- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇੱਥੇ ਦੇ ਸਥਾਨਕ ਨੇਚਰ ਪਾਰਕ ’ਚ

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ : ਇੱਥੇ ਦੇ ਸਥਾਨਕ ਨੇਚਰ ਪਾਰਕ ’ਚ ਸੈਂਕੜਿਆਂ ਦੀ ਗਿਣਤੀ ਵਿਚ ਮਿਡ ਡੇ ਮੀਲ ਕੁਕ ਯੂਨੀਅਨ, ਦਰਜਾਚਾਰ ਸਫ਼ਾਈ ਸੇਵਕ ਯੂਨੀਅਨ ਅਤੇ ਸਕੂਲਾਂ ’ਚ ਕੰਮ ਕਰਦੇ ਚੌਂਕੀਦਾਰਾਂ ਨੇ ਮਾਲਵੇ ਦੇ ਉੱਘੇ ਮਜ਼ਦੂਰ ਆਗੂ ਵਿਜੇ ਧੀਰ ਐਡਵੋਕੇਟ, ਮਿਡ ਡੇ ਮੀਲ ਕੁੱਕ ਯੂਨੀਅਨ ਦੇ ਪ੍ਰਦੇਸ਼ ਪ੍ਰਧਾਨ ਕਰਮ ਚੰਦ ਚੰਡਾਲੀਆ, ਸੂਬਾ ਸਕੱਤਰ ਕਮਲਜੀਤ ਕੌਰ ਮੱਦੋਕੇ ਅਤੇ ਕ੍ਰਾਂਤੀਕਾਰੀ ਭੱਠਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਪ੍ਰਵੀਨ ਕੁਮਾਰ ਸ਼ਰਮਾ ਦੀ ਅਗਵਾਈ ਵਿਚ ਆਪਣੀਆਂ ਭਖ਼ਦੀਆਂ ਮੰਗਾਂ ਨੂੰ ਲੈ ਕੇ ਇਕ ਵਿਸ਼ਾਲ ਰੋਸ ਰੈਲੀ ਕੀਤੀ। ਉਪਰੰਤ ਨੇਚਰ ਪਾਰਕ ਤੋਂ ਮੈਜਿਸਟਿਕ ਚੌਂਕ ਤੱਕ ਰੋਸ ਮਾਰਚ ਕੀਤਾ ਅਤੇ ਚੌਂਕ ’ਚ ਜਾ ਕੇ ਮਿਡ ਡੇ ਮੀਲ ਕੁੱਕ ਯੂਨੀਅਨ ਦੀਆਂ ਬੀਬੀਆਂ, ਸਫ਼ਾਈ ਸੇਵਕਾਂ ਅਤੇ ਚੌਂਕੀਦਾਰਾਂ ਦੇ ਵਿਰੁੱਧ ਮੁਲਾਜ਼ਮ ਵਿਰੋਧ ਨਾਲ ਭਰੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਘੜੇ ਭੰਨੇ ਅਤੇ ਪੰਜਾਬ ਸਰਕਾਰ ਦਾ ਰੱਜ ਕੇ ਪਿਟ ਸਿਆਪਾ ਕੀਤਾ। ਰੋਸ ਮਾਰਚ ਵਿਚ ਕੁੱਕ ਬੀਬੀਆਂ ਨੇ ਪੰਜਾਬ ਸਰਕਾਰ ਦੇ ਭੰਨਣ ਵਾਲੇ ਘੜੇ ਵੱਡੀ ਗਿਣਤੀ ਵਿਚ ਸਿਰਾਂ ’ਤੇ ਰੱਖੇ ਹੋਏ ਸਨ। ਇਸ ਮੌਕੇ ਵਿਸ਼ਾਲ ਗਿਣਤੀ ਵਿਚ ਹਾਜ਼ਰ ਮਿਡ ਡੇ ਮੀਲ ਕੁਕਾਂ, ਸਫ਼ਾਈ ਸੇਵਕਾਂ ਅਤੇ ਚੌਂਕੀਦਾਰਾਂ ਨੂੰ ਸੰਬੋਧਨ ਕਰਦਿਆਂ ਮਾਲਵੇ ਦੇ ਉੱਘੇ ਮਜ਼ਦੂਰ ਆਗੂ ਵਿਜੇ ਧੀਰ ਐਡਵੋਕੇਟ ਅਤੇ ਮਿਡ ਡੇ ਮੀਲ ਕੁਕ ਯੂਨੀਅਨ ਅਤੇ ਦਰਜਾਚਾਰ ਸਫ਼ਾਈ ਸੇਵਕ ਅਤੇ ਚੌਂਕੀਦਾਰਾਂ ਦੇ ਸੂਬਾ ਪ੍ਰਧਾਨ ਕਰਮ ਚੰਦ ਚੰਡਾਲੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਮੌਜੂਦਾ ਭਗਵੰਤ ਮਾਨ ਸਰਕਾਰ ਦੀ ਮੌਜੂਦਾ ਪੰਜਾਬ ਸਰਕਾਰ ਨੂੰ ਬਦਲਾਓ ਦੀ ਲਹਿਰ ਵਿਚ ਬਹਿ ਕੇ ਪੰਜਾਬ ਦੇ ਮੁਲਾਜ਼ਮ ਸੱਤਾ ਵਿਚ ਲੈ ਕੇ ਆਏ ਸਨ ਪਰੰਤੂ ਇਹ ਮਾਨ ਸਰਕਾਰ ਪੰਜਾਬ ਦੇ ਮੁਲਾਜ਼ਮਾਂ ਤੋਂ ਖਾਰ ਖਾਂਦੀ ਹੈ ਅਤੇ ਮੁਲਾਜ਼ਮਾਂ ਦੀ ਦੁਸ਼ਮਣ ਸਰਕਾਰ ਬਣੀ ਹੋਈ ਹੈ। ਧੀਰ ਅਤੇ ਚੰਡਾਲੀਆ ਨੇ ਕਿਹਾ ਕਿ ਪੰਜਾਬ ਦਾ ਇਤਿਹਾਸ ਰਿਹਾ ਹੈ ਕਿ ਜਿਸ ਵੀ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀ ਕੁੱਟਮਾਰ ਅਤੇ ਲਾਠੀਚਾਰਜ ਕਰਵਾਏ ਅਗਲੀ ਵਾਰ ਉਹ ਸਰਕਾਰ ਸੱਤਾ ਵਿਚ ਵਾਪਸ ਨਹੀਂ ਆਈ ਹੈ। ਉਨ੍ਹਾਂ ਕਿਹਾ ਕਿ 2027 ਦੀਆਂ ਚੋਣਾਂ ਵਿਚ ਇਹ ਹਸ਼ਰ ਮੌਜੂਦਾ ਭਗਵੰਤ ਮਾਨ ਸਰਕਾਰ ਦਾ ਹੋਵੇਗਾ ਅਤੇ ਪੰਜਾਬ ਦੇ ਮੁਲਾਜ਼ਮ ਇਸ ਸਰਕਾਰ ਦੀ ਸੱਤਾ ’ਚੋਂ ਵਿਦਾਈ ਦੀ ਰਸਮ ਨਿਭਾਉਣਗੇ। ਇਸ ਰੈਲੀ ਅਤੇ ਰੋਸ ਪ੍ਰਦਰਸ਼ਨ ’ਚ ਹੋਰਨਾਂ ਤੋਂ ਇਲਾਵਾ ਮਿਉਂਸਪਲ ਇੰਪਲਾਈਜ ਫੈੱਡਰੇਸ਼ਨ ਦੇ ਸਾਬਕਾ ਪ੍ਰਧਾਨ ਮਦਨ ਲਾਲ ਬੋਹਤ, ਈ ਰਿਕਸ਼ਾ ਮਜ਼ਦੂਰ ਸੰਘ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਹਿਮੇ ਵਾਲਾ, ਜਨਰਲ ਸਕੱਤਰ ਮੇਜਰ ਸਿੰਘ ਲੰਡੇ ਕੇ, ਜਸਵੰਤ ਸਿੰਘ ਜੱਸਾ, ਰਮੇਸ਼ ਕੁਮਾਰ, ਹਨੀ ਗਿੱਲ, ਐੱਲਪੀਜੀ ਗੈਸ ਸਪਲਾਈ ਵਰਕਰ ਯੂਨੀਅਨ ਦੇ ਪ੍ਰਧਾਨ ਰਾਮ ਬਚਨ ਰਾਓ ਆਦਿ ਹਾਜ਼ਰ ਸਨ।