- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਸਾਨ ਆਗੂਆਂ ਨੇ ਇਹ ਵੀ ਕਿਹਾ ਕਿ ਮਨਰੇਗਾ ਸਕੀਮ ਨੂੰ ਖਤਮ ਕਰਨ ਅਤੇ ਨਸ਼ਿਆਂ 'ਤੇ ਸ਼ਿਕੰਜਾ ਕੱਸਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਗੈਂਗਸਟਰਾਂ ਦੇ ਨਾਮ 'ਤੇ ਆਮ ਲੋਕਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ। ਉਨ੍ਹਾਂ ਝੂਠੇ ਪੁਲਿਸ ਮੁਕਾਬਲਿਆਂ ਅਤੇ ਘਰਾਂ ਨੂੰ ਢਾਹੁਣ ਵਰਗੀਆਂ ਕਾਰਵਾਈਆਂ 'ਤੇ ਵੀ ਗੰਭੀਰ ਚਿੰਤਾ ਪ੍ਰਗਟ ਕੀਤੀ।
ਵਕੀਲ ਮਹਿਰੋਂ, ਅਵਤਾਰ ਸਿੰਘ ਪੰਜਾਬੀ ਜਾਗਰਣ, ਅਜੀਤਵਾਲ : ਕਿਸਾਨ ਮਜ਼ਦੂਰ ਮੋਰਚੇ ਦੀ ਅਗਵਾਈ ਹੇਠ ਜ਼ਿਲ੍ਹਾ ਮੋਗਾ ਵਿਚ ਸੈਂਕੜੇ ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਕਿੱਲੀ ਚਾਹਲਾਂ ਵਿਚ ਹੋ ਰਹੀ ਸਰਕਾਰੀ ਰੈਲੀ ਵੱਲ ਕੂਚ ਕਰਦੇ ਹੋਏ ਪੁਲਿਸ ਦੇ ਨਾਕੇ ਤੋੜਨ ਕਾਰਨ ਮਾਹੌਲ ਤਣਾਅਪੂਰਨ ਬਣ ਗਿਆ। ਇਸ ਦਬਾਅ ਹੇਠ ਪੰਜਾਬ ਸਰਕਾਰ ਵੱਲੋਂ 20 ਫਰਵਰੀ ਨੂੰ ਕਿਸਾਨ ਭਵਨ, ਚੰਡੀਗੜ੍ਹ ਵਿਚ ਕਿਸਾਨ ਆਗੂਆਂ ਨਾਲ ਮੀਟਿੰਗ ਸੱਦਣ ਦਾ ਐਲਾਨ ਕਰ ਦਿੱਤਾ ਗਿਆ।
ਇਸ ਮੌਕੇ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ’ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ, ਬੀਕੇਯੂ ਬਹਿਰਾਮਕੇ, ਬੀਕੇਯੂ ਏਕਤਾ ਅਜ਼ਾਦ ਅਤੇ ਬੀਕੇਯੂ ਕ੍ਰਾਂਤੀਕਾਰੀ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਸੈਂਕੜੇ ਕਿਸਾਨ ਮਜ਼ਦੂਰ ਪਿੰਡ ਕਿਸ਼ਨਪੁਰਾ ਦੇ ਗੁਰਦੁਆਰਾ ਸਾਹਿਬ ਤੋਂ ਕਿੱਲੀ ਚਾਹਲਾਂ ਰੈਲੀ ਵੱਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਪੁੱਛਣ ਲਈ ਰਵਾਨਾ ਹੋਏ। ਇਸ ਮੌਕੇ ਜਦੋਂ ਕਿਸ਼ਨਪੁਰਾ ਤੋਂ ਕੋਕਰੀ ਕਲਾਂ ਤੱਕ ਪੁਲਿਸ ਵੱਲੋਂ ਲਗਾਏ ਗਏ ਚਾਰ ਨਾਕਿਆਂ ਨੂੰ ਕਿਸਾਨਾਂ ਨੇ ਪਾਰ ਕਰਦੇ ਹੋਏ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਕਿਸਾਨਾਂ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਕੋਕਰੀ ਕਲਾਂ ਵਿਚ ਇਕ ਹਜ਼ਾਰ ਤੋਂ ਵੱਧ ਪੁਲਿਸ ਫੋਰਸ ਤੈਨਾਤ ਕੀਤੀ ਗਈ। ਜਦੋਂ ਕਿਸਾਨਾਂ ਨੇ ਵੱਡਾ ਪੁਲਿਸ ਨਾਕਾ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਐੱਸਪੀਡੀ ਕ੍ਰਿਸ਼ਨ ਸਿੰਗਲਾ ਦੀ ਅਗਵਾਈ ਹੇਠ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੇ ਕਿਸਾਨ ਆਗੂਆਂ ਨਾਲ ਗੱਲਬਾਤ ਕੀਤੀ ਅਤੇ ਮਸਲੇ ਦੇ ਹੱਲ ਲਈ ਇਕ ਘੰਟੇ ਦਾ ਸਮਾਂ ਮੰਗਿਆ। ਇਸ ਦੌਰਾਨ ਕਈ ਵਾਰ ਕਿਸਾਨਾਂ ਅਤੇ ਪੁਲਿਸ ਵਿਚਾਲੇ ਟਕਰਾਅ ਦੀ ਸਥਿਤੀ ਬਣੀ ਪਰ ਆਖਰਕਾਰ ਗੱਲਬਾਤ ਰਾਹੀਂ ਮਾਮਲਾ ਸੰਭਾਲਿਆ ਗਿਆ।
ਕਰੀਬ 3 ਵਜੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਵੱਲੋਂ 20 ਫਰਵਰੀ ਨੂੰ ਸਵੇਰੇ 11 ਵਜੇ ਪੰਜਾਬ ਭਵਨ, ਚੰਡੀਗੜ੍ਹ ਵਿਚ ਮੀਟਿੰਗ ਸਬੰਧੀ ਪੱਤਰ ਕਿਸਾਨਾਂ ਦੀ ਸਟੇਜ ’ਤੇ ਆ ਕੇ ਸੀਨੀਅਰ ਪੁਲਿਸ ਅਧਿਕਾਰੀਆਂ ਅਤੇ ਏਡੀਸੀ ਮੋਗਾ ਵੱਲੋਂ ਕਿਸਾਨ ਆਗੂਆਂ ਨੂੰ ਸੌਂਪਿਆ ਗਿਆ। ਇਸ ਤੋਂ ਬਾਅਦ ਕਿਸਾਨਾਂ ਨੇ ਰੈਲੀ ਵੱਲ ਅੱਗੇ ਵਧਣ ਦਾ ਫੈਸਲਾ ਮੁਲਤਵੀ ਕਰ ਦਿੱਤਾ। ਕਿਸਾਨ ਆਗੂਆਂ ਸਤਨਾਮ ਸਿੰਘ ਪੰਨੂ, ਰਾਣਾ ਰਣਬੀਰ ਸਿੰਘ, ਜਗਮੋਹਨ ਸਿੰਘ ਕੰਗ, ਬਲਵੰਤ ਸਿੰਘ ਬਹਿਰਾਮ ਕੇ ਅਤੇ ਲਖਵੀਰ ਸਿੰਘ ਦੋਧਰ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿੱਲੀ ਚਾਹਲਾਂ ਰੈਲੀ ਨੂੰ ਸਰਕਾਰੀ ਫੰਕਸ਼ਨ ਦੇ ਤੌਰ ’ਤੇ ਕਰ ਕੇ ਕਰੋੜਾਂ ਰੁਪਏ ਦਾ ਬੋਝ ਪੰਜਾਬ ਦੇ ਖਜ਼ਾਨੇ ’ਤੇ ਪਾਇਆ ਗਿਆ ਹੈ। ਇਸ ਮੌਕੇ ਸ਼ੰਭੂ-ਖਨੌਰੀ ਬਾਰਡਰਾਂ ’ਤੇ ਹੋਏ ਨੁਕਸਾਨ ਦੀ ਭਰਪਾਈ, ਸ਼ਹੀਦਾਂ ਦੇ ਪਰਿਵਾਰਾਂ ਅਤੇ ਜ਼ਖ਼ਮੀਆਂ ਨੂੰ ਮੁਆਵਜ਼ਾ, ਦਰਜ ਪਰਚਿਆਂ ਨੂੰ ਰੱਦ ਕਰਨਾ, ਹੜ੍ਹਾਂ ਦਾ ਮੁਆਵਜ਼ਾ ਤੁਰੰਤ ਜਾਰੀ ਕੀਤਾ ਜਾਵੇ, ਅਮਰੀਕਾ ਨਾਲ ਟ੍ਰੇਡ ਡੀਲ, ਬਿਜਲੀ ਸੋਧ ਬਿੱਲ ਅਤੇ ਬੀਜ ਐਕਟ 2025 ’ਤੇ ਪੰਜਾਬ ਸਰਕਾਰ ਆਪਣਾ ਮੌਕਫ਼ ਸਪੱਸ਼ਟ ਕਰੇ।
ਇਸ ਮੌਕੇ ਹਰਮੰਦਰ ਸਿੰਘ ਡੇਮਰੂ, ਅਵਤਾਰ ਸਿੰਘ ਧਰਮ ਸਿੰਘ ਵਾਲਾ, ਜਗਰਾਜ ਸਿੰਘ ਦੱਦਾ ਹੂਰ, ਤੋਤਾ ਸਿੰਘ ਬਹਿਰਾਮ ਕੇ, ਗੁਰਦੇਵ ਸਿੰਘ ਸਾਹ ਵਾਲਾ, ਬਲਵਿੰਦਰ ਸਿੰਘ ਸ਼ੰਭੂ, ਰਣਜੀਤ ਸਿੰਘ ਬੁੱਟਰ, ਜਰਨੈਲ ਸਿੰਘ ਮੋਗਾ, ਗੁਰਦੀਪ ਸਿੰਘ ਮਾਹਲਾ, ਹਰਜਿੰਦਰ ਸਿੰਘ ਸੋਕਾ, ਗੁਰਭੇਜ ਸਿੰਘ ਸਾਹ ਵਾਲਾ ਅਤੇ ਬਲਵੰਤ ਸਿੰਘ ਕਿਸ਼ਨਪੁਰਾ ਆਦਿ ਆਗੂ ਹਾਜ਼ਰ ਸਨ।