- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਗਰ ਨਿਗਮ ਮੋਗਾ ਦੀ ਮੇਅਰ ਦੀ ਚੋਣ

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਨਗਰ ਨਿਗਮ ਮੋਗਾ ਦੀ ਮੇਅਰ ਦੀ ਚੋਣ ਵੇਲੇ ਹਲਕਾ ਵਿਧਾਇਕ ਮੋਗਾ ਜਿਹੜੀ ਇਹ ਕਹਿੰਦੀ ਨਹੀਂ ਥੱਕਦੀ ਕਿ ਮੇਅਰ ਦੀ ਚੋਣ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਜਿੱਤੇ ਤਿੰਨ ਕੌਂਸਲਰਾਂ ਨੇ ਵੀ ਉਨ੍ਹਾਂ ਦੇ ਹੱਕ ਵਿਚ ਵੋਟ ਪਾਈ ਇਹ ਬਿਲਕੁਲ ਕੋਰਾ ਝੂਠ ਬੋਲ ਰਹੇ ਹਨ ਅਤੇ ਵਿਧਾਇਕ ਅਰੋੜਾ ਨੂੰ ਜਾਂ ਤਾਂ ਨਗਰ ਨਿਗਮ ਦੇ ਵਿਧਾਨ ਦਾ ਪਤਾ ਨਹੀਂ ਜਾਂ ਫਿਰ ਉਨ੍ਹਾਂ ਵਿਚ ਤਜੱਰਬੇ ਦੀ ਘਾਟ ਹੈ ਅਤੇ ਉਨ੍ਹਾਂ ਨੇ ਅਜਿਹਾ ਆਖਕੇ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਕੋਸ਼ਿਸ ਕੀਤੀ ਹੈ। ਇਹ ਪ੍ਰਗਟਾਵਾ ਮੋਗਾ ਦੇ ਇੰਚਾਰਜ ਸੰਜੀਤ ਸਿੰਘ ਸੰਨੀ ਗਿੱਲ ਨੇ ਇਕ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ। ਇਸ ਮੌਕੇ ਵਿਸ਼ੇਸ ਤੌਰ ’ਤੇ ਸ੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ, ਸ਼ਹਿਰੀ ਜ਼ਿਲ੍ਹਾ ਪ੍ਰਧਾਨ ਖਣਮੁੱਖ ਭਾਰਤੀ ਪੱਤੋ, ਮੌਜੂਦਾ ਕੌਂਸਲਰ ਤੇ ਹਲਕਾ ਵਿਧਾਨ ਸਭਾ ਮੋਗਾ ਦੇ ਸ਼ਹਿਰੀ ਪ੍ਰਧਾਨ ਗੋਵਰਧਨ ਪੋਪਲੀ, ਕੌਂਸਲਰ ਮਨਜੀਤ ਸਿੰਘ ਧੰਮੂ, ਵਾਰਡ ਨੰਬਰ 50 ਤੋਂ ਚੋਣ ਜਿੱਤੇ ਬੀਬੀ ਸਤਵੀਰ ਕੌਰ ਦੇ ਪਤੀ ਨਵਦੀਪ ਸਿੰਘ ਨਿੰਮਾ ਬਰਾੜ ਲੰਡੇਕੇ ਹਾਜ਼ਰ ਸਨ। ਸੰਨੀ ਗਿੱਲ ਨੇ ਕਿਹਾ ਕਿ ਆਪ ਪਾਰਟੀ ਦੇ ਆਗੂਆਂ ਨੂੰ ਝੂਠ ਮਾਰਨ ਦੀ ਆਦਤ ਹੈ ਕਿਉਂਕਿ ਮੁੱਖ ਮੰਤਰੀ ਮਾਨ ਖੁਦ ਹੀ ਝੂਠਾਂ ਦੀ ਪਟਾਰੀ ਹੈ ਅਤੇ ਉਹ ਖੁਦ ਹੀ ਪੈਰ ਪੈਰ ’ਤੇ ਝੂਠ ਬੋਲਕੇ ਲੋਕਾਂ ਨੂੰ ਗੁੰਮਰਾਹ ਕਰਦੇ ਆ ਰਹੇ ਹਨ ਅਤੇ ਉਸੇ ਤਰ੍ਹਾਂ ਉਨ੍ਹਾਂ ਦੀ ਟੀਮ ਝੂਠ ਮਾਰ ਰਹੀ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਚੋਣਾਂ ਵਿਚ ਆਪ ਪਾਰਟੀ ਕੋਲ 32 ਕੌਂਸਲਰਾਂ ਦਾ ਸਪੱਸ਼ਟ ਬਹੁਮਤ ਸੀ ਅਤੇ ਮੇਅਰ ਬਣਾਉਣ ਲਈ ਉਨ੍ਹਾਂ ਨੂੰ ਸਿਰਫ 26 ਕੌਂਸਲਰਾਂ ਦੀ ਲੋੜ ਸੀ ਅਤੇ ਅਪੋਜ਼ੀਸ਼ਨ ਵਿਚ ਕੋਈ ਵੀ ਉਮੀਦਵਾਰ ਨਹੀਂ ਸੀ ਫਿਰ ਵੋਟਿੰਗ ਦਾ ਤਾਂ ਸਵਾਲ ਹੀ ਖੜ੍ਹਾ ਨਹੀਂ ਹੁੰਦਾ ਅਤੇ ਚੋਣ ਕਰਵਾ ਰਹੇ ਡਵੀਜ਼ਨਲ ਕਮਿਸ਼ਨਰ ਮੈਡਮ ਬਬੀਤਾ ਵੱਲੋਂ ਮਹਿਜ ਇਕ ਰਹਿਸਲ ਵਜੋਂ ਪੰਜਾਹ ਕੌਂਸਲਰਾਂ ਦੇ ਹੀ ਹੱਥ ਖੜ੍ਹੇ ਕਰਵਾ ਲਏ ਅਤੇ ਰਹਿਸਲ ਵੇਲੇ ਦੀ ਤਸਵੀਰ ਨੂੰ ਵਾਇਰਲ ਕਰਕੇ ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਅਜਾਦ ਉਮੀਦਵਾਰਾਂ ਨੂੰ ਨਿਸ਼ਾਨਾ ਬਣਾਕੇ ਸ਼੍ਰੋਮਣੀ ਅਕਾਲੀ ਦਲ ਲਈ ਗਲਤ ਕੂੜ ਪ੍ਰਚਾਰ ਕੀਤਾ ਗਿਆ ਅਤੇ ਇਹ ਵੀ ਸੱਚ ਸਭ ਦੇ ਸਾਹਮਣੇ ਹੈ ਕਿ ਗਿਣਤੀ ਸਮੇਂ ਵੋਟ ਬਕਸਿਆਂ ਦੀਆਂ ਸੀਲਾਂ ਟੁੱਟੀਆਂ ਤੇ ਉਮੀਦਵਾਰਾਂ ਦੇ ਦਸਤਖ਼ਤ ਵੀ ਗਾਇਬ ਸਨ ਅਤੇ ਵੋਟਾਂ ਵਿਚ ਬੇਈਮਾਨੀ ਅਤੇ ਧੋਖਾ ਕਰਕੇ ਆਪਣੇ ਉਮੀਦਵਾਰ ਜਿਤਾ ਲਏ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ਤੇ ਆਪ ਦੇ ਝੂਠਾਂ ਤੇ ਪੰਜਾਬ ਦੇ ਲੋਕਾਂ ਨਾਲ ਕੀਤੀ ਧੱਕੇਸ਼ਾਹੀ ਅਤੇ ਦਿੱਲੀ ਵਾਲਿਆਂ ਨੂੰ ਲੁਟਾਏ ਪੈਸਿਆਂ ਦਾ ਇਕ ਇਕ ਹਿਸਾਬ ਲਿਆ ਜਾਵੇਗਾ। ਇਸ ਮੌਕੇ ਕੌਂਸਲਰ ਗੋਵਰਧਨ ਪੋਪਲੀ ਅਤੇ ਮਨਜੀਤ ਸਿੰਘ ਧੰਮੂ ਨੇ ਕਿਹਾ ਕਿ ਉਨ੍ਹਾਂ ਵੱਲੋਂ ਜੋ ਹੱਥ ਖੜ੍ਹੇ ਕੀਤੇ ਗਏ ਉਹ ਇਕ ਰਹਿਸਲ ਵਜੋਂ ਸਭ ਦੇ ਹੱਥ ਖੜ੍ਹੇ ਕਰਵਾਏ ਗਏ ਅਤੇ ਉਸ ਰਹਿਸਲ ਦੀ ਵੀਡੀਓ ਨੂੰ ਵਾਇਰਲ ਕਰਕੇ ਉਨ੍ਹਾਂ ਨੂੰ ਅਤੇ ਪਾਰਟੀ ਨੂੰ ਬਦਨਾਮ ਕਰਨ ਦੀ ਇਕ ਸਾਜਿਸ਼ ਹੈ। ਕੌਂਸਲਰਾਂ ਨੇ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਾਦਾਰ ਸਿਪਾਹੀ ਹਨ ਅਤੇ ਆਪ ਪਾਰਟੀ ਨੂੰ ਸਮੱਰਥਨ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਨੇ ਕਿਹਾ ਕਿ ਨਗਰ ਨਿਗਮ ਚੋਣਾਂ ਵਿਚ ਆਪ ਪਾਰਟੀ ਨੇ ਆਪਣੀ ਹਾਰ ਕਬੂਲ ਲਈ ਸੀ ਅਤੇ ਨਗਰ ਨਿਗਮ ਵਿਚ ਹਰ ਹਰਬਾ ਵਰਤ ਕੇ ਧੱਕੇਸ਼ਾਹੀ ਨਾਲ ਨਗਰ ਦੀਆਂ ਚੋਣਾਂ ਜਿੱਤ ਕੇ ਨਿਗਮ ’ਤੇ ਕਾਬਜ਼ ਹੋਏ। ਉਨ੍ਹਾਂ ਕਿਹਾ ਕਿ ਆਪ ਪਾਰਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਖਿਲਾਫ਼ ਜੋ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਹੈ ਇਸ ਦਾ ਜਵਾਬ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਦਿੱਤਾ ਜਾਵੇਗਾ। ਜ਼ਿਲ੍ਹਾ ਸ਼ਹਿਰੀ ਪ੍ਰਧਾਨ ਖਣਮੁੱਖ ਭਾਰਤੀ ਪੱਤੋ ਨੇ ਕਿਹਾ ਕਿ ਨਗਰ ਨਿਗਮ ਮੋਗਾ ਦੀਆਂ ਚੋਣਾਂ ਨੂੰ ਚੋਣਾਂ ਆਖਣਾ ਗਲਤ ਹੈ ਕਿਉਂਕਿ ਇਹ ਚੋਣਾਂ ਆਪ ਪਾਰਟੀ ਵੱਲੋਂ ਲੁੱਟੀਆਂ ਗਈਆਂ।