- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਣਕਾਰੀ ਅਨੁਸਾਰ ਪਿੰਡ ਘੋਲੀਆ ਕਲਾਂ ਵਾਸੀ ਬਲਵਿੰਦਰ ਸਿੰਘ ਬਿੰਦਰ ਆਪਣੀ ਪਤਨੀ ਨਾਲ ਕਿਸੇ ਕੰਮ ਲਈ ਘੋਲੀਆ ਵੱਲ ਜਾ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਕਾਲੇ ਪਿੰਡ ਤੋਂ ਅੱਗੇ ਘੋਲੀਆ ਚੌਕ ਨੇੜੇ ਪਹੁੰਚਣ ’ਤੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਉਨ੍ਹਾਂ ਦਾ ਰਸਤਾ ਰੋਕ ਲਿਆ। ਦੋਸ਼ ਹੈ ਕਿ ਨੌਜਵਾਨਾਂ ਨੇ ਜੋੜੇ ਨੂੰ ਘੇਰ ਕੇ ਉਨ੍ਹਾਂ ਕੋਲ ਮੌਜੂਦ ਕਰੀਬ 20 ਹਜ਼ਾਰ ਰੁਪਏ ਦੀ ਨਕਦੀ ਅਤੇ ਕੁਝ ਮਹੱਤਵਪੂਰਨ ਦਸਤਾਵੇਜ਼ ਖੋਹ ਲਏ।

ਸੰਵਾਦ ਸਹਿਯੋਗੀ, ਜਾਗਰਣ, ਮੋਗਾ: ਜ਼ਿਲ੍ਹੇ ਵਿੱਚ ਲੁੱਟ ਦੀ ਇੱਕ ਵਾਰਦਾਤ ਦੌਰਾਨ ਲਗਭਗ 60 ਸਾਲਾ ਬਜ਼ੁਰਗ ਜੋੜੇ ਨੇ ਬਦਮਾਸ਼ਾਂ ਦਾ ਮੁਕਾਬਲਾ ਕਰਦਿਆਂ ਇੱਕ ਮੁਲਜ਼ਮ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ। ਮੋਟਰਸਾਈਕਲ ’ਤੇ ਸਵਾਰ ਤਿੰਨ ਨੌਜਵਾਨਾਂ ਨੇ ਰਸਤਾ ਰੋਕ ਕੇ ਜੋੜੇ ਤੋਂ ਕਰੀਬ 20 ਹਜ਼ਾਰ ਰੁਪਏ ਦੀ ਨਕਦੀ ਅਤੇ ਜ਼ਰੂਰੀ ਦਸਤਾਵੇਜ਼ ਖੋਹ ਲਏ। ਵਾਰਦਾਤ ਤੋਂ ਬਾਅਦ ਦੋ ਮੁਲਜ਼ਮ ਫ਼ਰਾਰ ਹੋ ਗਏ, ਜਦਕਿ ਜੋੜੇ ਨੇ ਹਿੰਮਤ ਦਿਖਾਉਂਦਿਆਂ ਇੱਕ ਨੌਜਵਾਨ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ।
ਜਾਣਕਾਰੀ ਅਨੁਸਾਰ ਪਿੰਡ ਘੋਲੀਆ ਕਲਾਂ ਵਾਸੀ ਬਲਵਿੰਦਰ ਸਿੰਘ ਬਿੰਦਰ ਆਪਣੀ ਪਤਨੀ ਨਾਲ ਕਿਸੇ ਕੰਮ ਲਈ ਘੋਲੀਆ ਵੱਲ ਜਾ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਕਾਲੇ ਪਿੰਡ ਤੋਂ ਅੱਗੇ ਘੋਲੀਆ ਚੌਕ ਨੇੜੇ ਪਹੁੰਚਣ ’ਤੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਉਨ੍ਹਾਂ ਦਾ ਰਸਤਾ ਰੋਕ ਲਿਆ। ਦੋਸ਼ ਹੈ ਕਿ ਨੌਜਵਾਨਾਂ ਨੇ ਜੋੜੇ ਨੂੰ ਘੇਰ ਕੇ ਉਨ੍ਹਾਂ ਕੋਲ ਮੌਜੂਦ ਕਰੀਬ 20 ਹਜ਼ਾਰ ਰੁਪਏ ਦੀ ਨਕਦੀ ਅਤੇ ਕੁਝ ਮਹੱਤਵਪੂਰਨ ਦਸਤਾਵੇਜ਼ ਖੋਹ ਲਏ।
ਵਾਰਦਾਤ ਤੋਂ ਬਾਅਦ ਜਦੋਂ ਤਿੰਨੇ ਨੌਜਵਾਨ ਉੱਥੋਂ ਭੱਜਣ ਲੱਗੇ ਤਾਂ ਬਲਵਿੰਦਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਨੇ ਹਿੰਮਤ ਨਹੀਂ ਹਾਰੀ। ਦੋਵਾਂ ਨੇ ਪਿੱਛਾ ਕਰਕੇ ਇੱਕ ਨੌਜਵਾਨ ਨੂੰ ਕਾਬੂ ਕਰ ਲਿਆ। ਇਸ ਦੌਰਾਨ ਉਨ੍ਹਾਂ ਵਿਚਕਾਰ ਕਾਫ਼ੀ ਦੇਰ ਤੱਕ ਧੱਕਾ-ਮੁੱਕੀ ਹੁੰਦੀ ਰਹੀ। ਆਖ਼ਰਕਾਰ ਜੋੜੇ ਨੇ ਨੌਜਵਾਨ ਨੂੰ ਫੜ ਲਿਆ ਅਤੇ ਮੌਕੇ ’ਤੇ ਪਹੁੰਚੀ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸੇ ਦੌਰਾਨ ਉਸ ਦੇ ਦੋ ਸਾਥੀ ਉੱਥੋਂ ਭੱਜਣ ਵਿੱਚ ਕਾਮਯਾਬ ਹੋ ਗਏ।
ਘਟਨਾ ਨਾਲ ਸਬੰਧਤ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਪ੍ਰਸਾਰਿਤ ਹੋ ਰਹੀ ਹੈ। ਵੀਡੀਓ ਵਿੱਚ ਬਜ਼ੁਰਗ ਜੋੜੇ ਵੱਲੋਂ ਮੁਲਜ਼ਮ ਨੌਜਵਾਨ ਨੂੰ ਫੜਨ ਦੀ ਘਟਨਾ ਦਿਖਾਈ ਦੇ ਰਹੀ ਹੈ।
ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਹਰਮੇਸ਼ ਲਾਲ ਨੇ ਦੱਸਿਆ ਕਿ ਪੁਲਿਸ ਨੇ ਫੜੇ ਗਏ ਨੌਜਵਾਨ ਦੀ ਪਛਾਣ ਰਾਜਦੀਪ ਸਿੰਘ ਉਰਫ਼ ਸਿਰਾਜੂ ਵਜੋਂ ਕੀਤੀ ਹੈ। ਪੁਲਿਸ ਅਨੁਸਾਰ ਪੁੱਛਗਿੱਛ ਦੌਰਾਨ ਉਸ ਦੇ ਦੋ ਸਾਥੀਆਂ ਦੇ ਨਾਂ ਜਗਤਾਰ ਸਿੰਘ ਅਤੇ ਗੁਰਵਿੰਦਰ ਸਿੰਘ ਵਾਸੀ ਫੂਲੇਵਾਲਾ ਸਾਹਮਣੇ ਆਏ ਹਨ। ਪੁਲਿਸ ਨੇ ਤਿੰਨਾਂ ਵਿਰੁੱਧ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਫ਼ਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਸੰਭਾਵਿਤ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।