- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲਗਾਤਾਰ ਵੱਧ ਰਹੇ ਤਾਪਮਾਨ

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਲਗਾਤਾਰ ਵੱਧ ਰਹੇ ਤਾਪਮਾਨ ਅਤੇ ਤਿੱਖੀ ਗਰਮੀ ਨੇ ਹੁਣ ਆਮ ਜਨਤਾ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ। ਗਰਮੀ ਦੇ ਤੀਖੇ ਪ੍ਰਭਾਵ ਕਾਰਨ ਸਬਜ਼ੀਆਂ ਦੀ ਪੈਦਾਵਾਰ ਅਤੇ ਸਪਲਾਈ ਪ੍ਰਭਾਵਿਤ ਹੋ ਰਹੀ ਹੈ, ਜਿਸ ਕਾਰਨ ਮੰਡੀ ਵਿਚ ਸਬਜ਼ੀਆਂ ਦੇ ਭਾਅ ਤੇਜ਼ੀ ਨਾਲ ਵਧ ਰਹੇ ਹਨ। ਇਸ ਵਧਦੀ ਮਹਿੰਗਾਈ ਦਾ ਸਿੱਧਾ ਅਸਰ ਆਮ ਲੋਕਾਂ ਦੀ ਜੇਬ ’ਤੇ ਪੈ ਰਿਹਾ ਹੈ ਅਤੇ ਘਰੇਲੂ ਰਸੋਈ ਦਾ ਬਜਟ ਬੁਰੀ ਤਰ੍ਹਾਂ ਹਿੱਲ ਗਿਆ ਹੈ। ਪਹਿਲਾਂ ਹੀ ਮਹਿੰਗਾਈ ਨਾਲ ਜੂਝ ਰਹੇ ਲੋਕਾਂ ਲਈ ਹੁਣ ਰੋਜ਼ਾਨਾ ਦੀਆਂ ਲੋੜੀਂਦੀਆਂ ਸਬਜ਼ੀਆਂ ਖਰੀਦਣੀਆਂ ਵੀ ਚੁਣੌਤੀ ਬਣ ਗਈਆਂ ਹਨ। ਸਬਜ਼ੀ ਮੰਡੀ ’ਚ ਖੀਰਾ 30 ਤੋਂ 40 ਰੁਪਏ ਪ੍ਰਤੀ ਕਿੱਲੋ, ਪਿਆਜ਼ 30 ਤੋਂ 33 ਰੁਪਏ ਪ੍ਰਤੀ ਕਿੱਲੋ ਅਤੇ ਭਿੰਡੀ 40 ਤੋਂ 50 ਰੁਪਏ ਪ੍ਰਤੀ ਕਿਲੋ ਦੇ ਭਾਅ ਵਿਕ ਰਹੀ ਹੈ। ਇਸ ਤੋਂ ਇਲਾਵਾ ਘੀਆ, ਕੱਦੂ, ਰਾਮਾਤੋਰੀ, ਟਮਾਟਰ ਅਤੇ ਹੋਰ ਕਈ ਆਮ ਵਰਤੋਂ ਵਾਲੀਆਂ ਸਬਜ਼ੀਆਂ ਦੇ ਭਾਅ ਵੀ 40 ਤੋਂ 50 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਏ ਹਨ। ਪਿਛਲੇ ਕੁੱਝ ਹਫ਼ਤਿਆਂ ਦੌਰਾਨ ਕੀਮਤਾਂ ਵਿਚ ਆਈ ਲਗਾਤਾਰ ਤੇਜ਼ੀ ਨੇ ਖ਼ਰੀਦਦਾਰਾਂ ਦੀ ਚਿੰਤਾ ਵਧਾ ਦਿੱਤੀ ਹੈ। ਸਬਜ਼ੀ ਵਿਕ੍ਰੇਤਾਵਾਂ ਰਾਮੂ, ਸ਼ੰਮੀ ਅਤੇ ਬਿੰਦਰ ਪਾਲ ਨੇ ਦੱਸਿਆ ਕਿ ਮੰਡੀ ਵਿੱਚ ਹੀ ਸਬਜ਼ੀਆਂ ਮਹਿੰਗੇ ਰੇਟਾਂ ’ਤੇ ਮਿਲ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਆਵਾਜਾਈ ਖਰਚੇ, ਗਰਮੀ ਕਾਰਨ ਖਰਾਬ ਹੋਣ ਵਾਲਾ ਮਾਲ ਅਤੇ ਘੱਟ ਆਮਦ ਕਾਰਨ ਸਬਜ਼ੀਆਂ ਦੇ ਭਾਅ ਵਧੇ ਹਨ। ਇਸ ਕਾਰਨ ਉਹ ਗਾਹਕਾਂ ਨੂੰ ਘੱਟ ਕੀਮਤ ’ਤੇ ਸਬਜ਼ੀਆਂ ਵੇਚਣ ’ਚ ਅਸਮਰੱਥ ਹਨ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਨਾਲੋਂ ਵਿਕਰੀ ਵਿਚ ਵੀ ਕਮੀ ਆਈ ਹੈ ਕਿਉਂਕਿ ਲੋਕ ਲੋੜ ਤੋਂ ਘੱਟ ਸਬਜ਼ੀਆਂ ਖ਼ਰੀਦ ਰਹੇ ਹਨ। ਇਸ ਨਾਲ ਛੋਟੇ ਵਿਕ੍ਰੇਤਾਵਾਂ ਲਈ ਰੋਜ਼ਾਨਾ ਦਾ ਖ਼ਰਚਾ ਕੱਢਣਾ ਵੀ ਮੁਸ਼ਕਲ ਹੋ ਗਿਆ ਹੈ। ਦੂਜੇ ਪਾਸੇ ਗਾਹਕਾਂ ਦਾ ਕਹਿਣਾ ਹੈ ਕਿ ਸਬਜ਼ੀਆਂ ਦੀਆਂ ਵਧਦੀਆਂ ਕੀਮਤਾਂ ਨੇ ਘਰੇਲੂ ਬਜਟ ਪੂਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਖ਼ਾਸ ਕਰਕੇ ਮੱਧ ਵਰਗ ਅਤੇ ਦਿਹਾੜੀਦਾਰ ਪਰਿਵਾਰਾਂ ਲਈ ਇਹ ਮਹਿੰਗਾਈ ਵੱਡੀ ਚਿੰਤਾ ਬਣੀ ਹੋਈ ਹੈ। ਘਰੇਲੂ ਔਰਤਾਂ ਨੇ ਦੱਸਿਆ ਕਿ ਪਹਿਲਾਂ ਜਿੰਨ੍ਹਾਂ ਪੈਸਿਆਂ ਵਿਚ ਹਫ਼ਤੇ ਭਰ ਦੀ ਸਬਜ਼ੀ ਆ ਜਾਂਦੀ ਸੀ, ਹੁਣ ਉਹੀ ਰਕਮ ਕੁੱਝ ਦਿਨਾਂ ਲਈ ਵੀ ਕਾਫ਼ੀ ਨਹੀਂ ਰਹੀ। ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਜੇਕਰ ਸਰਕਾਰ ਵੱਲੋਂ ਜਲਦ ਹੀ ਕੀਮਤਾਂ ’ਤੇ ਕਾਬੂ ਪਾਉਣ ਲਈ ਪ੍ਰਭਾਵਸ਼ਾਲੀ ਕਦਮ ਨਾ ਚੁੱਕੇ ਗਏ ਤਾਂ ਆਉਣ ਵਾਲੇ ਦਿਨਾਂ ਵਿਚ ਹਾਲਾਤ ਹੋਰ ਗੰਭੀਰ ਹੋ ਸਕਦੇ ਹਨ। ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਬਜ਼ੀਆਂ ਦੀਆਂ ਕੀਮਤਾਂ ਨੂੰ ਨਿਯੰਤਰਿਤ ਕਰਨ ਅਤੇ ਆਮ ਜਨਤਾ ਨੂੰ ਰਾਹਤ ਦੇਣ ਲਈ ਢੁੱਕਵੇਂ ਹੱਲ ਕੀਤੇ ਜਾਣ। ਮਾਹਿਰਾਂ ਅਨੁਸਾਰ ਜੇ ਗਰਮੀ ਦਾ ਇਹ ਪ੍ਰਕੋਪ ਜਾਰੀ ਰਿਹਾ ਤਾਂ ਆਉਣ ਵਾਲੇ ਸਮੇਂ ਵਿਚ ਸਬਜ਼ੀਆਂ ਦੇ ਭਾਅ ਹੋਰ ਵੀ ਵੱਧ ਸਕਦੇ ਹਨ, ਜਿਸ ਨਾਲ ਮਹਿੰਗਾਈ ਦਾ ਬੋਝ ਹੋਰ ਵਧੇਗਾ। ਇਸ ਸਬੰਧੀ ਪਿੰਡ ਧੱਲੇਕੇ ਵਾਸੀ ਹਰਭਜਨ ਸਿੰਘ ਨੇ ਕਿਹਾ ਕਿ ਪਹਿਲਾਂ ਜਿੰਨ੍ਹਾਂ ਪੈਸਿਆਂ ਵਿਚ ਹਫ਼ਤੇ ਦੀ ਸਬਜ਼ੀ ਆ ਜਾਂਦੀ ਸੀ, ਹੁਣ ਉਹੀ ਪੈਸੇ ਦੋ-ਤਿੰਨ ਦਿਨ ਵੀ ਨਹੀਂ ਚਲਦੇ। ਮਹਿੰਗਾਈ ਨੇ ਆਮ ਘਰਾਂ ਦਾ ਬਜਟ ਵਿਗਾੜ ਕੇ ਰੱਖ ਦਿੱਤਾ ਹੈ। ਗੁਰਮੇਲ ਸਿੰਘ ਨੇ ਕਿਹਾ ਕਿ ਦਿਹਾੜੀ ਕਰਕੇ ਘਰ ਦਾ ਖ਼ਰਚ ਚਲਾਉਣਾ ਪਹਿਲਾਂ ਹੀ ਔਖਾ ਸੀ, ਹੁਣ ਸਬਜ਼ੀਆਂ ਦੇ ਵਧਦੇ ਭਾਅ ਨੇ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ। ਸਰਕਾਰ ਨੂੰ ਜਲਦੀ ਕੋਈ ਹੱਲ ਕੱਢਣਾ ਚਾਹੀਦਾ ਹੈ। ਕੁਲਵੰਤ ਕੌਰ ਨੇ ਆਪਣੀ ਚਿੰਤਾ ਜਤਾਉਂਦਿਆਂ ਕਿਹਾ, ਘਰੇਲੂ ਔਰਤਾਂ ਲਈ ਰਸੋਈ ਚਲਾਉਣਾ ਬਹੁਤ ਔਖਾ ਹੋ ਗਿਆ ਹੈ। ਹਰ ਰੋਜ਼ ਸਬਜ਼ੀ ਖ਼ਰੀਦਣ ਲਈ ਪਹਿਲਾਂ ਨਾਲੋਂ ਕਾਫ਼ੀ ਵੱਧ ਪੈਸੇ ਖ਼ਰਚਣੇ ਪੈਂਦੇ ਹਨ। ਇਸੇ ਤਰ੍ਹਾਂ ਜਸਵੀਰ ਸਿੰਘ ਨੇ ਕਿਹਾ ਜੇ ਸਬਜ਼ੀਆਂ ਦੇ ਭਾਅ ਇਸੇ ਤਰ੍ਹਾਂ ਵਧਦੇ ਰਹੇ ਤਾਂ ਆਮ ਆਦਮੀ ਲਈ ਦੋ ਵਕਤ ਦੀ ਰੋਟੀ ਦਾ ਜੁਗਾੜ ਕਰਨਾ ਵੀ ਮੁਸ਼ਕਲ ਹੋ ਜਾਵੇਗਾ।