ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਨੇ ਡੀਸੀ ਦਫ਼ਤਰ ਅੱਗੇ ਲਾਇਆ ਧਰਨਾ
ਮੁਲਾਜਮ ਤੇ ਪੈਨਸ਼ਨਰਜ਼ ਸਾਂਝਾ ਫਰੰਟ
Publish Date: Thu, 25 Jun 2026 05:21 PM (IST)
Updated Date: Thu, 25 Jun 2026 05:22 PM (IST)

ਵਿਧਾਇਕ ਅਮਨਦੀਪ ਕੌਰ ਅਰੋੜਾ ਦੀ ਰਿਹਾਇਸ਼ ਵੱਲ 11 ਜੁਲਾਈ ਨੂੰ ਰੋਸ ਮਾਰਚ ਦਾ ਐਲਾਨ ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ : ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਵੱਲੋਂ ਡਿਪਟੀ ਕਮਿਸ਼ਨਰ ਮੋਗਾ ਦੇ ਦਫ਼ਤਰ ਅੱਗੇ ਮੰਗਾਂ ਦੀ ਪੂਰਤੀ ਲਈ ਪੈਨਸ਼ਨਰ ਆਗੂ ਭਜਨ ਸਿੰਘ ਗਿੱਲ ਦੀ ਅਗਵਾਈ ’ਚ ਵਿਸ਼ਾਲ ਰੈਲੀ ਕੀਤੀ ਗਈ। ਰੈਲੀ ਵਿਚ ਸਾਂਝਾ ਮੰਚ ਅਤੇ ਸਾਂਝਾ ਫਰੰਟ ਦੇ ਆਗੂਆਂ ਨੇ ਪੰਜਾਬ ਸਰਕਾਰ ਦੇ ਮੁਲਾਜ਼ਮ ਪੈਨਸ਼ਨਰ ਅਤੇ ਕਿਸਾਨ ਮਜ਼ਦੂਰ ਲੋਕ ਵਿਰੋਧੀ ਰਵਈਏ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕੀਤੀ। ਸਟੇਜ ਦਾ ਸੰਚਾਲਨ ਦਿਗਵਿਜੈ ਸ਼ਰਮਾ ਨੇ ਕੀਤਾ। ਬਲੌਰ ਸਿੰਘ ਗੁਰਮੇਲ ਸਿੰਘ ਨਾਹਰ, ਹਰਜੰਟ ਸਿੰਘ ਬੌਡੇ, ਸੁਰਜੀਤ ਸਿੰਘ ਗਗੜਾ ਅਤੇ ਸੈਮੂਅਲ ਨੇ ਪੰਜਾਬ ਸਰਕਾਰ ਦੁਆਰਾ ਮਾਨਯੋਗ ਹਾਈ ਕੋਰਟ ਵਿਚ ਡੀਏ ਸਬੰਧੀ ਦਿੱਤੇ ਗਏ ਸੀਲਬੰਦ ਲਿਫਾਫੇ ਵਿਚ ਰਿਪੋਰਟ ਨੂੰ ਮੁਲਾਜਮਾਂ ਪੈਨਸ਼ਨਰਾਂ ਦੇ ਜ਼ਖ਼ਮਾਂ ’ਤੇ ਲੂਣ ਭੁੱਕਣ ਬਰਾਬਰ ਕਰਾਰ ਦਿੰਦਿਆਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ਾਂ ਰਾਹੀ ਪ੍ਰਾਪਤ ਕੀਤੇ ਹੱਕਾਂ, ਪੈਨਸ਼ਨਾਂ, ਮਹਿੰਗਾਈ ਭੱਤੇ ਅਤੇ ਗਰੇਡਾਂ ਨੂੰ ਇਹ ਸਰਕਾਰ ਖ਼ਤਮ ਕਰਨਾ ਚਾਹੁੰਦੀ ਹੈ ਅਤੇ ਮਾਨਯੋਗ ਹਾਈ ਕੋਟ ਦੇ ਫੈਸਲੇ ਦੀ ਤੌਹੀਨ ਕਰ ਕਰ ਰਹੀ ਹੈ। ਜਦੋਂ ਕਿ ਮਾਨਯੋਗ ਹਾਈ ਕੋਰਟ ਵੱਲੋਂ 30 ਜੂਨ ਤੱਕ 18 ਫ਼ੀਸਦੀ ਡੀਏ ਅਤੇ ਉਸ ਦੇ ਬਕਾਏ ਨੂੰ ਦੇਣ ਲਈ ਹੁਕਮ ਜਾਰੀ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਛੇਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ ਦੀ ਬਜਾਏ ਉਨ੍ਹਾਂ ਨੂੰ ਲਾਗੂ ਕਰਨ ਤੋਂ ਭੱਜ ਰਹੀ ਹੈ ਜਿਸ ਦੀ ਉਦਾਹਰਨ ਛੇਵੇਂ ਪੇਕਮਿਸ਼ਨ ਦੁਆਰਾ ਪੈਨਸ਼ਨਾਂ ਸੋਧਣ ਲਈ 2.59 ਦਾ ਗੁਣਾਂਕ ਅਤੇ ਨੈਸ਼ਨਲ ਸੋਧ ਵਿਧੀ ਦੀ ਸਿਫ਼ਾਰਸ਼ ਕੀਤੀ ਸੀ ਜੋ ਕਿ ਅਜੇ ਵੀ ਊਠ ਦੇ ਬੁੱਲ੍ਹ ਵਾਂਗ ਲਟਕ ਰਹੀ ਹੈ। ਇਸ ਮੌਕੇ ਦਲਵੀਰ ਸਿੰਘ ਸਿੱਧੂ, ਦਲਜੀਤ ਸਿੰਘ ਭੁੱਲਰ, ਜਗਦੀਸ਼ ਸਿੰਘ ਚਾਹਲ, ਬਲਜਿੰਦਰ ਸਿੰਘ ਧਾਲੀਵਾਲ ਨੇ ਮੁਲਾਜਮਾਂ ਦੇ ਕੱਟੇ 37 ਭੱਤੇ ਬਹਾਲ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ, 2015 ਦਾ ਪ੍ਰਬੋਸ਼ਨ ਪੀਰੀਅਡ ਬਾਰੇ ਪੱਤਰ ਵਾਪਸ ਲੈਣ ਦੀ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਜੋ ਵਾਅਦੇ ਕੀਤੇ ਸਨ, ਉਹ ਪੂਰੇ ਤਾਂ ਕੀ ਕਰਨੇ ਸੀ, ਉਨ੍ਹਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਦੇ ਲੋਕਾਂ ’ਤੇ ਲਾਠੀਆਂ ਗੋਲੀਆਂ ਵਰਤੀਆਂ ਜਾ ਰਹੀਆਂ ਹਨ। ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਕੋਆਰਡੀਨੇਸ਼ਨ ਕਮੇਟੀ ਦੇ ਆਹੁਦੇਦਾਰਾਂ ਨੇ ਕਿਹਾ ਕਿ ਪਟਿਆਲਾ ਵਿਖੇ ਪੁਲੀਸ ਦੁਆਰਾ ਬੇਰੁਜ਼ਗਾਰ ਲਾਈਨਮੈਨਾਂ ’ਤੇ ਕੀਤਾ ਅੰਨ੍ਹਾ ਤਸ਼ੱਦਦ ਜਲ੍ਹਿਆਂ ਵਾਲੇ ਬਾਗ ਦੀ ਘਟਨਾ ਨੂੰ ਯਾਦ ਕਰਵਾਉਂਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਲਵਿੰਦਰ ਸਿੰਘ, ਅਮਨਦੀਪ ਮਾਛੀਕੇ, ਗੁਰਜੰਟ ਸਿੰਘ ਕੋਕਰੀ ਅਤੇ ਰਾਜਿੰਦਰ ਸਿੰਘ ਰਿਆੜ ਨੇ ਕਰਦਿਆਂ ਕਿਹਾ ਕਿ ਸਰਕਾਰ ਲੋਕਾਂ ਦੇ ਮਸਲੇ ਹੱਲ ਕਰਨ ਦੀ ਬਜਾਏ ਉਨ੍ਹਾਂ ਦੇ ਸੰਘਰਸ਼ਾਂ ਨੂੰ ਦਬਾਉਣ ਲਈ ਘਟੀਆ ਹੱਥ ਕੰਡੇ ਵਰਤ ਰਹੀ ਹੈ। ਕੁਲਦੀਪ ਸਿੰਘ ਪੀਸੀਐੱਮਐੱਸ, ਕੁਲਵੀਰ ਸਿੰਘ ਢਿੱਲੋ, ਪ੍ਰਿੰਸੀਪਲ ਪੂਰਨ ਸਿੰਘ ਆਗੂਆਂ ਨੇ ਕਿਹਾ ਕਿ ਜੁਲਾਈ 20 ਤੋਂ ਬਾਅਦ ਭਰਤੀ ਹੋਏ ਮੁਲਾਜਮਾਂ ਤੇ ਕੇਂਦਰੀ ਸਕੇਲ ਲਾਗੂ ਕਰ ਕੇ ਉਨ੍ਹਾਂ ਮੁਲਾਜਮਾਂ ਨੂੰ ਉਨ੍ਹਾਂ ਦੇ ਪੰਜਾਬ ਦੇ ਸਕੇਲਾਂ ਤੋਂ ਵਿਰਵੇ ਰੱਖਿਆ ਜਾ ਰਿਹਾ ਹੈ ਪਰ ਪੰਜਾਬ ਦੇ ਅਣਖੀ ਲੋਕ ਇਹ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਅੰਤ ਵਿਚ ਭਜਨ ਸਿੰਘ ਗਿੱਲ ਨੇ ਮੁਲਾਜਮਾਂ ਪੈਨਸ਼ਨਰਾਂ ਦੀ ਕੋਆਰਡੀਨੇਸ਼ਨ ਕਮੇਟੀ ਵੱਲੋਂ ਸਭਨਾਂ ਸ਼ਾਮਲ ਜਥੇਬੰਦੀਆਂ ਦੇ ਆਗੂਆਂ ਵਰਕਰਾਂ ਦਾ ਭਰਵੀਂ ਸ਼ਮੂਲੀਅਤ ਕਰਨ ’ਤੇ ਧੰਨਵਾਦ ਕਰਦਿਆਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਆਉਂਦੇ ਦਿਨਾਂ ’ਚ ਪੰਜਾਬ ਦੇ ਮੁਲਾਜ਼ਮਾਂ ਪੈਨਸ਼ਨਰਾਂ ਦੀਆਂ ਮੰਗਾਂ ਨਾ ਪੂਰੀਆਂ ਕੀਤੀਆਂ ਤਾਂ ਮੋਗਾ ਜ਼ਿਲ੍ਹੇ ਦੇ ਮੁਲਾਜਮ ਪੈਨਸ਼ਨਰ 11 ਜੁਲਾਈ ਨੂੰ ਨਛੱਤਰ ਸਿੰਘ ਭਵਨ ਵਿਚ 10 ਵਜੇ ਵਿਸ਼ਾਲ ਕਨਵੈਨਸ਼ਨ ਕਰਨ ਉਪਰੰਤ ਸਥਾਨਕ ਵਿਧਾਇਕਾ ਅਮਨਦੀਪ ਕੌਰ ਅਰੋੜਾ ਦੀ ਰਿਹਾਇਸ਼ ਵੱਲ ਰੋਹ ਭਰਪੂਰ ਮਾਰਚ ਕੀਤਾ ਜਾਵੇਗਾ ਅਤੇ ਉਸ ਦੇ ਘਰ ਅੱਗੇ ਮੰਗਾਂ ਨਾ ਮੰਨੇ ਜਾਣ ਦੇ ਰੋਸ ਵਜੋਂ ਘੜ੍ਹੇ ਭੰਨੇ ਜਾਣਗੇ। ਉਨ੍ਹਾਂ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ, ਸਾਂਝਾ ਮੁਲਾਜਮ ਮੰਚ ਵੱਲੋਂ ਸਾਂਝੇ ਸੰਘਰਸ਼ ਕਰਨ ਨੂੰ ਇਕ ਸ਼ੁਭ ਸਗਨ ਦਸਦਿਆਂ ਕਿਹਾ ਕਿ ਇਨ੍ਹਾਂ ਦੀ ਸਾਂਝੀ ਕੋਆਰਡੀਨੇਸ਼ਨ ਕਮੇਟੀ ਵੱਲੋਂ ਦਿੱਤੇ ਪ੍ਰੋਗਰਾਮ ਅਨੁਸਾਰ 17 ਜੁਲਾਈ ਨੂੰ ਮੋਹਾਲੀ ਵਿਖੇ ਮਹਾਂ ਰੈਲੀ ਵਿਚ ਮੋਗਾ ਜ਼ਿਲ੍ਹੇ ਵੱਲੋਂ ਭਰਵੀ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ ਅਤੇ ਮੰਗਾਂ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਕਰਨ ਦਾ ਅਹਿਦ ਦੁਹਰਾਇਆ।