- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉੱਥੇ ਹੀ, ਇਸ ਫਾਇਰਿੰਗ ਨੂੰ ਲੈ ਕੇ ਪੁਲਿਸ ਨੇ ਜਿੱਥੇ ਅਣਪਛਾਤੇ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ, ਉੱਥੇ ਹੀ ਐਤਵਾਰ ਨੂੰ ਪੁਲਿਸ ਨੇ ਦੋ ਲੋਕਾਂ ਨੂੰ ਮੁਕਾਬਲੇ ਦੌਰਾਨ ਗ੍ਰਿਫਤਾਰ ਕਰ ਲਿਆ ਹੈ, ਜਿਨ੍ਹਾਂ ਨੂੰ ਇਲਾਜ ਲਈ ਮੋਗਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਹੈ।

ਵਕੀਲ ਮਹਿਰੋਂ ਮੋਗਾ : ਪਿਛਲੇ ਦਿਨੀਂ ਮੋਗਾ ਦੇ ਜ਼ੀਰਾ ਰੋਡ 'ਤੇ ਸ਼ੈੱਲਰ ਵਿੱਚ ਖਾਣਾ ਖਾਣ ਜਾ ਰਹੇ ਪਰਵਾਸੀ ਮਜ਼ਦੂਰਾਂ 'ਤੇ ਮੋਟਰਸਾਈਕਲ ਸਵਾਰਾਂ ਵੱਲੋਂ ਫਾਇਰਿੰਗ ਕੀਤੀ ਗਈ ਸੀ। ਇਸ ਦੌਰਾਨ ਦੋ ਪਰਵਾਸੀ ਮਜ਼ਦੂਰ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਨੂੰ ਇਲਾਜ ਲਈ ਮੋਗਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੋਂ ਉਨ੍ਹਾਂ ਨੂੰ ਫ਼ਰੀਦਕੋਟ ਰੈਫ਼ਰ ਕਰ ਦਿੱਤਾ ਗਿਆ ਸੀ।
ਉੱਥੇ ਹੀ, ਇਸ ਫਾਇਰਿੰਗ ਨੂੰ ਲੈ ਕੇ ਪੁਲਿਸ ਨੇ ਜਿੱਥੇ ਅਣਪਛਾਤੇ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ, ਉੱਥੇ ਹੀ ਐਤਵਾਰ ਨੂੰ ਪੁਲਿਸ ਨੇ ਦੋ ਲੋਕਾਂ ਨੂੰ ਮੁਕਾਬਲੇ ਦੌਰਾਨ ਗ੍ਰਿਫਤਾਰ ਕਰ ਲਿਆ ਹੈ, ਜਿਨ੍ਹਾਂ ਨੂੰ ਇਲਾਜ ਲਈ ਮੋਗਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਹੈ।
ਘਟਨਾ ਵਾਲੀ ਥਾਂ 'ਤੇ ਪਹੁੰਚੇ ਐੱਸ.ਐੱਸ.ਪੀ. ਮੋਗਾ ਅਜੈ ਗਾਂਧੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਦਿਨੀਂ ਜ਼ੀਰਾ ਰੋਡ 'ਤੇ ਸ਼ੈੱਲਰ ਵਿੱਚ ਕੰਮ ਕਰ ਕੇ ਖਾਣਾ ਖਾਣ ਜਾ ਰਹੇ ਮਜ਼ਦੂਰਾਂ 'ਤੇ ਮੋਟਰਸਾਈਕਲ ਸਵਾਰ ਤਿੰਨ ਵਿਅਕਤੀਆਂ ਵੱਲੋਂ ਫਾਇਰਿੰਗ ਕੀਤੀ ਗਈ ਸੀ। ਪੁਲਿਸ ਨੇ ਗੰਭੀਰਤਾ ਨਾਲ ਜਾਂਚ ਕਰਦੇ ਹੋਏ ਅਣਪਛਾਤੇ ਲੋਕਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਪੜਤਾਲ ਦੌਰਾਨ ਉਨ੍ਹਾਂ ਨੂੰ ਰਹਿਣ ਲਈ ਜਗ੍ਹਾ ਦੇਣ ਦੇ ਦੋਸ਼ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਨਾਲ ਸਬੰਧਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ, ਜਦਕਿ ਹੋਰ ਮੁਲਜ਼ਮਾਂ ਖ਼ਿਲਾਫ਼ ਪੁਲਿਸ ਜਾਂਚ ਪੜਤਾਲ ਕਰ ਹੀ ਰਹੀ ਸੀ ਕਿ ਇਸੇ ਦੌਰਾਨ ਗਸ਼ਤ ਕਰ ਰਹੀ ਪੁਲਿਸ ਨੂੰ ਸੂਚਨਾ ਮਿਲੀ ਕਿ ਜ਼ੀਰਾ ਰੋਡ 'ਤੇ ਹੋਈ ਘਟਨਾ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਉਕਤ ਇਲਾਕੇ ਵਿੱਚ ਘੁੰਮ ਰਹੇ ਹਨ।
ਜਿਸ 'ਤੇ ਸੀ.ਆਈ.ਏ. ਸਟਾਫ਼ ਦੀ ਪੁਲਿਸ ਸਮੇਤ ਹੋਰ ਪੁਲਿਸ ਫੋਰਸ ਨੇ ਇਲਾਕੇ ਵਿੱਚ ਨਾਕਾਬੰਦੀ ਕੀਤੀ, ਇਸੇ ਦੌਰਾਨ ਮੋਟਰਸਾਈਕਲ ਸਵਾਰ ਮੁਲਜ਼ਮਾਂ ਨੇ ਪੁਲਿਸ 'ਤੇ ਫਾਇਰਿੰਗ ਕਰ ਦਿੱਤੀ। ਮੁਲਜ਼ਮਾਂ ਵੱਲੋਂ ਕਰੀਬ ਚਾਰ ਫਾਇਰ ਕੀਤੇ ਗਏ। ਪੁਲਿਸ ਵੱਲੋਂ ਜਵਾਬੀ ਫਾਇਰਿੰਗ ਕੀਤੇ ਜਾਣ ਦੌਰਾਨ ਜੋਬਨਪ੍ਰੀਤ ਸਿੰਘ ਨਿਵਾਸੀ ਪਿੰਡ ਭਗਾਲੀ, ਥਾਣਾ ਤਲਵੰਡੀ ਭਾਈ, ਜ਼ਿਲ੍ਹਾ ਫਿਰੋਜ਼ਪੁਰ ਦੇ ਲੱਤ 'ਤੇ ਗੋਲੀ ਲੱਗੀ। ਉੱਥੇ ਹੀ, ਉਸ ਦੇ ਸਾਥੀ ਆਕਾਸ਼ਦੀਪ ਸਿੰਘ ਨਿਵਾਸੀ ਥਮਨ ਵਾਲਾ ਨੂੰ ਵੀ ਸੱਟ ਲੱਗੀ। ਦੋਵਾਂ ਨੂੰ ਪੁਲਿਸ ਨੇ ਮੌਕੇ 'ਤੇ ਗ੍ਰਿਫਤਾਰ ਕਰ ਲਿਆ ਅਤੇ ਜ਼ਖ਼ਮੀ ਹਾਲਤ ਵਿੱਚ ਮੋਗਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ।
ਐੱਸ.ਐੱਸ.ਪੀ. ਮੋਗਾ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਦੋ ਪਿਸਤੌਲ ਅਤੇ ਚਾਰ ਖਾਲੀ ਕਾਰਤੂਸ ਬਰਾਮਦ ਕੀਤੇ ਗਏ ਹਨ, ਜਦਕਿ ਘਟਨਾ ਦੌਰਾਨ ਵੀਡੀਓ ਬਣਾਉਣ ਵਾਲਾ ਮੁਲਜ਼ਮ ਸ਼ਾਹਵੀਰ ਸਿੰਘ ਅਜੇ ਫਰਾਰ ਚੱਲ ਰਿਹਾ ਹੈ, ਜਿਸ ਦੀ ਭਾਲ ਵਿੱਚ ਪੁਲਿਸ ਜੁਟੀ ਹੋਈ ਹੈ। ਐੱਸ.ਐੱਸ.ਪੀ. ਮੋਗਾ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਨੂੰ ਰਹਿਣ ਲਈ ਟਿਕਾਣਾ ਦੇਣ ਦੇ ਦੋਸ਼ ਵਿੱਚ ਫਿਰੋਜ਼ਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਦੋ ਮੁਲਜ਼ਮਾਂ ਨੂੰ ਪਹਿਲਾਂ ਹੀ ਪੁਲਿਸ ਗ੍ਰਿਫਤਾਰ ਕਰ ਚੁੱਕੀ ਹੈ। ਉਕਤ ਮੁਲਜ਼ਮ ਨੇ ਵਿਦੇਸ਼ ਵਿੱਚ ਬੈਠੇ ਕਿਸੇ ਗੈਂਗਸਟਰ ਦੇ ਕਹਿਣ 'ਤੇ ਘਟਨਾ ਨੂੰ ਅੰਜਾਮ ਦਿੱਤਾ ਸੀ।
ਵਿਦੇਸ਼ ਵਿੱਚ ਬੈਠੀਆਂ ਤਾਕਤਾਂ ਕਰ ਰਹੀਆਂ ਹਨ ਮਾਹੌਲ ਖਰਾਬ
ਐੱਸ.ਐੱਸ.ਪੀ. ਮੋਗਾ ਅਜੈ ਗਾਂਧੀ ਨੇ ਦੱਸਿਆ ਕਿ ਵਿਦੇਸ਼ ਵਿੱਚ ਬੈਠੇ ਗੈਂਗਸਟਰ ਪੰਜਾਬ ਦਾ ਮਾਹੌਲ ਖਰਾਬ ਕਰਨ ਵਿੱਚ ਜੁਟੇ ਹੋਏ ਹਨ। ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਜ਼ੀਰੋ ਟਾਲਰੈਂਸ ਦੀ ਸਥਿਤੀ ਵਿੱਚ ਕਿਸੇ ਵੀ ਗੈਂਗਸਟਰ ਦੀ ਹਰਕਤ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਸਰਪੰਚ ਸਮੇਤ ਦੋ ਕੀਤੇ ਜਾ ਚੁੱਕੇ ਹਨ ਗ੍ਰਿਫਤਾਰ
ਸਦਰ ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਇਸ ਹਮਲੇ ਪਿੱਛੇ ਸਰਪੰਚ ਲਖਵਿੰਦਰ ਸਿੰਘ ਅਤੇ ਸੁਖਵੀਰ ਸਿੰਘ ਦਾ ਹੱਥ ਸੀ। ਇਨ੍ਹਾਂ ਦੋਵਾਂ ਨੇ ਹੀ ਸਾਜ਼ਿਸ਼ ਰਚ ਕੇ ਸ਼ੂਟਰਾਂ ਨੂੰ 2 ਨਾਜਾਇਜ਼ ਪਿਸਤੌਲ ਮੁਹੱਈਆ ਕਰਵਾਏ ਸਨ। ਪੁਲਿਸ ਨੇ ਦੋਵਾਂ ਖ਼ਿਲਾਫ਼ ਧਾਰਾ 109, 3(5), 253, 61(2) ਬੀ.ਐੱਨ.ਐੱਸ. ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਹੈ। ਸ਼ਨੀਵਾਰ ਨੂੰ ਡਿਊਟੀ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕਰਨ 'ਤੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।