- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰਦੁਆਰਾ ਗੋਬਿੰਦ ਘਾਟ ਦੇ ਮੈਨੇਜਰ ਸੇਵਾ ਸਿੰਘ ਨੇ ਦੱਸਿਆ ਕਿ ਲਗਾਤਾਰ ਬਾਰਿਸ਼ ਅਤੇ ਹੇਮਕੁੰਟ ਸਾਹਿਬ ਵਿਖੇ ਬਰਫ਼ਬਾਰੀ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਯਾਤਰਾ ਰੋਕਣ ਦੀਆਂ ਹਦਾਇਤਾਂ ਦਿੱਤੀਆਂ ਹਨ। ਸੁਰੱਖਿਆ ਦੇ ਮੱਦੇਨਜ਼ਰ ਗੋਬਿੰਦ ਘਾਟ ਪਹੁੰਚ ਚੁੱਕੀ ਸੰਗਤ ਨੂੰ ਅੱਗੇ ਜਾਣ ਤੋਂ ਰੋਕਿਆ ਗਿਆ ਹੈ।

ਕੁਲਵਿੰਦਰ ਸਿੰਘ ਸਹੋਤਾ, ਪੰਜਾਬੀ ਜਾਗਰਣ, ਮੋਗਾ : ਉੱਤਰਾਖੰਡ ਦੇ ਪਹਾੜੀ ਇਲਾਕਿਆਂ ਵਿੱਚ ਭਾਰੀ ਬਾਰਿਸ਼ ਅਤੇ ਸ੍ਰੀ ਹੇਮਕੁੰਟ ਸਾਹਿਬ ਵਿਖੇ ਬਰਫ਼ਬਾਰੀ ਕਾਰਨ ਹੇਮਕੁੰਟ ਸਾਹਿਬ ਦੀ ਯਾਤਰਾ ਫਿਲਹਾਲ ਰੋਕ ਦਿੱਤੀ ਗਈ ਹੈ। ਗੁਰਦੁਆਰਾ ਗੋਬਿੰਦ ਘਾਟ ਪਹੁੰਚ ਰਹੀਆਂ ਸੰਗਤਾਂ ਨੂੰ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਪ੍ਰਸ਼ਾਸਨ ਵੱਲੋਂ ਅਗਲੇ ਹੁਕਮ ਜਾਰੀ ਹੋਣ ਤੱਕ ਯਾਤਰਾ ਮੁੜ ਸ਼ੁਰੂ ਨਹੀਂ ਕੀਤੀ ਜਾਵੇਗੀ।
ਗੁਰਦੁਆਰਾ ਗੋਬਿੰਦ ਘਾਟ ਦੇ ਮੈਨੇਜਰ ਸੇਵਾ ਸਿੰਘ ਨੇ ਦੱਸਿਆ ਕਿ ਲਗਾਤਾਰ ਬਾਰਿਸ਼ ਅਤੇ ਹੇਮਕੁੰਟ ਸਾਹਿਬ ਵਿਖੇ ਬਰਫ਼ਬਾਰੀ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਯਾਤਰਾ ਰੋਕਣ ਦੀਆਂ ਹਦਾਇਤਾਂ ਦਿੱਤੀਆਂ ਹਨ। ਸੁਰੱਖਿਆ ਦੇ ਮੱਦੇਨਜ਼ਰ ਗੋਬਿੰਦ ਘਾਟ ਪਹੁੰਚ ਚੁੱਕੀ ਸੰਗਤ ਨੂੰ ਅੱਗੇ ਜਾਣ ਤੋਂ ਰੋਕਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਐਤਵਾਰ ਨੂੰ ਕਰੀਬ 900 ਯਾਤਰੀ ਗੋਬਿੰਦ ਘਾਟ ਪਹੁੰਚੇ, ਜਦਕਿ ਲਗਭਗ 1100 ਯਾਤਰੀ ਰਿਸ਼ੀਕੇਸ਼ ਤੋਂ ਇੱਥੇ ਆ ਰਹੇ ਹਨ। ਪੰਜਾਬ ਸਮੇਤ ਹੋਰਨਾਂ ਸੂਬਿਆਂ ਤੋਂ ਵੀ ਵੱਡੀ ਗਿਣਤੀ ਵਿੱਚ ਸੰਗਤ ਪਹੁੰਚ ਰਹੀ ਹੈ।
ਮੌਸਮ ਖ਼ਰਾਬ ਹੋਣ ਕਾਰਨ ਯਾਤਰੀਆਂ ਨੂੰ ਅੱਗੇ ਦੀ ਯਾਤਰਾ ਅਤੇ ਵਾਪਸੀ ਦੇ ਪ੍ਰੋਗਰਾਮਾਂ ਨੂੰ ਲੈ ਕੇ ਚਿੰਤਾ ਬਣੀ ਹੋਈ ਹੈ। ਲੁਧਿਆਣਾ ਤੋਂ ਆਏ ਜੱਥੇ ਦੇ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨਾਲ ਆਏ ਇੱਕ ਪਰਿਵਾਰ ਦੇ ਮੈਂਬਰ ਦੀ ਵਿਦੇਸ਼ ਜਾਣ ਲਈ ਫਲਾਈਟ ਹੈ। ਯਾਤਰਾ ਲੰਮੀ ਹੋਣ ਦੀ ਸੂਰਤ ਵਿੱਚ ਟਿਕਟ ਅੱਗੇ ਕਰਵਾਉਣੀ ਪੈ ਸਕਦੀ ਹੈ। ਇੱਕ ਹੋਰ ਪਰਿਵਾਰ ਨੇ ਦੱਸਿਆ ਕਿ ਬੱਚਿਆਂ ਨਾਲ ਛੁੱਟੀਆਂ ਵਿੱਚ ਯਾਤਰਾ ’ਤੇ ਆਏ ਹਨ ਅਤੇ ਵਾਪਸੀ ਵਿੱਚ ਦੇਰੀ ਹੋਣ ਕਾਰਨ ਉਨ੍ਹਾਂ ਦੀ ਪੜ੍ਹਾਈ ਪ੍ਰਭਾਵਿਤ ਹੋਣ ਦੀ ਚਿੰਤਾ ਹੈ।
ਗੋਬਿੰਦ ਘਾਟ ਵਿੱਚ ਸੁਖਵਿੰਦਰ ਸਿੰਘ, ਨੀਰਜ ਮਲਹੋਤਰਾ, ਪਰਮਿੰਦਰ ਸਿੰਘ, ਗੁਰਦੀਪ ਸਿੰਘ, ਗਗਨਦੀਪ ਸਿੰਘ, ਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਮੌਜੂਦ ਹੈ। ਯਾਤਰਾ ਮੁੜ ਕਦੋਂ ਸ਼ੁਰੂ ਹੋਵੇਗੀ, ਇਸ ਬਾਰੇ ਪ੍ਰਸ਼ਾਸਨ ਦੇ ਅਗਲੇ ਹੁਕਮਾਂ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ।