- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹੇ ਦੇ ਪਿੰਡਾਂ ਵਿਚ ਮੁੱਖ ਫ਼ਸਲ

ਪਰਵਾਸੀ ਮਜ਼ਦੂਰਾਂ ਸਹਾਰੇ ਚੱਲ ਰਿਹਾ ਲਵਾਈ ਦਾ ਕੰਮ, 4500 ਰੁਪਏ ਪ੍ਰਤੀ ਏਕੜ ਮਜ਼ਦੂਰੀ
ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ : ਜ਼ਿਲ੍ਹੇ ਦੇ ਪਿੰਡਾਂ ਵਿਚ ਮੁੱਖ ਫ਼ਸਲ ਝੋਨੇ ਦੀ ਲਵਾਈ ਦਾ ਕੰਮ ਪੂਰੇ ਜ਼ੋਰਾਂ ’ਤੇ ਸ਼ੁਰੂ ਹੋ ਗਿਆ ਹੈ। ਖੇਤਾਂ ਵਿਚ ਸਵੇਰ ਤੋਂ ਸ਼ਾਮ ਤੱਕ ਕਿਸਾਨ ਅਤੇ ਪਰਵਾਸੀ ਮਜ਼ਦੂਰ ਝੋਨਾ ਲਾਉਣ ਵਿਚ ਰੁੱਝੇ ਹੋਏ ਨਜ਼ਰ ਆ ਰਹੇ ਹਨ। ਹਾਲਾਂਕਿ ਲਵਾਈ ਦੀ ਸ਼ੁਰੂਆਤ ਹੋ ਚੁੱਕੀ ਹੈ ਪਰ ਕਿਸਾਨਾਂ ਦੀਆਂ ਨਜ਼ਰਾਂ ਅਜੇ ਵੀ ਅਸਮਾਨ ਵੱਲ ਟਿਕੀਆਂ ਹੋਈਆਂ ਹਨ ਕਿਉਂਕਿ ਉਨ੍ਹਾਂ ਨੂੰ ਭਰਵੇਂ ਮੀਂਹ ਦੀ ਉਡੀਕ ਹੈ। ਕਿਸਾਨਾਂ ਦਾ ਮੰਨਣਾ ਹੈ ਕਿ ਚੰਗੀ ਬਾਰਿਸ਼ ਨਾਲ ਖੇਤਾਂ ਵਿਚ ਪਾਣੀ ਦੀ ਉਪਲਬਧਤਾ ਵਧੇਗੀ ਅਤੇ ਲਵਾਈ ਦਾ ਕੰਮ ਹੋਰ ਤੇਜ਼ੀ ਨਾਲ ਨੇਪਰੇ ਚੜ੍ਹੇਗਾ। ਪਿਛਲੇ ਕੁੱਝ ਦਿਨਾਂ ਦੌਰਾਨ ਇਲਾਕੇ ਵਿਚ ਮੀਂਹ ਤਾਂ ਪਿਆ ਹੈ ਪਰ ਇਹ ਬਾਰਿਸ਼ ਇੰਨੀ ਨਹੀਂ ਹੋਈ ਕਿ ਖੇਤਾਂ ਵਿਚ ਪਾਣੀ ਖੜ੍ਹ ਸਕੇ। ਇਸ ਕਾਰਨ ਕਿਸਾਨਾਂ ਨੂੰ ਟਿਊਬਵੈੱਲਾਂ ਅਤੇ ਮੋਟਰਾਂ ਦੇ ਸਹਾਰੇ ਖੇਤ ਭਰਨੇ ਪੈ ਰਹੇ ਹਨ। ਲਗਾਤਾਰ ਚੱਲ ਰਹੀਆਂ ਮੋਟਰਾਂ ਕਾਰਨ ਬਿਜਲੀ ਦੀ ਖਪਤ ਅਤੇ ਸਿੰਚਾਈ ਦਾ ਖਰਚਾ ਵੀ ਵੱਧ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇੱਕ ਭਰਵਾਂ ਮੀਂਹ ਖੇਤਾਂ ਨੂੰ ਪਾਣੀ ਨਾਲ ਭਰ ਦਿੰਦਾ ਹੈ, ਜਿਸ ਨਾਲ ਲਵਾਈ ਦਾ ਕੰਮ ਤੇਜ਼ ਹੋ ਜਾਂਦਾ ਹੈ ਅਤੇ ਬਾਅਦ ਵਿਚ ਟਿਊਬਵੈੱਲਾਂ ਰਾਹੀਂ ਪਾਣੀ ਦੀ ਲੋੜ ਆਸਾਨੀ ਨਾਲ ਪੂਰੀ ਕੀਤੀ ਜਾ ਸਕਦੀ ਹੈ। ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਹਿਲਾਂ ਹੀ ਖੇਤਾਂ ਦੀ ਵਾਹੀ, ਲੇਜ਼ਰ ਲੈਵਲਿੰਗ, ਵੱਟਾਂ ਪਾਉਣ ਅਤੇ ਪਾਣੀ ਰੋਕਣ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਕਈ ਪਿੰਡਾਂ ਵਿਚ ਕਿਸਾਨਾਂ ਨੇ ਝੋਨੇ ਦੀ ਪਨੀਰੀ ਵੀ ਖੇਤਾਂ ਵਿਚ ਉਤਾਰਨੀ ਸ਼ੁਰੂ ਕਰ ਦਿੱਤੀ ਹੈ। ਜਿਨ੍ਹਾਂ ਕਿਸਾਨਾਂ ਨੇ ਅਗੇਤੀ ਪਨੀਰੀ ਬੀਜੀ ਸੀ, ਉਹ ਪਨੀਰੀ ਦੇ ਜ਼ਿਆਦਾ ਪੱਕੜ ਹੋਣ ਦੇ ਡਰ ਕਾਰਨ ਤੇਜ਼ੀ ਨਾਲ ਲਵਾਈ ਕਰ ਰਹੇ ਹਨ ਤਾਂ ਜੋ ਫ਼ਸਲ ਦੇ ਝਾੜ ’ਤੇ ਕੋਈ ਅਸਰ ਨਾ ਪਵੇ। ਇਲਾਕੇ ਦੇ ਤਜਰਬੇਕਾਰ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਹਰ ਸਾਲ 15 ਜੂਨ ਤੋਂ ਬਾਅਦ ਹੀ ਝੋਨੇ ਦੀ ਲਵਾਈ ਸ਼ੁਰੂ ਕਰਦੇ ਹਨ। ਇਸ ਸਮੇਂ ਤੱਕ ਮੌਨਸੂਨ ਦੇ ਪੰਜਾਬ ਵਿਚ ਪਹੁੰਚਣ ਦੀ ਸੰਭਾਵਨਾ ਬਣ ਜਾਂਦੀ ਹੈ, ਜਿਸ ਨਾਲ ਖੇਤਾਂ ਵਿਚ ਪਾਣੀ ਦੀ ਸਮੱਸਿਆ ਘੱਟ ਹੋ ਜਾਂਦੀ ਹੈ। ਇਸ ਵਾਰ ਵੀ ਬਹੁਤੇ ਕਿਸਾਨਾਂ ਨੇ ਪਨੀਰੀ ਦੀ ਬਿਜਾਈ ਇਸੇ ਯੋਜਨਾ ਅਨੁਸਾਰ ਕੀਤੀ ਸੀ ਪਰ ਮੌਨਸੂਨ ਦੀ ਰਫ਼ਤਾਰ ਉਮੀਦ ਮੁਤਾਬਕ ਨਾ ਹੋਣ ਕਾਰਨ ਕਿਸਾਨਾਂ ਨੂੰ ਸਿੰਚਾਈ ਲਈ ਟਿਊਬਵੈੱਲਾਂ ’ਤੇ ਨਿਰਭਰ ਰਹਿਣਾ ਪੈ ਰਿਹਾ ਹੈ। ਝੋਨੇ ਦੀ ਲਵਾਈ ਲਈ ਪਰਵਾਸੀ ਮਜ਼ਦੂਰਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਮੰਨੀ ਜਾਂਦੀ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਉੱਤਰ ਪ੍ਰਦੇਸ਼, ਬਿਹਾਰ ਅਤੇ ਨੇਪਾਲ ਤੋਂ ਵੱਡੀ ਗਿਣਤੀ ਵਿਚ ਮਜ਼ਦੂਰ ਪੰਜਾਬ ਦੇ ਪਿੰਡਾਂ ਵਿਚ ਪਹੁੰਚ ਰਹੇ ਹਨ। ਖੇਤਾਂ ਵਿਚ ਝੋਨਾ ਲਾਉਣ ਦਾ ਵੱਡਾ ਹਿੱਸਾ ਇਨ੍ਹਾਂ ਮਜ਼ਦੂਰਾਂ ਦੇ ਸਹਾਰੇ ਹੀ ਪੂਰਾ ਹੁੰਦਾ ਹੈ। ਮਜ਼ਦੂਰਾਂ ਦੀ ਆਮਦ ਨਾਲ ਲਵਾਈ ਦੇ ਕੰਮ ਨੂੰ ਰਫ਼ਤਾਰ ਮਿਲੀ ਹੈ ਅਤੇ ਕਿਸਾਨਾਂ ਨੂੰ ਵੀ ਕੁੱਝ ਹੱਦ ਤੱਕ ਰਾਹਤ ਮਹਿਸੂਸ ਹੋ ਰਹੀ ਹੈ। ਇਸ ਮੌਕੇ ਕਿਸਾਨ ਨਿੱਕਾ ਸਿੰਘ, ਸਤਪਾਲ ਸਿੰਘ ਅਤੇ ਕਿੰਦਰ ਸਿੰਘ ਨੇ ਦੱਸਿਆ ਕਿ ਜੇਕਰ ਆਉਣ ਵਾਲੇ ਦਿਨਾਂ ਵਿਚ ਭਰਵਾਂ ਮੀਂਹ ਪੈ ਜਾਂਦਾ ਹੈ ਤਾਂ ਝੋਨੇ ਦੀ ਲਵਾਈ ਇਕਦਮ ਤੇਜ਼ ਹੋ ਜਾਵੇਗੀ। ਅਜਿਹੇ ਸਮੇਂ ਦੌਰਾਨ ਅਕਸਰ ਪਰਵਾਸੀ ਮਜ਼ਦੂਰਾਂ ਦੀ ਘਾਟ ਵੀ ਮਹਿਸੂਸ ਹੋਣ ਲੱਗਦੀ ਹੈ ਕਿਉਂਕਿ ਇਕੋ ਸਮੇਂ ਵੱਡੀ ਗਿਣਤੀ ਵਿਚ ਕਿਸਾਨ ਲਵਾਈ ਸ਼ੁਰੂ ਕਰ ਦਿੰਦੇ ਹਨ। ਇਸ ਵੇਲੇ ਜਿਹੜੇ ਕਿਸਾਨ ਪਹਿਲਾਂ ਹੀ ਲਵਾਈ ਕਰ ਰਹੇ ਹਨ, ਉਨ੍ਹਾਂ ਨੂੰ ਮਜ਼ਦੂਰਾਂ ਦੀ ਕੋਈ ਖਾਸ ਦਿੱਕਤ ਨਹੀਂ ਆ ਰਹੀ। ਪਿੰਡ ਬਹੋਨਾ ਵਿਚ ਝੋਨਾ ਲਾ ਰਹੇ ਪਰਵਾਸੀ ਮਜ਼ਦੂਰਾਂ ਨੇ ਦੱਸਿਆ ਕਿ ਉਹ 4500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਝੋਨਾ ਲਗਾ ਰਹੇ ਹਨ। ਇਸ ਰਕਮ ਵਿਚ ਉਨ੍ਹਾਂ ਦੇ ਖਾਣ-ਪੀਣ ਅਤੇ ਰਾਸ਼ਨ ਦਾ ਖਰਚਾ ਵੀ ਸ਼ਾਮਲ ਹੈ। ਮਜ਼ਦੂਰਾਂ ਨੇ ਕਿਹਾ ਕਿ ਜਿਵੇਂ-ਜਿਵੇਂ ਲਵਾਈ ਦਾ ਕੰਮ ਵਧੇਗਾ, ਉਨ੍ਹਾਂ ਦੀ ਮੰਗ ਵਿੱਚ ਵੀ ਵਾਧਾ ਹੋਵੇਗਾ ਅਤੇ ਕੰਮ ਦਾ ਦਬਾਅ ਵੀ ਵਧੇਗਾ। ਖੇਤੀ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਅਗਲੇ ਕੁੱਝ ਦਿਨਾਂ ਵਿਚ ਮੌਨਸੂਨ ਸਰਗਰਮ ਹੋ ਜਾਂਦਾ ਹੈ ਤਾਂ ਜ਼ਿਲ੍ਹੇ ਭਰ ਵਿਚ ਝੋਨੇ ਦੀ ਲਵਾਈ ਦਾ ਕੰਮ ਜੰਗੀ ਪੱਧਰ ’ਤੇ ਸ਼ੁਰੂ ਹੋ ਜਾਵੇਗਾ। ਇਸ ਨਾਲ ਨਾ ਸਿਰਫ਼ ਕਿਸਾਨਾਂ ਦੀ ਸਿੰਚਾਈ ਦੀ ਲਾਗਤ ਘਟੇਗੀ, ਸਗੋਂ ਧਰਤੀ ਹੇਠਲੇ ਪਾਣੀ ਦੀ ਬਚਤ ਕਰਨ ਵਿਚ ਵੀ ਮਦਦ ਮਿਲੇਗੀ। ਇਸ ਵੇਲੇ ਕਿਸਾਨਾਂ ਦੀ ਸਭ ਤੋਂ ਵੱਡੀ ਉਮੀਦ ਭਰਵੇਂ ਮੀਂਹ ਨਾਲ ਜੁੜੀ ਹੋਈ ਹੈ, ਜੋ ਝੋਨੇ ਦੀ ਲਵਾਈ ਨੂੰ ਹੋਰ ਤੇਜ਼ੀ ਦੇ ਸਕਦਾ ਹੈ ਅਤੇ ਖ਼ਰੀਫ਼ ਸੀਜ਼ਨ ਦੀ ਸਫ਼ਲਤਾ ਲਈ ਰਾਹ ਪੱਧਰਾ ਕਰ ਸਕਦਾ ਹੈ।