- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੀਜੀਪੀ ਗੌਰਵ ਯਾਦਵ ਅਨੁਸਾਰ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਯੂਕੇ ਅਧਾਰਿਤ ਇਕਬਾਲ ਉਰਫ਼ ਰਵੀ ਧਾਲੀਵਾਲ ਇਸ ਨੈੱਟਵਰਕ ਨੂੰ ਚਲਾ ਰਿਹਾ ਸੀ ਅਤੇ ਉਸ ਦੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਨਾਲ ਸਬੰਧ ਹੋਣ ਦੇ ਇਨਪੁਟ ਮਿਲੇ ਹਨ।

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਮੋਗਾ ਪੁਲਿਸ ਥਾਣੇ 'ਤੇ ਹੋਏ ਗ੍ਰਨੇਡ ਹਮਲੇ ਦੀ ਜਾਂਚ ਦੌਰਾਨ ਪੰਜਾਬ ਪੁਲਿਸ ਨੂੰ ਇੱਕ ਅਜਿਹੇ ਨੈੱਟਵਰਕ ਦੇ ਸੁਰਾਗ ਮਿਲੇ ਹਨ, ਜਿਸ ਦੀਆਂ ਕੜੀਆਂ ਵੱਡੇ ਪੱਧਰ 'ਤੇ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਨਾਲ ਜੁੜਦੀਆਂ ਨਜ਼ਰ ਆ ਰਹੀਆਂ ਹਨ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ 17 ਮੁਲਜ਼ਮਾਂ ਵਿੱਚੋਂ ਜ਼ਿਆਦਾਤਰ ਫਿਰੋਜ਼ਪੁਰ ਦੇ ਵੱਖ-ਵੱਖ ਇਲਾਕਿਆਂ ਨਾਲ ਸਬੰਧਤ ਹਨ। ਮੁਲਜ਼ਮਾਂ ਕੋਲੋਂ ਆਈਈਡੀ, ਵਿਸਫੋਟਕ ਸਮੱਗਰੀ, ਇਲੈਕਟ੍ਰਾਨਿਕ ਡੈਟੋਨੇਟਰ ਅਤੇ 9 ਐੱਮਐੱਮ ਗਲੌਕ ਪਿਸਤੌਲ ਵੀ ਬਰਾਮਦ ਹੋਏ ਹਨ।
ਡੀਜੀਪੀ ਗੌਰਵ ਯਾਦਵ ਅਨੁਸਾਰ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਯੂਕੇ ਅਧਾਰਿਤ ਇਕਬਾਲ ਉਰਫ਼ ਰਵੀ ਧਾਲੀਵਾਲ ਇਸ ਨੈੱਟਵਰਕ ਨੂੰ ਚਲਾ ਰਿਹਾ ਸੀ ਅਤੇ ਉਸ ਦੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਨਾਲ ਸਬੰਧ ਹੋਣ ਦੇ ਇਨਪੁਟ ਮਿਲੇ ਹਨ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਗਿਰੋਹ ਫਿਰੋਜ਼ਪੁਰ ਤੋਂ ਜੰਮੂ ਜਾਣ ਵਾਲੀ ਰੇਲਗੱਡੀ ਨੂੰ ਆਈਈਡੀ ਨਾਲ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਿਹਾ ਸੀ, ਜਿਸ ਨੂੰ ਸਮੇਂ ਸਿਰ ਨਾਕਾਮ ਕਰ ਦਿੱਤਾ ਗਿਆ।
ਜਾਂਚ ਨੇ ਸਰਹੱਦੀ ਜ਼ਿਲ੍ਹਿਆਂ ਵਿੱਚ ਅੱਤਵਾਦੀ ਮਾਡਿਊਲਾਂ ਦੀ ਮੁੜ ਸਰਗਰਮੀ ਅਤੇ ਨਾਰਕੋ-ਟੈਰਰ-ਗੈਂਗਸਟਰ ਗੱਠਜੋੜ ਵੱਲ ਵੀ ਧਿਆਨ ਕੇਂਦਰਿਤ ਕੀਤਾ ਹੈ। ਸੁਰੱਖਿਆ ਏਜੰਸੀਆਂ ਨੂੰ ਸ਼ੱਕ ਹੈ ਕਿ ਨਸ਼ਾ ਤਸਕਰੀ ਤੋਂ ਕਮਾਇਆ ਧਨ ਅੱਤਵਾਦੀ ਗਤੀਵਿਧੀਆਂ ਲਈ ਵਰਤਿਆ ਜਾ ਰਿਹਾ ਹੈ। ਇਸ ਮਾਮਲੇ ਨੇ ਸਥਾਨਕ ਖੁਫੀਆ ਪ੍ਰਬੰਧ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਕਾਰਗੁਜ਼ਾਰੀ 'ਤੇ ਵੀ ਸਵਾਲ ਖੜ੍ਹੇ ਕੀਤੇ ਹਨ।
ਪੁਲਿਸ ਅਨੁਸਾਰ ਗ੍ਰਨੇਡ ਹਮਲੇ ਦੇ ਤਿੰਨ ਮੁੱਖ ਮੁਲਜ਼ਮਾਂ ਦੀ ਪਛਾਣ ਗਗਨ ਉਰਫ਼ ਕਾਲੀ, ਰਾਜੇਸ਼ ਉਰਫ਼ ਖੰਨਾ ਅਤੇ ਸ਼ੁਭਮ ਉਰਫ਼ ਭਿੰਡਰ ਵਜੋਂ ਹੋਈ ਹੈ, ਜੋ ਫਿਰੋਜ਼ਪੁਰ ਨਾਲ ਸਬੰਧਤ ਹਨ। ਇਸ ਤੋਂ ਇਲਾਵਾ ਨੈੱਟਵਰਕ ਨੂੰ ਲੌਜਿਸਟਿਕ ਸਹਾਇਤਾ, ਪਨਾਹ ਅਤੇ ਵਿਸਤਾਰ ਦੇਣ ਦੇ ਦੋਸ਼ ਹੇਠ ਹੋਰ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਵੱਲੋਂ ਪੂਰੇ ਨੈੱਟਵਰਕ ਅਤੇ ਇਸ ਦੇ ਸਰਹੱਦ ਪਾਰ ਸਬੰਧਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।