ਗੀਤਾ ਭਵਨ ਮੋਗਾ ਵਿਖੇ ਸਮਾਗਮ ਕਰਵਾਇਆ
ਬ੍ਰਹਮਲੀਨ ਸਵਾਮੀ ਵੇਦਾਂਤਾਨੰਦ ਜੀ ਮਹਾਰਾਜ
Publish Date: Fri, 12 Jun 2026 03:43 PM (IST)
Updated Date: Sat, 13 Jun 2026 04:00 AM (IST)

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਬ੍ਰਹਮਲੀਨ ਸਵਾਮੀ ਵੇਦਾਂਤਾਨੰਦ ਜੀ ਮਹਾਰਾਜ ਦੀ ਪਾਵਨ ਤਪੋਭੂਮੀ ਅਤੇ ਬ੍ਰਹਮਲੀਨ ਸਵਾਮੀ ਸਹਿਜ ਪ੍ਰਕਾਸ਼ ਜੀ ਮਹਾਰਾਜ ਦੀ ਕਰਮਭੂਮੀ ਗੀਤਾ ਭਵਨ ਮੋਗਾ ਵਿਖੇ ਗੀਤਾ ਭਵਨ ਟਰੱਸਟ ਸੁਸਾਇਟੀ ਦੇ ਤੱਤਵਾਧਾਨ ਹੇਠ ਕਰਵਾਏ ਸ਼੍ਰੀਮਦ ਭਾਗਵਤ ਕਥਾ ਗਿਆਨ ਯੱਗ ਦੇ ਪੰਜਵੇਂ ਦਿਨ ਸ਼ਰਧਾ, ਭਗਤੀ ਅਤੇ ਆਧਿਆਤਮਿਕ ਉਤਸ਼ਾਹ ਦਾ ਅਦਭੁੱਤ ਸੰਗਮ ਵੇਖਣ ਨੂੰ ਮਿਲਿਆ। ਕਥਾ ਆਰੰਭ ਹੋਣ ਤੋਂ ਪਹਿਲਾਂ ਗੀਤਾ ਭਵਨ ਦੇ ਸੰਸਥਾਪਕ, ਮਹਾਨ ਸੰਤ ਅਤੇ ਆਧਿਆਤਮਿਕ ਪ੍ਰੇਰਣਾ ਸਰੋਤ ਬ੍ਰਹਮਲੀਨ ਸਵਾਮੀ ਵੇਦਾਂਤਾਨੰਦ ਜੀ ਮਹਾਰਾਜ ਦੀ ਪ੍ਰਤਿਮਾ ਦਾ ਵੇਦਿਕ ਮੰਤ੍ਰ ਉਚਾਰਣ ਅਤੇ ਵਿਧੀ-ਵਿਧਾਨ ਨਾਲ ਪੂਜਨ ਕੀਤਾ ਗਿਆ। ਇਸ ਮੌਕੇ ਗੀਤਾ ਭਵਨ ਟਰੱਸਟ ਸੁਸਾਇਟੀ ਦੇ ਪ੍ਰਧਾਨ ਐਡਵੋਕੇਟ ਸੁਨੀਲ ਗਰਗ, ਮਹਾਮੰਤਰੀ ਅੰਸ਼ੁਲ ਸ਼੍ਰੀਕੁੰਜ, ਜੁਆਇੰਟ ਸਕੱਤਰ ਸੁਰਿੰਦਰ ਗੋਇਲ, ਸੀਨੀਅਰ ਉੱਪ ਪ੍ਰਧਾਨ ਰਵਿੰਦਰ ਸੂਦ, ਉੱਪ ਪ੍ਰਧਾਨ ਭਰਤ ਅਗਰਵਾਲ ਅਤੇ ਕੈਸ਼ੀਅਰ ਯੋਗੇਸ਼ ਗਰਗ ਸਮੇਤ ਹੋਰ ਸ਼ਰਧਾਲੂਆਂ ਨੇ ਗੁਰਦੇਵ ਦੇ ਚਰਨਾਂ ਵਿਚ ਫੁੱਲ ਅਰਪਿਤ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ। ਹਾਜ਼ਰ ਸੰਗਤ ਨੇ ਗੁਰਦੇਵ ਵੱਲੋਂ ਦੱਸੇ ਧਰਮ, ਸੇਵਾ, ਸੰਸਕਾਰ ਅਤੇ ਮਨੁੱਖੀ ਭਲਾਈ ਦੇ ਮਾਰਗ ਤੇ ਚੱਲਣ ਦਾ ਸੰਕਲਪ ਵੀ ਲਿਆ। ਕਥਾ ਵਿਆਸ ਆਚਾਰਿਆ ਪੰਡਿਤ ਸਤਿਆ ਨਾਰਾਇਣ ਮਹਾਰਾਜ ਨੇ ਸ਼੍ਰੀਮਦ ਭਾਗਵਤ ਕਥਾ ਦੌਰਾਨ ਭਗਵਾਨ ਸ਼੍ਰੀ ਕ੍ਰਿਸ਼ਨ ਦੀਆਂ ਬਾਲ ਲੀਲਾਵਾਂ ਅਤੇ ਪੂਤਨਾ ਉਧਾਰ ਪ੍ਰਸੰਗ ਦਾ ਭਾਵਪੂਰਨ ਵਰਣਨ ਕੀਤਾ। ਆਚਾਰਿਆ ਨੇ ਸੰਤਾਂ ਅਤੇ ਗੁਰੂਆਂ ਦੇ ਸਤਿਕਾਰ ਨੂੰ ਭਾਰਤੀ ਸੰਸਕ੍ਰਿਤੀ ਦੀ ਮਹਾਨ ਪਰੰਪਰਾ ਦੱਸਦਿਆਂ ਕਿਹਾ ਕਿ ਸਵਾਮੀ ਵੇਦਾਂਤਾਨੰਦ ਜੀ ਮਹਾਰਾਜ ਨੇ ਆਪਣਾ ਸਾਰਾ ਜੀਵਨ ਧਰਮ ਪ੍ਰਚਾਰ, ਮਨੁੱਖਤਾ ਦੀ ਸੇਵਾ, ਸਤਸੰਗ ਅਤੇ ਆਧਿਆਤਮਿਕ ਜਾਗਰੂਕਤਾ ਲਈ ਸਮਰਪਿਤ ਕੀਤਾ। ਅੱਜ ਗੀਤਾ ਭਵਨ ਵਿਚ ਚੱਲ ਰਹੀਆਂ ਵਿਸ਼ਾਲ ਧਾਰਮਿਕ ਅਤੇ ਆਧਿਆਤਮਿਕ ਗਤੀਵਿਧੀਆਂ ਉਨ੍ਹਾਂ ਦੇ ਤਪ, ਤਿਆਗ ਅਤੇ ਦੂਰਦਰਸ਼ੀ ਸੋਚ ਦਾ ਨਤੀਜਾ ਹਨ। ਇਸ ਮੌਕੇ ਗੀਤਾ ਭਵਨ ਟਰੱਸਟ ਸੁਸਾਇਟੀ ਦੇ ਪ੍ਰਧਾਨ ਐਡਵੋਕੇਟ ਸੁਨੀਲ ਗਰਗ ਨੇ ਕਿਹਾ ਕਿ ਗੀਤਾ ਭਵਨ ਕੇਵਲ ਧਾਰਮਿਕ ਸਥਾਨ ਨਹੀਂ, ਸਗੋਂ ਸੰਸਕਾਰ, ਸੇਵਾ ਅਤੇ ਆਧਿਆਤਮਿਕ ਚੇਤਨਾ ਦਾ ਕੇਂਦਰ ਹੈ। ਅੰਤ ’ਚ ਗੀਤਾ ਭਵਨ ਟਰੱਸਟ ਸੁਸਾਇਟੀ ਦੇ ਅਹੁਦੇਦਾਰਾਂ ਨੇ ਸੰਗਤ ਨੂੰ ਅਪੀਲ ਕੀਤੀ ਕਿ ਉਹ 15 ਜੂਨ ਤੱਕ ਹਰ ਰੋਜ਼ ਸ਼ਾਮ 4 ਵਜੇ ਤੋਂ 7 ਵਜੇ ਤੱਕ ਹੋਣ ਵਾਲੇ ਸ਼੍ਰੀਮਦ ਭਾਗਵਤ ਕਥਾ ਗਿਆਨ ਯੱਗ ਵਿਚ ਪਰਿਵਾਰ ਸਮੇਤ ਸ਼ਾਮਲ ਹੋ ਕੇ ਕਥਾ ਸ੍ਰਵਣ ਦਾ ਪੁੰਨ ਪ੍ਰਾਪਤ ਕਰਨ ਅਤੇ ਗੁਰਦੇਵ ਸਵਾਮੀ ਵੇਦਾਂਤਾਨੰਦ ਜੀ ਮਹਾਰਾਜ ਦੀਆਂ ਪਾਵਨ ਸਿੱਖਿਆਵਾਂ ਨੂੰ ਆਪਣੇ ਜੀਵਨ ਵਿਚ ਅਪਣਾਉਣ।