ਮੰਤਰੀ ਦੀ ਫਟਕਾਰ ਦਾ ਅਸਰ, ਮੋਗਾ ’ਚ ਸਫ਼ਾਈ ਪ੍ਰਬੰਧ ਕੀਤੇ ਚੌਕਸ
ਪੰਜਾਬ ਦੇ ਕੈਬਿਨੇਟ ਮੰਤਰੀ ਹਰਜੋਤ ਸਿੰਘ ਬੈਂਸ
Publish Date: Wed, 24 Jun 2026 06:10 PM (IST)
Updated Date: Thu, 25 Jun 2026 04:04 AM (IST)

ਨਗਰ ਨਿਗਮ ਕਮਿਸ਼ਨਰ ਨੂੰ ਨੋਟਿਸ ਜਾਰੀ ਦੇ ਹੁਕਮਾਂ ਤੋਂ ਮੱਚੀ ਹਫੜਾ ਦਫੜੀ ਪੱਤਰ ਪ੍ਰੇਰਕ ਪੰਜਾਬੀ ਜਾਗਰਣ ਮੋਗਾ: ਪੰਜਾਬ ਦੇ ਕੈਬਿਨੇਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਚਾਨਕ ਫਟਕਾਰ ਦਾ ਮੋਗਾ ਸ਼ਹਿਰ ਦੀ ਸਫ਼ਾਈ ਪ੍ਰਣਾਲੀ ’ਤੇ ਤੁਰੰਤ ਅਸਰ ਵੇਖਣ ਨੂੰ ਮਿਲਿਆ ਹੈ। ਦੱਸਣਯੋਗ ਹੈ ਕਿ ਮੰਗਲਵਾਰ ਨੂੰ ਮੋਗਾ ਦੇ ਅਚਾਨਕ ਦੌਰੇ ਦੌਰਾਨ ਮੰਤਰੀ ਨੇ ਜਦੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਗੰਦਗੀ, ਕੂੜੇ ਦੇ ਢੇਰ ਅਤੇ ਬੇਤਰਤੀਬ ਸਫਾਈ ਪ੍ਰਬੰਧ ਦੇਖੇ ਤਾਂ ਉਨ੍ਹਾਂ ਨੇ ਸੰਬੰਧਤ ਅਧਿਕਾਰੀਆਂ ਨੂੰ ਕਰੜੇ ਸ਼ਬਦਾਂ ਵਿਚ ਫਟਕਾਰ ਲਗਾਈ। ਇਸ ਦੇ ਨਾਲ ਹੀ ਉਨ੍ਹਾਂ ਨੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਨੋਟਿਸ ਜਾਰੀ ਕਰਨ ਦੇ ਹੁਕਮ ਵੀ ਦਿੱਤੇ, ਜਿਸ ਨਾਲ ਪ੍ਰਸ਼ਾਸਨ ਵਿਚ ਹੜਕੰਪ ਮਚ ਗਿਆ। ਮੰਤਰੀ ਦੀ ਸਖ਼ਤ ਨਾਰਾਜ਼ਗੀ ਦਾ ਅਸਰ ਬੁੱਧਵਾਰ ਸਵੇਰੇ ਹੀ ਸ਼ਹਿਰ ਵਿਚ ਵੇਖਣ ਨੂੰ ਮਿਲਿਆ ਜਦੋਂ ਮੋਗਾ ਦੇ ਮੁੱਖ ਮਾਰਗਾਂ, ਬਾਜ਼ਾਰਾਂ, ਪ੍ਰਮੁੱਖ ਸਥਾਨਾਂ ਤੋਂ ਕੂੜੇ ਦੇ ਢੇਰ ਤੇਜ਼ੀ ਨਾਲ ਹਟਾਏ ਗਏ। ਕਈ ਥਾਵਾਂ ’ਤੇ ਸਫ਼ਾਈ ਕਰਮਚਾਰੀ ਸਵੇਰ ਤੋਂ ਹੀ ਕੰਮ ਵਿਚ ਜੁਟੇ ਨਜ਼ਰ ਆਏ। ਜਿੱਥੇ ਕੂੜਾ ਚੁੱਕਿਆ ਗਿਆ, ਉੱਥੇ ਡੀਡੀਟੀ ਦਾ ਛਿੜਕਾਅ ਵੀ ਕੀਤਾ ਗਿਆ ਤਾਂ ਜੋ ਬਦਬੂ, ਮੱਖੀਆਂ-ਮੱਛਰਾਂ ਵਾਲੀਆਂ ਬਿਮਾਰੀਆਂ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ। ਜ਼ਿਕਰਯੋਗ ਹੈ ਕਿ ਮੋਗਾ ਵਿਚ ਗੰਦਗੀ ਦੀ ਸਮੱਸਿਆ ਪਿਛਲੇ ਕਾਫ਼ੀ ਸਮੇਂ ਤੋਂ ਲੋਕਾਂ ਲਈ ਵੱਡੀ ਪਰੇਸ਼ਾਨੀ ਬਣੀ ਹੋਈ ਸੀ। ਕਈ ਇਲਾਕਿਆਂ ਵਿਚ ਹਰ ਵੇਲੇ ਕੂੜੇ ਦੇ ਢੇਰ ਲੱਗੇ ਰਹਿੰਦੇ ਸਨ, ਜਿਸ ਕਾਰਨ ਆਵਾਜਾਈ ਵਿਚ ਰੁਕਾਵਟ ਦੇ ਨਾਲ-ਨਾਲ ਬਦਬੂ ਅਤੇ ਬਿਮਾਰੀਆਂ ਦਾ ਖ਼ਤਰਾ ਵੀ ਵਧ ਰਿਹਾ ਸੀ। ਸਥਾਨਕ ਸ਼ਹਿਰ ਨਿਵਾਸੀਆਂ ਦਾ ਕਹਿਣਾ ਹੈ ਕਿ ਕਈ ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਵੀ ਸਮੱਸਿਆ ਦਾ ਕੋਈ ਪੱਕਾ ਹੱਲ ਨਹੀਂ ਕੀਤਾ ਗਿਆ ਸੀ ਪਰ ਮੰਗਲਵਾਰ ਸਵੇਰੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ਼ਹਿਰ ਦਾ ਅਚਾਨਕ ਦੌਰਾ ਕਰਕੇ ਸਫ਼ਾਈ ਪ੍ਰਬੰਧਾਂ ਦੀ ਜਾਂਚ ਕੀਤੀ। ਉਨ੍ਹਾਂ ਨੇ ਸਾਫ਼ ਸ਼ਬਦਾਂ ਵਿਚ ਕਿਹਾ ਕਿ ਜਦੋਂ ਅਧਿਕਾਰੀਆਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ ਤਾਂ ਸਿਰਫ਼ ਕਰਮਚਾਰੀਆਂ ਦੇ ਸਹਾਰੇ ਕੰਮ ਛੱਡਣਾ ਠੀਕ ਨਹੀਂ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਲੋਕਾਂ ਦੀ ਸਿਹਤ ਨਾਲ ਜੁੜੇ ਮਾਮਲਿਆਂ ਵਿਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਮੰਤਰੀ ਦੀ ਫਟਕਾਰ ਤੋਂ ਬਾਅਦ ਨਗਰ ਨਿਗਮ ਦੀ ਸੁਸਤ ਪ੍ਰਣਾਲੀ ਵਿਚ ਜਿਵੇਂ ਨਵੀਂ ਜਾਨ ਆ ਗਈ। ਬੁੱਧਵਾਰ ਸਵੇਰੇ ਹੀ ਸਫ਼ਾਈ ਮੁਹਿੰਮ ਨੂੰ ਜੰਗੀ ਪੱਧਰ ’ਤੇ ਚਲਾਇਆ ਗਿਆ। ਹਾਲਾਂਕਿ ਕੁੱਝ ਅੰਦਰੂਨੀ ਅਤੇ ਪਿੱਛੜੇ ਇਲਾਕਿਆਂ ਵਿਚ ਅਜੇ ਵੀ ਕੂੜੇ ਦੇ ਢੇਰ ਮੌਜੂਦ ਹਨ ਪਰ ਨਿਗਮ ਕਰਮਚਾਰੀਆਂ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਵੀ ਜਲਦ ਸਾਫ਼ ਕਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਮੋਗਾ ਸ਼ਹਿਰ ਵਿਚ ਹਰ ਰੋਜ਼ ਲਗਭਗ 4.6 ਮੀਟਰਿਕ ਟਨ ਕੂੜਾ ਇਕੱਠਾ ਹੁੰਦਾ ਹੈ, ਜਿਸ ਦੀ ਸੰਭਾਲ ਲਈ ਮਜ਼ਬੂਤ, ਯੋਜਨਾਬੱਧ ਪ੍ਰਬੰਧਾਂ ਦੀ ਲੋੜ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਕੂੜਾ ਪ੍ਰਬੰਧਨ ਪ੍ਰਣਾਲੀ ਮਜ਼ਬੂਤ ਨਾ ਹੋਵੇ ਤਾਂ ਆਉਣ ਵਾਲੇ ਸਮੇਂ ਵਿਚ ਸਮੱਸਿਆ ਹੋਰ ਗੰਭੀਰ ਹੋ ਸਕਦੀ ਹੈ। ਇਕ ਮਹੀਨੇ ਤੋਂ ਵੱਧ ਸਮੇਂ ਤੋਂ ਸ਼ਹਿਰ ਵਿਚ ਗੰਦਗੀ ਵੱਡਾ ਮੁੱਦਾ ਬਣੀ ਰਹੀ। ਨਗਰ ਨਿਗਮ ਚੋਣਾਂ ਤੋਂ ਪਹਿਲਾਂ ਕਰੀਬ 17 ਦਿਨ ਤੱਕ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਹਾਲਾਤ ਹੋਰ ਵੀ ਖ਼ਰਾਬ ਹੋ ਗਏ ਸਨ। ਹੜਤਾਲ ਖ਼ਤਮ ਹੋਣ ਤੋਂ ਬਾਅਦ ਕੁੱਝ ਇਲਾਕਿਆਂ ਵਿਚ ਕੂੜਾ ਚੁੱਕਿਆ ਗਿਆ, ਪਰ ਪੂਰਾ ਸ਼ਹਿਰ ਸਾਫ਼ ਨਹੀਂ ਹੋ ਸਕਿਆ। ਇਸ ਦੌਰਾਨ ਕਮਿਸ਼ਨਰ ਵੱਲੋਂ ਨਿਗਰਾਨੀ ਵੀ ਕੀਤੀ ਗਈ ਪਰ ਲੋੜੀਂਦੀ ਤੇਜ਼ੀ ਨਹੀਂ ਆ ਸਕੀ। ਸ਼ਹਿਰ ਵਾਸੀਆਂ ਨੇ ਕਿਹਾ ਕਿ ਜੋ ਕੰਮ ਹਜ਼ਾਰਾਂ ਸ਼ਿਕਾਇਤਾਂ ਨਾਲ ਨਹੀਂ ਹੋ ਸਕਿਆ, ਉਹ ਮੰਤਰੀ ਦੀ ਇਕ ਫਟਕਾਰ ਨਾਲ ਹੋ ਗਿਆ। ਲੋਕਾਂ ਨੇ ਮੰਗ ਕੀਤੀ ਕਿ ਸਰਕਾਰ ਦੇ ਮੰਤਰੀ ਸਮੇਂ-ਸਮੇਂ ’ਤੇ ਮੋਗਾ ਦੇ ਅਚਾਨਕ ਦੌਰੇ ਕਰਦੇ ਰਹਿਣ ਤਾਂ ਜੋ ਪ੍ਰਸ਼ਾਸਨਿਕ ਲਾਪਰਵਾਹੀ ’ਤੇ ਰੋਕ ਲੱਗ ਸਕੇ ਅਤੇ ਅਧਿਕਾਰੀ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਉਣ। ਲੋਕਾਂ ਨੇ ਇਹ ਵੀ ਕਿਹਾ ਕਿ ਮੋਗਾ ਵਿਚ ਟ੍ਰੈਫਿਕ ਜਾਮ ਦੀ ਸਮੱਸਿਆ ਵੀ ਦਿਨੋਂ-ਦਿਨ ਗੰਭੀਰ ਹੋ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਮੰਤਰੀ ਇਸ ਮੁੱਦੇ ‘ਤੇ ਵੀ ਧਿਆਨ ਦੇਣ ਤਾਂ ਆਮ ਲੋਕਾਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ। ਇਸ ਦੇ ਨਾਲ ਹੀ ਪੌਲੀਥੀਨ ਦੇ ਲਿਫਾਫੇ ਵੀ ਸ਼ਹਿਰ ਲਈ ਵੱਡੀ ਮੁਸੀਬਤ ਬਣੇ ਹੋਏ ਹਨ। ਬਰਸਾਤ ਦੇ ਮੌਸਮ ਵਿਚ ਇਹ ਲਿਫ਼ਾਫ਼ੇ ਨਾਲੀਆਂ ਜਾਮ ਕਰ ਦਿੰਦੇ ਹਨ, ਜਿਸ ਕਾਰਨ ਪਾਣੀ ਖੜ੍ਹਾ ਹੋ ਜਾਂਦਾ ਹੈ ਅਤੇ ਬਿਮਾਰੀਆਂ ਫ਼ੈਲਣ ਦਾ ਖ਼ਤਰਾ ਵਧ ਜਾਂਦਾ ਹੈ। ਲੋਕ ਖਾਣ-ਪੀਣ ਵਾਲੀਆਂ ਚੀਜ਼ਾਂ ਪੌਲੀਥੀਨ ਵਿਚ ਸੁੱਟ ਦਿੰਦੇ ਹਨ, ਜਿਨ੍ਹਾਂ ਨੂੰ ਆਵਾਰਾ ਪਸ਼ੂ ਖਾ ਜਾਂਦੇ ਹਨ ਅਤੇ ਕਈ ਵਾਰ ਇਹ ਉਨ੍ਹਾਂ ਦੀ ਮੌਤ ਦਾ ਕਾਰਨ ਬਣ ਜਾਂਦਾ ਹੈ। ਸ਼ਹਿਰ ਵਾਸੀਆਂ ਨੇ ਅਪੀਲ ਕੀਤੀ ਕਿ ਸਫ਼ਾਈ ਸਿਰਫ਼ ਸਰਕਾਰ ਜਾਂ ਨਿਗਮ ਦੀ ਹੀ ਨਹੀਂ, ਸਗੋਂ ਹਰ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ। ਜੇ ਲੋਕ ਖੁਦ ਜਾਗਰੂਕ ਹੋਣ, ਪੌਲੀਥੀਨ ਦੀ ਵਰਤੋਂ ਘਟਾਉਣ ਅਤੇ ਸਫ਼ਾਈ ਨਿਯਮਾਂ ਦੀ ਪਾਲਣਾ ਕਰਨ ਤਾਂ ਮੋਗਾ ਨੂੰ ਸੱਚਮੁੱਚ ਇਕ ਸਾਫ਼-ਸੁਥਰਾ ਅਤੇ ਸੁੰਦਰ ਸ਼ਹਿਰ ਬਣਾਇਆ ਜਾ ਸਕਦਾ ਹੈ।