ਮੋਗਾ ਸ਼ਹਿਰ ਦਾ ਸਰਬਪੱਖੀ ਵਿਕਾਸ ਮੇਰਾ ਮੁੱਖ ਨਿਸ਼ਾਨਾ : ਮੇਅਰ
ਮੋਗਾ ਵਿਖੇ ਰਾਮਗੜ੍ਹੀਆ ਵੈੱਲਫੇਅਰ ਸੁਸਾਇਟੀ
Publish Date: Tue, 16 Jun 2026 05:25 PM (IST)
Updated Date: Wed, 17 Jun 2026 04:03 AM (IST)

ਰਾਮਗੜ੍ਹੀਆ ਵੈੱਲਫੇਅਰ ਸੁਸਾਇਟੀ ਵੱਲੋਂ ਮੇਅਰ ਵਿਨੈਪਾਲ ਕੌਰ ਤੇ ਕੌਂਸਲਰ ਮਨਜੀਤ ਸਿੰਘ ਧੰਮੂ ਸਨਮਾਨਿਤ ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ : ਮੋਗਾ ਵਿਖੇ ਰਾਮਗੜ੍ਹੀਆ ਵੈੱਲਫੇਅਰ ਸੁਸਾਇਟੀ ਦੇ ਵੱਲੋਂ ਵਿਸ਼ਵਕਰਮਾ ਭਵਨ ਵਿਖੇ ਹਾੜ੍ਹ ਦੀ ਸੰਗਰਾਂਦ ਦੇ ਪਵਿੱਤਰ ਦਿਹਾੜੇ ਸ਼੍ਰੀ ਗੁਰੂ ਗਰੰਥ ਸਾਹਿਬ ਦੇ ਭੋਗ ਉਪਰੰਤ ਭਾਈ ਪਰਮਜੀਤ ਸਿੰਘ ਦੇ ਕੀਰਤਨੀ ਜੱਥੇ ਵੱਲੋਂ ਮਨੋਹਰ ਕੀਰਤਨ ਕੀਤਾ ਗਿਆ। ਉਨ੍ਹਾਂ ਬਾਰਾਮਾਹ ਵਿਚੋਂ ਹਾੜ੍ਹ ਮਹੀਨੇ ਦੀ ਕੱਥਾ ਕੀਤੀ। ਗੁਰਦੁਆਰਾ ਵਿਸ਼ਵਕਰਮਾ ਭਵਨ ਦੇ ਮੁੱਖ ਗਰੰਥੀ ਭਾਈ ਚਮਕੌਰ ਸਿੰਘ ਗਾਹਲਾ ਨੇ ਅਰਦਾਸ ਕਰਕੇ ਹੁਕਮਨਾਮਾ ਲਿਆ ਤੇ ਗੁਰਬਾਣੀ ਬਾਰਹਮਾਹ ਵਿਚੋਂ ਹਾੜ੍ਹ ਮਹੀਨਾ ਸੰਗਤਾਂ ਨੂੰ ਸਰਵਣ ਕਰਵਾਇਆ। ਮੰਚ ਦਾ ਸੰਚਾਲਨ ਕਰਦਿਆਂ ਨਰਿੰਦਰਪਾਲ ਸਿੰਘ ਸਹਾਰਨ ਨੇ ਸੰਗਰਾਂਦ ਦੀ ਸੰਗਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਮੋਗਾ ਨਗਰ ਨਿਗਮ ਦੇ ਮੇਅਰ ਦੀ ਪੋਸਟ ਪੱਛੜੀਆਂ ਸ੍ਰੇਣੀਆਂ ਲਈ ਰਾਖਵੀਂ ਕਰ ਦੇਣ ਕਰਕੇ ਰਾਮਗੜ੍ਹੀਆ ਭਾਈਚਾਰੇ ਨੂੰ ਮਾਣ ਮਿਲਿਆ ਵਿਨੈਪਾਲ ਕੌਰ ਨੂੰ ਆਮ ਆਦਮੀ ਪਾਰਟੀ ਨੇ ਮੇਅਰ ਦੀ ਕੁਰਸੀ ’ਤੇ ਬਿਰਾਜਮਾਨ ਹੋਣ ਦਾ ਮੌਕਾ ਦਿੱਤਾ। ਰਾਮਗੜ੍ਹੀਆਂ ਦੇ ਦੋ ਹੋਰ ਨਗਰ ਕੌਂਸਲਰ ਮਨਜੀਤ ਸਿੰਘ ਧੰਮੂ ਅਤੇ ਵਿਕਰਮ ਸਿੰਘ ਘਾਤੀ ਚੁਣੇ ਗਏ ਹਨ। ਇਸ ਮੌਕੇ ਸੰਬੋਧਨ ਕਰਦਿਆਂ ਮੇਅਰ ਨਗਰ ਨਿਗਮ ਵਿਨੈਪਾਲ ਕੌਰ ਨੇ ਸਨਮਾਨ ਸਮਾਰੋਹ ਰੱਖਣ ਲਈ ਰਾਮਗੜ੍ਹੀਆ ਵੈੱਲਫੇਅਰ ਸੁਸਾਇਟੀ ਦੇ ਮੈਬਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਥਾਨਕ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਮੋਗਾ ਸ਼ਹਿਰ ਦਾ ਵਿਕਾਸ ਉਨ੍ਹਾਂ ਪਹਿਲੀ ਤਰਜ਼ੀਹ ਹੈ ਅਤੇ ਉਹ ਹਰ ਸੰਭਵ ਯਤਨ ਕਰਨਗੇ। ਉਨ੍ਹਾਂ ਮੋਗਾ ਨਿਵਾਸੀਆਂ ਤੋਂ ਸਹਿਯੋਗ ਦੀ ਮੰਗ ਕੀਤੀ। ਰਾਮਗੜ੍ਹੀਆ ਵੈੱਲਫੇਅਰ ਸੁਸਾਇਟੀ ਵੱਲੋਂ ਨਵੇਂ ਬਣੇ ਮੇਅਰ ਨਗਰ ਨਿਗਮ ਵਿਨੈਪਾਲ ਕੌਰ ਅਤੇ ਨਗਰ ਕੌਂਸਲਰ ਮਨਜੀਤ ਸਿੰਘ ਧੰਮੂ ਦਾ ਕਾਰਜਕਾਰੀ ਪ੍ਰਧਾਨ ਰਾਜਾ ਸਿੰਘ, ਸੋਹਣ ਸਿੰਘ ਸੱਗੂ ਸਰਪ੍ਰਸਤ, ਚਮਕੌਰ ਸਿੰਘ ਝੰਡੇਆਣਾ, ਮਾਸਟਰ ਇੰਦਰਜੀਤ ਸਿੰਘ ਅਤੇ ਗੁਰਦਰਸ਼ਨ ਸਿੰਘ ਸਾਬਕਾ ਪ੍ਰਧਾਨ, ਗਿਆਨ ਸਿੰਘ ਸਾਬਕਾ ਡੀਪੀਆਰਓ, ਸਰਬਜੀਤ ਸਿੰਘ ਜੰਡੂ, ਜੋਗਿੰਦਰ ਸਿੰਘ ਕੋਕਰੀਵਾਲੇ, ਮਹਿੰਦਰ ਸਿੰਘ ਕਲਸੀ ਨੇ ਲੋਈਆਂ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਮਨਪ੍ਰੀਤ ਸਿੰਘ ਵਿੱਕੀ ਦੌਧਰੀਆ, ਜਗਰੂਪ ਸਿੰਘ ਤਖ਼ਤੂਪਰਾ, ਬਲਵੰਤ ਸਿੰਘ ਝੰਡੇਆਣਾ, ਇੰਜ: ਪ੍ਰਿਤਪਾਲ ਸਿੰਘ, ਬਚਿੱਤਰ ਸਿੰਘ ਕਲਸੀ, ਕੁਲਜੀਤ ਸਿੰਘ ਕਲਸੀ, ਭਾਈ ਪੂਰਨ ਭਗਤ ਸਿੰਘ, ਹਾਕਮ ਸਿੰਘ ਖੋਸਾ ਅਤੇ ਹੋਰ ਮੈਂਬਰ ਸ਼ਾਮਲ ਸਨ। ਅੰਤ ਵਿਚ ਸੰਗਤਾਂ ਨੂੰ ਲੰਗਰ ਵਰਤਾਇਆ ਗਿਆ।