- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਥਾਨਕ ਮਥੁਰਾਦਾਸ ਹਸਪਤਾਲ ਦੇ ਬਾਹਰ ਸ਼ਨੀਵਾਰ ਸ਼ਾਮ ਉਸ ਵੇਲੇ ਤਣਾਭਰਪੂਰ ਮਾਹੌਲ ਬਣ ਗਿਆ ਜਦੋਂ ਇਕ ਮਹਿਲਾ ਦੀ ਡਿਲੀਵਰੀ ਤੋਂ ਅੱਠ ਦਿਨ ਬਾਅਦ ਮੌਤ ਹੋਣ ਉਪਰੰਤ ਪਰਿਵਾਰਕ ਮੈਂਬਰਾਂ ਅਤੇ ਸਮਰਥਕਾਂ ਨੇ ਹੰਗਾਮਾ ਕਰਦਿਆਂ ਨਾਰੇਬਾਜ਼ੀ ਸ਼ੁਰੂ ਕਰ ਦਿੱਤੀ। ਪਰਿਵਾਰ ਨੇ ਡਾਕਟਰਾਂ ‘ਤੇ ਗੰਭੀਰ ਲਾਪਰਵਾਹੀ ਦੇ ਦੋਸ਼ ਲਗਾਉਂਦਿਆਂ ਇਨਸਾਫ ਦੀ ਮੰਗ ਕੀਤੀ।

ਵਕੀਲ ਮਹਿਰੋਂ, ਮੋਗਾ : ਸਥਾਨਕ ਮਥੁਰਾਦਾਸ ਹਸਪਤਾਲ ਦੇ ਬਾਹਰ ਸ਼ਨੀਵਾਰ ਸ਼ਾਮ ਉਸ ਵੇਲੇ ਤਣਾਭਰਪੂਰ ਮਾਹੌਲ ਬਣ ਗਿਆ ਜਦੋਂ ਇਕ ਮਹਿਲਾ ਦੀ ਡਿਲੀਵਰੀ ਤੋਂ ਅੱਠ ਦਿਨ ਬਾਅਦ ਮੌਤ ਹੋਣ ਉਪਰੰਤ ਪਰਿਵਾਰਕ ਮੈਂਬਰਾਂ ਅਤੇ ਸਮਰਥਕਾਂ ਨੇ ਹੰਗਾਮਾ ਕਰਦਿਆਂ ਨਾਰੇਬਾਜ਼ੀ ਸ਼ੁਰੂ ਕਰ ਦਿੱਤੀ। ਪਰਿਵਾਰ ਨੇ ਡਾਕਟਰਾਂ ‘ਤੇ ਗੰਭੀਰ ਲਾਪਰਵਾਹੀ ਦੇ ਦੋਸ਼ ਲਗਾਉਂਦਿਆਂ ਇਨਸਾਫ ਦੀ ਮੰਗ ਕੀਤੀ।
ਜਾਣਕਾਰੀ ਅਨੁਸਾਰ ਖੋਸਾ ਪਾਂਡੋ ਪਿੰਡ ਦੀ ਰਹਿਣ ਵਾਲੀ 21 ਸਾਲਾ ਸੁਖਪ੍ਰੀਤ ਕੌਰ ਗਰਭਵਤੀ ਸੀ। ਉਸ ਦੇ ਪਤੀ ਜਸਕਰਨ ਸਿੰਘ ਨੇ ਦੱਸਿਆ ਕਿ 24 ਜੂਨ ਨੂੰ ਉਹ ਆਪਣੀ ਪਤਨੀ ਨੂੰ ਡਿਲੀਵਰੀ ਲਈ ਮੋਗਾ ਦੇ ਸਿਵਲ ਹਸਪਤਾਲ ਲੈ ਕੇ ਗਿਆ ਸੀ। ਸਾਰਾ ਦਿਨ ਇੰਤਜ਼ਾਰ ਕਰਵਾਉਣ ਤੋਂ ਬਾਅਦ ਦੇਰ ਰਾਤ ਉਸ ਦੀ ਪਤਨੀ ਦੀ ਸਰਜਰੀ ਕੀਤੀ ਗਈ।
ਜਸਕਰਨ ਸਿੰਘ ਮੁਤਾਬਕ ਸਰਜਰੀ ਤੋਂ ਅਗਲੇ ਹੀ ਦਿਨ ਸੁਖਪ੍ਰੀਤ ਕੌਰ ਨੂੰ ਪੇਟ ਵਿੱਚ ਭਿਆਨਕ ਦਰਦ ਸ਼ੁਰੂ ਹੋ ਗਿਆ। ਜਦੋਂ ਇਸ ਬਾਰੇ ਡਾਕਟਰਾਂ ਨੂੰ ਜਾਣੂ ਕਰਵਾਇਆ ਗਿਆ ਤਾਂ ਉਸ ਨੂੰ ਤੁਰੰਤ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਉੱਥੇ ਇਲਾਜ ਦੌਰਾਨ ਪਰਿਵਾਰ ਨੂੰ ਪਤਾ ਲੱਗਿਆ ਕਿ ਡਿਲੀਵਰੀ ਸਮੇਂ ਖੂਨ ਅਤੇ ਪਿਸ਼ਾਬ ਨਾਲ ਸੰਬੰਧਤ ਨਸ ਕੱਟ ਗਈ ਸੀ, ਜਿਸ ਕਾਰਨ ਉਸ ਦੀ ਹਾਲਤ ਲਗਾਤਾਰ ਵਿਗੜਦੀ ਗਈ।
ਪਰਿਵਾਰ ਦਾ ਦੋਸ਼ ਹੈ ਕਿ ਡਾਕਟਰੀ ਲਾਪਰਵਾਹੀ ਕਾਰਨ 1 ਜੁਲਾਈ ਨੂੰ ਸੁਖਪ੍ਰੀਤ ਕੌਰ ਦੀ ਮੌਤ ਹੋ ਗਈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਨਾ ਤਾਂ ਫਰੀਦਕੋਟ ਮੈਡੀਕਲ ਕਾਲਜ ਪ੍ਰਸ਼ਾਸਨ ਨੇ ਉਨ੍ਹਾਂ ਦੀ ਗੱਲ ਸੁਣੀ ਅਤੇ ਨਾ ਹੀ ਮੋਗਾ ਹਸਪਤਾਲ ਪ੍ਰਸ਼ਾਸਨ ਨੇ ਕੋਈ ਵਧੀਆ ਤਰੀਕੇ ਨਾਲ ਜਵਾਬ ਦਿੱਤਾ, ਜਿਸ ਕਾਰਨ ਉਨ੍ਹਾਂ ਨੂੰ ਧਰਨਾ ਲਗਾਉਣ ਲਈ ਮਜਬੂਰ ਹੋਣਾ ਪਿਆ।
ਧਰਨੇ ਦੌਰਾਨ ਮੌਜੂਦ ਵਾਰਿਸ ਪੰਜਾਬ ਦੇ ਹਲਕਾ ਇੰਚਾਰਜ ਰਛਪਾਲ ਸਿੰਘ ਸ਼ੋਸ਼ਣ ਨੇ ਕਿਹਾ ਕਿ ਪੀੜਤ ਪਰਿਵਾਰ ਬਹੁਤ ਗਰੀਬ ਹੈ ਅਤੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਮੰਗ ਕੀਤੀ ਕਿ ਦੋਸ਼ੀ ਡਾਕਟਰ ਖ਼ਿਲਾਫ਼ ਤੁਰੰਤ ਮਾਮਲਾ ਦਰਜ ਕੀਤਾ ਜਾਵੇ ਅਤੇ ਮ੍ਰਿਤਕ ਮਹਿਲਾ ਦੀਆਂ ਦੋਨੋਂ ਬੱਚੀਆਂ ਲਈ ਯੋਗ ਮੁਆਵਜ਼ਾ ਦਿੱਤਾ ਜਾਵੇ।
ਪਰਿਵਾਰ ਅਤੇ ਸਮਾਜਿਕ ਆਗੂਆਂ ਨੇ ਸਰਕਾਰ ਤੋਂ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਦੀ ਅਪੀਲ ਕੀਤੀ ਹੈ।
ਮੈਂ ਗੁਨਾਹਗਾਰ ਨਹੀਂ
ਦੂਜੇ ਪਾਸੇ ਜਦੋਂ ਇਸ ਸਬੰਧੀ ਸਰਜਰੀ ਕਰਨ ਵਾਲੇ ਡਾਕਟਰ ਉਪਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਰਜਰੀ ਬਿਲਕੁਲ ਸਹੀ ਢੰਗ ਨਾਲ ਕੀਤੀ ਗਈ ਹੈ। ਕਿਸੇ ਵੀ ਤਰ੍ਹਾਂ ਦੀ ਕੋਈ ਲਾਪਰਵਾਹੀ ਨਹੀਂ ਹੋਈ। ਪਰਿਵਾਰ ਬਿਨਾਂ ਵਜ੍ਹਾ ਉਨ੍ਹਾਂ ਨੂੰ ਤੰਗ ਪਰੇਸ਼ਾਨ ਕਰ ਰਿਹਾ ਹੈ। ਉਨ੍ਹਾਂ ਨੂੰ ਬਦਨਾਮ ਕਰਨ 'ਤੇ ਤੁਲਿਆ ਹੋਇਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਪਰਿਵਾਰ ਮ੍ਰਿਤਕਾ ਦਾ ਫਰੀਦਕੋਟ ਤੋਂ ਪੋਸਟਮਾਰਟਮ ਕਰਵਾਏ। ਜੇਕਰ ਕੋਈ ਗਲਤੀ ਸਾਹਮਣੇ ਆਉਂਦੀ ਹੈ ਤਾਂ ਉਹ ਗੁਨਾਹਗਾਰ ਹੋਣਗੇ।