
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਹਰਪ੍ਰੀਤ ਕੌਰ ਨੇ ਦੱਸਿਆ ਸਵੇਰ ਹੁੰਦਿਆਂ ਹੀ ਉਹ ਇਨ੍ਹਾਂ ਦੀ ਸੰਗਤ ਵਿਚ ਸ਼ਾਮਲ ਹੋ ਜਾਂਦੀ ਹੈ। ਇਨ੍ਹਾਂ ਦਾ ਚਿੜਚੋੜਲ ਅਤੇ ਕੁਦਰਤੀ ਸੰਗੀਤ ਇਸ ਦੁਨੀਆ ਦੇ ਹੋਰਨਾਂ ਸੰਗੀਤਾਂ ਨੂੰ ਮਾਤ ਪਾਉਂਦਾ ਹੈ। ਸਵੇਰ ਤੋਂ ਇਨ੍ਹਾਂ ਨੂੰ ਖਾਣਾ ਪਾਉਣਾ ਅਤੇ ਪਾਣੀ ਦਾ ਪ੍ਰਬੰਧ ਕਰਨਾ ਉਸ ਦੀ ਰੋਜ਼ਮਰਾ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕਿਆ ਹੈ।

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ : ਕੁਝ ਇਨਸਾਨ ਜ਼ਿੰਦਗੀ ਵਿਚ ਅਜਿਹੇ ਨਿਵੇਕਲੇ ਕਾਰਜ ਕਰਦੇ ਹਨ ਜੋ ਆਮ ਲੋਕਾਂ ਵਿਚ ਚਰਚਾ ਛੇੜਣ ਦਾ ਸਬੱਬ ਬਣਦੇ ਹਨ। ਅਜਿਹਾ ਹੀ ਵਿਲੱਖਣ ਕਾਰਜ ਕੀਤਾ ਹੈ ਮੋਗਾ ਜ਼ਿਲ੍ਹੇ ਦੇ ਨਿਧਾਂਵਾਲਾ ਪਿੰਡ ਦੀ ਬੀਬੀ ਹਰਪ੍ਰੀਤ ਕੌਰ ਨੇ। ਹਰਪ੍ਰੀਤ ਕੌਰ ਨੇ ਆਪਣੇ ਘਰ ਵਿਚ ਪੰਛੀਆਂ ਲਈ 300 ਤੋਂ ਵੱਧ ਰੈਣ ਬਸੇਰੇ ਬਣਾਏ ਹਨ। ਜਿਨ੍ਹਾਂ ਵਿਚ ਭਾਂਤ ਸੁਭਾਂਤੀਆਂ ਚਿੜੀਆਂ ਜੀਵਨ ਬਸਰ ਕਰਦੀਆਂ ਹਨ ਅਤੇ ਆਪਣੇ ਪਰਿਵਾਰਾਂ ਵਿੱਚ ਵਾਧਾ ਕਰਦੀਆਂ ਹਨ। ਉਹ ਪੰਛੀ ਸੰਸਾਰ 'ਚ ਵਿਚਰਦਿਆਂ ਬੇਹੱਦ ਖੁਸ਼ ਅਤੇ ਸੰਤੁਸ਼ਟ ਹਨ।
ਹਰਪ੍ਰੀਤ ਕੌਰ ਨੇ ਦੱਸਿਆ ਸਵੇਰ ਹੁੰਦਿਆਂ ਹੀ ਉਹ ਇਨ੍ਹਾਂ ਦੀ ਸੰਗਤ ਵਿਚ ਸ਼ਾਮਲ ਹੋ ਜਾਂਦੀ ਹੈ। ਇਨ੍ਹਾਂ ਦਾ ਚਿੜਚੋੜਲ ਅਤੇ ਕੁਦਰਤੀ ਸੰਗੀਤ ਇਸ ਦੁਨੀਆ ਦੇ ਹੋਰਨਾਂ ਸੰਗੀਤਾਂ ਨੂੰ ਮਾਤ ਪਾਉਂਦਾ ਹੈ। ਸਵੇਰ ਤੋਂ ਇਨ੍ਹਾਂ ਨੂੰ ਖਾਣਾ ਪਾਉਣਾ ਅਤੇ ਪਾਣੀ ਦਾ ਪ੍ਰਬੰਧ ਕਰਨਾ ਉਸ ਦੀ ਰੋਜ਼ਮਰਾ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕਿਆ ਹੈ। ਸਵੇਰ ਦੀ ਚਾਹ ਦਾ ਕੱਪ ਹੱਥ ਵਿਚ ਲੈ ਕੇ ਉਹ ਪੰਛੀਆਂ ਦੀ ਸੰਗਤ ਵਿਚ ਸ਼ਾਮਿਲ ਹੋ ਜਾਂਦੀ ਹੈ ਜੋ ਕਿ ਉਸ ਤੋਂ ਪਹਿਲਾਂ ਹੀ ਜਾਗ ਚੁੱਕੇ ਹੁੰਦੇ ਹਨ।
ਹਰਪ੍ਰੀਤ ਕੌਰ ਚਿੜੀਆਂ ਨੂੰ ਰਾਜਕੁਮਾਰੀਆਂ ਕਹਿ ਕੇ ਬੁਲਾਉਂਦੀ ਹੈ, ਦਰਅਸਲ ਉਹ ਚਾਹੁੰਦੀ ਸੀ ਕਿ ਉਸ ਦੇ ਇਕ ਧੀ ਵੀ ਹੋਵੇ। ਨਿਰਸੰਦੇਹ ਪ੍ਰਮਾਤਮਾ ਨੇ ਪੁੱਤਰ ਦੀ ਦਾਤ ਬਖਸੀ ਹੈ। ਹਰਪ੍ਰੀਤ ਕੌਰ ਨੇ ਕਿਹਾ ਕਿ ਦੇ ਮਨ ਵਿਚ ਇਕ ਬੇਟੀ ਦੀ ਮਾਂ ਬਣਨ ਦੀ ਤਾਂਘ ਸੀ। ਪਰ ਸਰੀਰਕ ਸਮੱਸਿਆਵਾਂ ਕਾਰਨ ਉਸ ਦੀ ਇਹ ਚਾਹਤ ਪੂਰੀ ਨਾ ਹੋਈ। ਇਸ ਦੀ ਪੂਰਤੀ ਲਈ ਉਸ ਨੇ ਪੰਛੀਆਂ ਨਾਲ ਸਾਂਝ ਪਾਈ। ਉਹ ਆਪਣਾ ਹਰ ਦੁੱਖ ਸੁੱਖ ਇਨ੍ਹਾਂ ਨਾਲ ਧੀਆਂ ਵਾਂਗ ਸਾਂਝਾ ਕਰਦੀ ਹੈ। ਇਸ ਕਾਰਨ ਉਸ ਨੇ ਚਿੜੀਆਂ ਨੂੰ ਰਾਜਕੁਮਾਰੀਆਂ ਦਾ ਰੁਤਬਾ ਦਿੱਤਾ ਹੋਇਆ ਹੈ। ਉਸ ਦਾ ਕਹਿਣਾ ਹੈ ਕਿ ਪੰਛੀਆਂ ਨਾਲ ਵਿਚਰਦਿਆਂ ਉਸ ਨੂੰ ਅਜਿਹਾ ਸਕੂਨ ਮਿਲਦਾ ਹੈ ਜਿਸ ਨੂੰ ਸ਼ਬਦਾਂ ਵਿਚ ਬਿਆਨ ਕਰਨਾ ਮੁਸ਼ਕਲ ਹੈ।
ਬੀਬੀ ਹਰਪ੍ਰੀਤ ਕੌਰ ਨੇ ਲੋਕਾਂ ਨੂੰ ਕੁਦਰਤ ਨਾਲ ਜੁੜਣ ਦਾ ਸੰਦੇਸ਼ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਛੀ ਵੀ ਕੁਦਰਤ ਦੀ ਅਣਮੋਲ ਦਾਤ ਹਨ। ਇਨ੍ਹਾਂ ਦੀ ਲਗਾਤਾਰ ਘਟਦੀ ਗਿਣਤੀ ਵੱਡੀ ਚਿੰਤਾ ਦਾ ਵਿਸ਼ਾ ਹੈ। ਇਹ ਸਾਡੇ ਪਰਿਵਾਰਕ ਮੈਂਬਰਾਂ ਵਰਗੇ ਹੀ ਹਨ। ਪਹਿਲਾਂ ਜਦੋਂ ਘਰਾਂ ਦੀਆਂ ਛੱਤਾਂ ਕੱਖਾਂ ਕਾਨਿਆਂ ਦੀਆਂ ਸਨ ਤਾਂ ਇਹ ਸਾਡੇ ਮਕਾਨਾਂ ਵਿਚ ਹੀ ਰਹਿੰਦੇ ਸਨ। ਪੱਕੀਆਂ ਕੋਠੀਆਂ ਬਣਨ ਕਾਰਨ ਇਨ੍ਹਾਂ ਦੇ ਰੈਣ ਬਸੇਰੇ ਖ਼ਤਮ ਹੋ ਗਏ ਹਨ। ਇਸ ਲਈ ਲੋੜ ਹੈ ਕਿ ਵੱਧ ਤੋਂ ਵੱਧ ਇਨ੍ਹਾਂ ਦੇ ਰੈਣ ਬਸੇਰੇ ਬਣਾਈਏ ਅਤੇ ਵੱਧ ਤੋਂ ਵੱਧ ਰੁੱਖ ਵੀ ਲਗਾਈਏ। ਇਨ੍ਹਾਂ ਨੇ ਬੋਗਨਵਿਲੀਆ ਵਰਗੀਆਂ ਕੰਡੇਦਾਰ ਵੇਲਾਂ ਲਗਾਉਣ ਦੀ ਸਲਾਹ ਵੀ ਦਿੱਤੀ ਹੈ ਤਾਂ ਕਿ ਚਿੜੀਆਂ ਸ਼ਿਕਾਰੀ ਪੰਛੀਆਂ ਤੋਂ ਮਹਿਫੂਜ਼ ਰਹਿ ਸਕਣ। ਉਨ੍ਹਾਂ ਨੇ ਪਰਿੰਦਿਆਂ ਲਈ ਦਾਣੇ ਅਤੇ ਪਾਣੀ ਦਾ ਪ੍ਰਬੰਧ ਕਰਨ ਦਾ ਸੁਨੇਹਾ ਵੀ ਦਿੱਤਾ ਹੈ। ਉਨ੍ਹਾਂ ਅਨੁਸਾਰ ਬੇਜ਼ੁਬਾਨਾਂ ਦੀ ਸੇਵਾ ਕਰਨ ਨਾਲ ਬਹੁਤ ਵੱਡਾ ਫਲ ਪ੍ਰਾਪਤ ਹੁੰਦਾ ਹੈ।