- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ’ਤੇ

ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ’ਤੇ ਕੀਤਾ ਅਰਥੀ ਫੂਕ ਪ੍ਰਦਰਸ਼ਨ
ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ’ਤੇ ਮੋਗਾ ਵਿਚ ਭਾਰਤ-ਅਮਰੀਕਾ ਵਪਾਰਕ ਸਮਝੌਤੇ ਦੇ ਵਿਰੋਧ ’ਚ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਮੋਦੀ ਸਰਕਾਰ ਦੀਆਂ ਅਰਥੀਆਂ ਸਾੜੀਆਂ ਗਈਆਂ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਪ੍ਰਧਾਨ ਜਗਮੋਹਣ ਸਿੰਘ ਕੰਗ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਮਰੀਕਾ ਤੋਂ ਇਕ ਡੈਲੀਗੇਸ਼ਨ ਦਿੱਲੀ ਆ ਰਿਹਾ ਹੈ, ਜੋ ਭਾਰਤ ਸਰਕਾਰ ਨਾਲ ਇਕ ਮਹੱਤਵਪੂਰਨ ਵਪਾਰਕ ਸਮਝੌਤਾ ਕਰਨ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਇਹ ਸਮਝੌਤਾ ਹੋ ਜਾਂਦਾ ਹੈ ਤਾਂ ਅਮਰੀਕਾ ਤੋਂ ਵੱਡੇ ਪੱਧਰ ’ਤੇ ਖੇਤੀਬਾੜੀ ਫ਼ਸਲਾਂ ਅਤੇ ਦੁੱਧ ਤੋਂ ਬਣੀਆਂ ਚੀਜ਼ਾਂ ਭਾਰਤੀ ਮੰਡੀਆਂ ਵਿਚ ਆਉਣਗੀਆਂ, ਜਿਸ ਨਾਲ ਦੇਸੀ ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪਵੇਗਾ। ਉਨ੍ਹਾਂ ਕਿਹਾ ਕਿ ਅਮਰੀਕਾ ਆਪਣੀਆਂ ਚੀਜ਼ਾਂ ਘੱਟ ਕੀਮਤ ’ਤੇ ਭਾਰਤੀ ਮਾਰਕੀਟ ਵਿਚ ਸੁੱਟੇਗਾ, ਜਿਸ ਕਾਰਨ ਸਾਡੀਆਂ ਫ਼ਸਲਾਂ, ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦਾਂ ਦੀ ਮੰਗ ਘਟੇਗੀ ਅਤੇ ਕਿਸਾਨਾਂ ਦੀ ਆਮਦਨ ’ਤੇ ਗੰਭੀਰ ਅਸਰ ਪਵੇਗਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਇਹ ਸਮਝੌਤਾ ਭਾਰਤੀ ਖੇਤੀ ਪ੍ਰਣਾਲੀ ਨੂੰ ਹੋਰ ਕਮਜ਼ੋਰ ਕਰ ਸਕਦਾ ਹੈ। ਜਗਮੋਹਣ ਸਿੰਘ ਕੰਗ ਨੇ ਹਰੇ ਇਨਕਲਾਬ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਸ ਸਮੇਂ ਵੀ ਮਸ਼ੀਨਰੀ, ਹਾਈਬ੍ਰਿਡ ਬੀਜ ਅਤੇ ਰਸਾਇਣਕ ਖਾਦਾਂ ਸ਼ੁਰੂ ਵਿਚ ਸਸਤੀਆਂ ਮਿਲੀਆਂ। ਕਿਸਾਨਾਂ ਨੇ ਇਨ੍ਹਾਂ ਨੂੰ ਵੱਡੇ ਪੱਧਰ ’ਤੇ ਅਪਣਾਇਆ, ਜਿਸ ਨਾਲ ਪਰੰਪਰਾਗਤ ਖੇਤੀਬਾੜੀ ਪ੍ਰਣਾਲੀ ਨੂੰ ਭਾਰੀ ਨੁਕਸਾਨ ਹੋਇਆ। ਟਰੈਕਟਰਾਂ ਦੇ ਆਉਣ ਨਾਲ ਬਲਦਾਂ, ਖੁਰਲੀਆਂ ਅਤੇ ਰਵਾਇਤੀ ਬੀਜਾਂ ਦੀ ਸੰਭਾਲ ਦੀ ਪ੍ਰਥਾ ਲਗਭਗ ਖ਼ਤਮ ਹੋ ਗਈ। ਕੁਦਰਤੀ ਖਾਦਾਂ ਦੀ ਵਰਤੋਂ ਵੀ ਘਟ ਗਈ। ਉਨ੍ਹਾਂ ਕਿਹਾ ਕਿ ਹਰੇ ਇਨਕਲਾਬ ਨਾਲ ਸ਼ੁਰੂਆਤੀ ਦੌਰ ਵਿਚ ਉਤਪਾਦਨ ਵਧਿਆ ਪਰ ਬਾਅਦ ਵਿਚ ਕਿਸਾਨ ਮਹਿੰਗੇ ਬੀਜਾਂ, ਖਾਦਾਂ ਅਤੇ ਮਸ਼ੀਨਰੀ ਉੱਤੇ ਨਿਰਭਰ ਹੋ ਗਏ। ਸਮੇਂ ਦੇ ਨਾਲ ਇਨ੍ਹਾਂ ਚੀਜ਼ਾਂ ਦੇ ਰੇਟ ਅਸਮਾਨ ਛੂਹਣ ਲੱਗੇ, ਜਦਕਿ ਫ਼ਸਲਾਂ ਦੇ ਭਾਅ ਉਸ ਅਨੁਪਾਤ ’ਚ ਨਹੀਂ ਵਧੇ। ਇਸ ਕਾਰਨ ਕਿਸਾਨ ਕਰਜ਼ੇ ਦੇ ਜਾਲ ’ਚ ਫਸਦੇ ਗਏ ਅਤੇ ਕਈਆਂ ਨੂੰ ਖੁਦਕੁਸ਼ੀ ਵਰਗੇ ਕਦਮ ਚੁੱਕਣੇ ਪਏ। ਉਨ੍ਹਾਂ ਹੋਰ ਕਿਹਾ ਕਿ ਨਵੇਂ ਸਮਝੌਤੇ ਤਹਿਤ ਜੇਕਰ ਵਿਦੇਸ਼ੀ ਵਸਤਾਂ ਸਸਤੇ ਭਾਅ ’ਤੇ ਇੱਥੇ ਆਉਣ ਲੱਗੀਆਂ ਤਾਂ ਦੇਸੀ ਉਤਪਾਦਨ ਹੌਲੀ-ਹੌਲੀ ਬੰਦ ਹੋ ਜਾਵੇਗਾ। ਇਸ ਨਾਲ ਭਾਰਤ ਵਿਦੇਸ਼ੀ ਤਾਕਤਾਂ ’ਤੇ ਨਿਰਭਰ ਹੋ ਜਾਵੇਗਾ ਅਤੇ ਭਵਿੱਖ ਵਿਚ ਇਹੀ ਵਸਤਾਂ ਮਹਿੰਗੇ ਰੇਟਾਂ ’ਤੇ ਖ਼ਰੀਦਣੀਆਂ ਪੈਣਗੀਆਂ। ਇਸ ਦਾ ਸਿੱਧਾ ਨੁਕਸਾਨ ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਨੂੰ ਝੱਲਣਾ ਪਵੇਗਾ, ਜਦਕਿ ਅਮਰੀਕੀ ਕਾਰਪੋਰੇਟ ਘਰਾਣੇ ਹੋਰ ਮਾਲਾਮਾਲ ਹੋਣਗੇ। ਦਿੱਲੀ ਵਿਚ ਹੋ ਰਹੇ ਇਸ ਸਮਝੌਤੇ ਦਾ ਵਿਰੋਧ ਕਰਨ ਲਈ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਦੇਸ਼ ਭਰ ਵਿਚ ਰੋਸ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਗਿਆ ਸੀ। ਇਸੇ ਤਹਿਤ ਮੋਗਾ ਵਿਚ ਵੀ ਵੱਖ-ਵੱਖ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਨੇ ਇਕੱਠੇ ਹੋ ਕੇ ਮੋਦੀ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਇਆ ਅਤੇ ਅਰਥੀਆਂ ਸਾੜੀਆਂ। ਇਸ ਰੋਸ ਪ੍ਰਦਰਸ਼ਨ ਵਿਚ ਬੀਕੇਯੂ ਬਹਿਰਾਮਕੇ, ਬੀਕੇਯੂ ਕ੍ਰਾਂਤੀਕਾਰੀ, ਬੀਕੇਯੂ ਏਕਤਾ ਆਜ਼ਾਦ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਕ੍ਰਾਂਤੀਕਾਰੀ ਈ-ਰਿਕਸ਼ਾ ਯੂਨੀਅਨ ਦੇ ਆਗੂ ਅਤੇ ਵਰਕਰ ਵੱਡੀ ਗਿਣਤੀ ਵਿੱਚ ਮੌਜੂਦ ਸਨ। ਆਗੂਆਂ ਨੇ ਐਲਾਨ ਕੀਤਾ ਕਿ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕਾਂ ’ਤੇ ਕਿਸੇ ਵੀ ਤਰ੍ਹਾਂ ਦੀ ਚੋਟ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।