ਨਗਰ ਨਿਗਮ ਕਮਿਸ਼ਨਰ ਮੋਗਾ ਨੂੰ ਨੋਟਿਸ ਜਾਰੀ ਕਰਨ ਦੇ ਹੁਕਮ
ਨਾਗਰਿਕ ਸਵੱਛਤਾ ਅਤੇ ਸਿਹਤ ਪ੍ਰਤੀ
Publish Date: Tue, 23 Jun 2026 04:39 PM (IST)
Updated Date: Wed, 24 Jun 2026 04:04 AM (IST)

ਸਫਾਈ ਪ੍ਰਬੰਧਾਂ ’ਚ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਬੈਂਸ ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ: ਨਾਗਰਿਕ ਸਵੱਛਤਾ ਅਤੇ ਸਿਹਤ ਪ੍ਰਤੀ ਸਖ਼ਤ ਰੁਖ਼ ਅਪਣਾਉਂਦਿਆਂ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਵੇਰੇ ਅਚਨਚੇਤ ਨਿਰੀਖਣ ਤੋਂ ਬਾਅਦ ਨਗਰ ਨਿਗਮ ਕਮਿਸ਼ਨਰ ਮੋਗਾ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੇ ਹੁਕਮ ਦਿੱਤੇ ਹਨ। ਜ਼ਿਕਰਯੋਗ ਹੈ ਕਿ ਨਿਰੀਖਣ ਦੌਰਾਨ ਸ਼ਹਿਰ ਭਰ ਵਿਚ ਸਫਾਈ ਅਤੇ ਸਵੱਛਤਾ ਵਿੱਚ ਕਾਫੀ ਕੁਤਾਹੀਆਂ ਪਾਈਆਂ ਗਈਆਂ ਸਨ। ਮੰਗਲਵਾਰ ਨੂੰ ਮੋਗਾ ਸ਼ਹਿਰ ਵਿਚ ਨਿਰੀਖਣ ਦੌਰਾਨ ਹਰਜੋਤ ਸਿੰਘ ਬੈਂਸ ਨੇ ਵਸਨੀਕਾਂ ਨਾਲ ਗੱਲਬਾਤ ਕੀਤੀ ਅਤੇ ਸ਼ਹਿਰ ਭਰ ਵਿਚ ਖੁੱਲ੍ਹੇ ਕੂੜੇ ਵਾਲੀਆਂ ਥਾਵਾਂ ਨੂੰ ਦੇਖਿਆ, ਜੋ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇ ਮਿਸ਼ਨ ਕਲੀਨ ਪੰਜਾਬ ਅਧੀਨ ਨਿਰਧਾਰਤ ਸਫਾਈ ਮਾਪਦੰਡਾਂ ਦੀ ਸਿੱਧੀ -ਸਿੱਧੀ ਉਲੰਘਣਾ ਦੀ ਤਸਵੀਰ ਪੇਸ਼ ਕਰ ਰਹੀਆਂ ਸਨ। ਸਾਥਨਕ ਸਰਕਾਰਾਂ ਮੰਤਰੀ ਨੇ ਕਿਹਾ “ਸਫਾਈ ਵਿਚ ਕੁਤਾਹੀ ਜਾਂ ਅਣਗਹਿਲੀ ਲਈ ਜ਼ੀਰੋ ਸਹਿਣਸ਼ੀਲਤਾ ਹੈ। ਮੋਗਾ ਵਿਚ ਮੇਰੇ ਨਿਰੀਖਣ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਪੰਜਾਬ ਦੇ ਲੋਕ ਬਿਹਤਰ ਤੇ ਸਾਫ ਸੁਥਰੇ ਵਾਤਾਵਰਨ ਦੇ ਹੱਕਦਾਰ ਹਨ ਅਤੇ ਉਲੰਘਣਾ ਕਰਨ ਵਾਲੇ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਅਸੀਂ ਕੰਮ ਦੀ ਨਿਗਰਾਨੀ ਕਰ ਰਹੇ ਹਾਂ, ਪਾੜੇ ਪੂਰੇ ਜਾ ਰਹੇ ਹਨ ਅਤੇ ਯਤਨਾਂ ਵਿਚ ਤੇਜ਼ੀ ਲਿਆਂਦੀ ਜਾ ਰਹੀ ਹੈ। ਇਹ ਮਿਸ਼ਨ ਕਲੀਨ ਪੰਜਾਬ ਦਾ ਮੂਲ ਸਿਧਾਂਤ ਹੈ। ਹਰਜੋਤ ਸਿੰਘ ਬੈਂਸ ਇਸ ਮਹੀਨੇ ਸ਼ੁਰੂ ਕੀਤੀ ਗਈ ਤਕਨੀਕ-ਸੰਚਾਲਿਤ ਸੈਨੀਟੇਸ਼ਨ ਮੁਹਿੰਮ “ਮਿਸ਼ਨ ਕਲੀਨ ਪੰਜਾਬ” ਦੀ ਨਿੱਜੀ ਤੌਰ ਤੇ ਨਿਗਰਾਨੀ ਕਰ ਰਹੇ ਹਨ। ਇਸ ਪਹਿਲਕਦਮੀ ਤਹਿਤ ਨਗਰ ਨਿਗਮ ਕਮਿਸ਼ਨਰਾਂ ਤੋਂ ਲੈ ਕੇ ਈਓਜ਼ ਤੱਕ ਸਾਰੇ ਅਧਿਕਾਰੀਆਂ ਵੱਲੋਂ ਰੋਜ਼ਾਨਾ ਸਵੇਰੇ 7 ਵਜੇ ਤੋਂ 8 ਵਜੇ ਤੱਕ ਫ਼ੀਲਡ ਦੌਰੇ ਕਰਨਾ ਲਾਜ਼ਮੀ ਹੈ ਅਤੇ ਹਰੇਕ ਅਧਿਕਾਰੀ ਦੀ ਜਵਾਬਦੇਹੀ ਯਕੀਨੀ ਬਣਾਉਣ ਲਈ ਇਕ ਸਮਰਪਿਤ ਸੁਪਰਵਾਈਜ਼ਰੀ ਅਧਿਕਾਰੀ ਅਧੀਨ ਹਰੇਕ ਸ਼ਹਿਰ ਨੂੰ 10 ਕਿਲੋਮੀਟਰ ਦੇ ਜ਼ੋਨਾਂ ਵਿਚ ਵੰਡਿਆ ਗਿਆ ਹੈ। ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਨਾਗਰਿਕ ਸਵੱਛਤਾ ਬਾਰੇ ਦ੍ਰਿਸ਼ਟੀਕੋਣ ਦੀ ਪੁਸ਼ਟੀ ਕਰਦਿਆਂ ਮੰਤਰੀ ਬੈਂਸ ਨੇ ਕਿਹਾ ਕਿ ਮਿਸ਼ਨ ਕਲੀਨ ਪੰਜਾਬ ਸਿਰਫ਼ ਸਰਕਾਰੀ ਫਾਈਲਾਂ ਵਿਚ ਨਹੀਂ ਬਲਕਿ ਸਿੱਧੀ ਪ੍ਰਸ਼ਾਸਕੀ ਦਖਲ ਅਤੇ ਜ਼ਮੀਨੀ ਪੱਧਰ ’ਤੇ ਚਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰਾਂ ਵਿਚ ਅਚਨਚੇਤ ਨਿਰੀਖਣ ਜਾਰੀ ਰਹਿਣਗੇ ਅਤੇ ਲਾਪਰਵਾਹੀ ਕਰਨ ਵਾਲੇ ਅਧਿਕਾਰੀਆਂ ਨੂੰ ਜ਼ਿੰਮੇਵਾਰ ਮੰਨਿਆ ਜਾਵੇਗਾ। ਉਨ੍ਹਾਂ ਨੇ ਸਫਾਈ ਕਰਮਚਾਰੀਆਂ ਨੂੰ ਸੂਬੇ ਦੇ ਸ਼ਹਿਰੀ ਵਿਕਾਸ ਵਿਚ ਮੁੱਖ ਹਿੱਸੇਦਾਰ ਦੱਸਿਆ। ਬੈਂਸ ਨੇ ਕਿਹਾ ਅਸੀਂ ਮੋਗਾ ਵਿਚ ਮਿਸਾਲ ਕਾਇਮ ਕਰ ਰਹੇ ਹਾਂ। ਸਫ਼ਾਈ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ। ਅਸੀਂ ਉਦੋਂ ਤੱਕ ਅਚਨਚੇਤ ਚੈਕਿੰਗ ਜਾਰੀ ਰਹੇਗੀ ਜਦੋਂ ਤੱਕ ਪੰਜਾਬ ਦਾ ਹਰ ਸ਼ਹਿਰ ਸਫ਼ਾਈ ਦੇ ਸਿਖਰਲੇ ਮਿਆਰਾਂ ਤੱਕ ਨਹੀਂ ਪਹੁੰਚਦਾ।