 AM (IST)

ਦੁੱਨੇਕੇ ਵਿਖੇ 50 ਬੈੱਡਾਂ ਵਾਲੇ ਐਮਰਜੈਂਸੀ ਹਸਪਤਾਲ ਤੇ ਟਰੌਮਾ ਸੈਂਟਰ ਦਾ ਨਿਰਮਾਣ ਕੰਮ ਜੰਗੀ ਪੱਧਰ ਤੇ ਜਾਰੀ ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ : ਮੋਗਾ ਜ਼ਿਲ੍ਹੇ ਦੇ ਲੋਕਾਂ ਨੂੰ ਜਲਦ ਹੀ ਆਧੁਨਿਕ ਅਤੇ ਬਿਹਤਰ ਸਿਹਤ ਸਹੂਲਤਾਂ ਦੀ ਸੌਗਾਤ ਮਿਲਣ ਜਾ ਰਹੀ ਹੈ। ਪਿੰਡ ਦੁੱਨੇਕੇ ਵਿਖੇ ਬਣ ਰਹੇ 50 ਬੈੱਡਾਂ ਵਾਲੇ ਐਮਰਜੈਂਸੀ ਹਸਪਤਾਲ ਅਤੇ ਟਰੌਮਾ ਸੈਂਟਰ ਦਾ ਨਿਰਮਾਣ ਕੰਮ ਜੰਗੀ ਪੱਧਰ ਤੇ ਜਾਰੀ ਹੈ। ਇਸ ਮਹੱਤਵਾਕਾਂਖੀ ਪ੍ਰਾਜੈਕਟ ਦੇ ਮੁਕੰਮਲ ਹੋਣ ਉਪਰੰਤ ਮੋਗਾ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਅਤਿ-ਆਧੁਨਿਕ ਅਤੇ ਸਮੇਂ ਸਿਰ ਸਿਹਤ ਸੇਵਾਵਾਂ ਉਪਲਬਧ ਹੋਣਗੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੋਗਾ ਹਲਕੇ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਉੱਚ ਪੱਧਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਇਸੇ ਲੜੀ ਤਹਿਤ ਦੁੱਨੇਕੇ ਵਿਖੇ ਬਣਾਏ ਜਾ ਰਹੇ ਐਮਰਜੈਂਸੀ ਹਸਪਤਾਲ ਤੇ ਟਰੌਮਾ ਸੈਂਟਰ ਦਾ ਨਿਰਮਾਣ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਇਸ ਨੂੰ ਜਲਦ ਤੋਂ ਜਲਦ ਮੁਕੰਮਲ ਕਰਨ ਲਈ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਹਸਪਤਾਲ ਵਿਚ ਖ਼ਾਸ ਤੌਰ ’ਤੇ ਐਮਰਜੈਂਸੀ ਮੈਡੀਕਲ ਸੇਵਾਵਾਂ ਨੂੰ ਤਰਜ਼ੀਹ ਦਿੱਤੀ ਜਾਵੇਗੀ, ਜਿਸ ਨਾਲ ਗੰਭੀਰ ਰੂਪ ਵਿਚ ਜ਼ਖ਼ਮੀ ਜਾਂ ਬਿਮਾਰ ਮਰੀਜ਼ਾਂ ਨੂੰ ਤੁਰੰਤ ਇਲਾਜ ਮੁਹੱਈਆ ਹੋ ਸਕੇਗਾ। ਇਹ ਟਰੌਮਾ ਸੈਂਟਰ ਸੜਕ ਹਾਦਸਿਆਂ ਅਤੇ ਹੋਰ ਐਮਰਜੈਂਸੀ ਸਥਿਤੀਆਂ ਵਿਚ ਜ਼ਖ਼ਮੀ ਹੋਣ ਵਾਲੇ ਮਰੀਜ਼ਾਂ ਲਈ ਬਹੁਤ ਲਾਭਦਾਇਕ ਸਾਬਤ ਹੋਵੇਗਾ। ਮੌਜੂਦਾ ਸਮੇਂ ਵਿਚ ਗੰਭੀਰ ਮਰੀਜ਼ਾਂ ਨੂੰ ਇਲਾਜ ਲਈ ਦੂਰ-ਦੁਰਾਡੇ ਦੇ ਵੱਡੇ ਹਸਪਤਾਲਾਂ ਦਾ ਰੁਖ਼ ਕਰਨਾ ਪੈਂਦਾ ਹੈ ਪਰ ਇਸ ਹਸਪਤਾਲ ਦੇ ਸ਼ੁਰੂ ਹੋਣ ਤੋਂ ਬਾਅਦ ਸਥਾਨਕ ਪੱਧਰ ’ਤੇ ਹੀ ਗੁਣਵੱਤਾ ਭਰਪੂਰ ਅਤੇ ਤੁਰੰਤ ਸਿਹਤ ਸੇਵਾਵਾਂ ਉਪਲਬਧ ਹੋ ਸਕਣਗੀਆਂ। ਇਸ ਨਾਲ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਮੇਂ ਅਤੇ ਆਰਥਿਕ ਪੱਖੋਂ ਵੱਡੀ ਰਾਹਤ ਮਿਲੇਗੀ। ਇਲਾਕਾ ਵਾਸੀਆਂ ਦਾ ਮੰਨਣਾ ਹੈ ਕਿ ਇਸ ਪ੍ਰਾਜੈਕਟ ਦੇ ਸ਼ੁਰੂ ਹੋਣ ਨਾਲ ਸਿਹਤ ਸੇਵਾਵਾਂ ਦੇ ਖ਼ੇਤਰ ਵਿਚ ਵੱਡਾ ਬਦਲਾਅ ਆਵੇਗਾ ਅਤੇ ਹਜ਼ਾਰਾਂ ਪਰਿਵਾਰਾਂ ਨੂੰ ਸਿੱਧਾ ਲਾਭ ਮਿਲੇਗਾ। ਹਸਪਤਾਲ ਅਤੇ ਟਰੌਮਾ ਸੈਂਟਰ ਦਾ ਨਿਰਮਾਣ ਨਾ ਸਿਰਫ਼ ਸਿਹਤ ਸਹੂਲਤਾਂ ਨੂੰ ਮਜ਼ਬੂਤ ਕਰੇਗਾ, ਸਗੋਂ ਇਲਾਕੇ ਦੇ ਸਮੁੱਚੇ ਵਿਕਾਸ ਨੂੰ ਵੀ ਨਵੀਂ ਰਫ਼ਤਾਰ ਪ੍ਰਦਾਨ ਕਰੇਗਾ। ਸਥਾਨਕ ਲੋਕਾਂ ਨੇ ਉਮੀਦ ਜਤਾਈ ਹੈ ਕਿ ਇਹ ਪ੍ਰਾਜੈਕਟ ਜਲਦੀ ਮੁਕੰਮਲ ਕਰ ਕੇ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ, ਜਿਸ ਨਾਲ ਮੋਗਾ ਖ਼ੇਤਰ ਦੇ ਵਸਨੀਕਾਂ ਨੂੰ ਬਿਹਤਰ ਅਤੇ ਆਧੁਨਿਕ ਸਿਹਤ ਸੇਵਾਵਾਂ ਦਾ ਲਾਭ ਮਿਲ ਸਕੇਗਾ।