- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਧਰਮ ਰੱਖਿਆ ਸੇਵਾ ਮੰਚ ਐੱਨਜੀਓ

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ : ਧਰਮ ਰੱਖਿਆ ਸੇਵਾ ਮੰਚ ਐੱਨਜੀਓ ਸੰਸਥਾ ਨੇ ਕਸ਼ਮੀਰੀ ਪਾਰਕ ਦੀ ਬਦਹਾਲ ਹਾਲਤ ਸਬੰਧੀ ਐਡੀਸ਼ਨਲ ਡਿਪਟੀ ਕਮਿਸ਼ਨਰ ਜਸਪਿੰਦਰ ਸਿੰਘ ਨੂੰ ਮੰਗ-ਪੱਤਰ ਸੌਂਪਿਆ। ਮੰਗ-ਪੱਤਰ ’ਚ ਪਾਰਕ ਵਿਚ ਲੱਗੀਆਂ ਓਪਨ ਜਿਮ ਮਸ਼ੀਨਾਂ ਦੀ ਤੋੜਫੋੜ, ਉਨ੍ਹਾਂ ਦੇ ਪੁਰਜ਼ਿਆਂ ਦੀ ਚੋਰੀ, ਪਾਰਕ ਅੰਦਰ ਗੰਦਗੀ ਦੇ ਢੇਰ, ਬੰਦ ਪਈਆਂ ਸਟ੍ਰੀਟ ਲਾਈਟਾਂ ਅਤੇ ਬਿਜਲੀ ਦੇ ਖੁੱਲ੍ਹੇ ਜੋੜਾਂ ਵਰਗੀਆਂ ਗੰਭੀਰ ਸਮੱਸਿਆਵਾਂ ਉਠਾਈਆਂ ਗਈਆਂ। ਇਸ ਮੌਕੇ ਏਡੀਸੀ ਜਸਪਿੰਦਰ ਸਿੰਘ ਨੇ ਸੰਸਥਾ ਦੇ ਮੈਂਬਰਾ ਨੂੰ ਭਰੋਸਾ ਦਵਾਇਆ ਕਿ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਖੁਦ ਕਸ਼ਮੀਰੀ ਪਾਰਕ ਦਾ ਦੌਰਾ ਕਰਨਗੇ। ਮੌਕੇ ’ਤੇ ਸਾਰੀਆਂ ਸਮੱਸਿਆਵਾਂ ਦਾ ਜਾਇਜ਼ਾ ਲੈ ਕੇ ਸੰਬੰਧਿਤ ਵਿਭਾਗਾਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣਗੇ। ਉਨ੍ਹਾਂ ਇਹ ਵੀ ਆਸ਼ਵਾਸਨ ਦਿੱਤਾ ਕਿ ਪਾਰਕ ’ਚ ਲੱਗੀਆਂ ਓਪਨ ਜਿੰਮ ਮਸ਼ੀਨਾਂ ਨੂੰ ਨੁਕਸਾਨ ਪਹੁੰਚਾਉਣ, ਉਨ੍ਹਾਂ ਦੇ ਪੁਰਜ਼ੇ ਚੋਰੀ ਕਰਨ ਅਤੇ ਸਰਕਾਰੀ ਸੰਪਤੀ ਨੂੰ ਹਾਨੀ ਪਹੁੰਚਾਉਣ ਵਾਲੇ ਅਸਮਾਜਿਕ ਅਨਸਰਾਂ ਦੀ ਪਛਾਣ ਕਰਕੇ ਉਨ੍ਹਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਧਰਮ ਰੱਖਿਆ ਸੇਵਾ ਮੰਚ ਦੇ ਪ੍ਰਧਾਨ ਸੋਨੂ ਅਰੋੜਾ, ਜਨਰਲ ਸਕੱਤਰ ਨਾਨਕ ਚੋਪੜਾ ਅਤੇ ਤਰਸੇਮ ਜੰਡ ਨੇ ਕਿਹਾ ਕਿ ਕਸ਼ਮੀਰੀ ਪਾਰਕ ਸ਼ਹਿਰ ਵਾਸੀਆਂ ਦੀ ਸਿਹਤ ਅਤੇ ਮਨੋਰੰਜਨ ਦਾ ਇਕ ਮਹੱਤਵਪੂਰਨ ਕੇਂਦਰ ਹੈ ਪਰ ਕੁੱਝ ਅਸਮਾਜਿਕ ਤੱਤਾਂ ਵੱਲੋਂ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣਾ ਬਹੁਤ ਹੀ ਦੁੱਖਦਾਈ ਅਤੇ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਏਡੀਸੀ ਵੱਲੋਂ ਖੁਦ ਪਾਰਕ ਦਾ ਨਿਰੀਖਣ ਕਰਨ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਦਿੱਤਾ ਗਿਆ ਭਰੋਸਾ ਸਵਾਗਤਯੋਗ ਹੈ। ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਪ੍ਰਸ਼ਾਸਨ ਜਲਦ ਕਾਰਵਾਈ ਕਰਕੇ ਪਾਰਕ ਦੀ ਸ਼ਾਨ ਅਤੇ ਸਹੂਲਤਾਂ ਨੂੰ ਮੁੜ ਬਹਾਲ ਕਰੇਗਾ। ਇਸ ਮੌਕੇ ਮੰਚ ਦੇ ਪ੍ਰਧਾਨ ਸੋਨੂ ਅਰੋੜਾ ਨੇ ਕਿਹਾ ਕਿ ਸਰਕਾਰੀ ਸੰਪਤੀ ਲੋਕਾਂ ਦੀ ਅਮਾਨਤ ਹੁੰਦੀ ਹੈ ਅਤੇ ਇਸ ਦੀ ਰੱਖਿਆ ਕਰਨਾ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ। ਪਾਰਕ ’ਚ ਲੱਗੀ ਓਪਨ ਜਿੰਮ ਦੀ ਤੋੜਫੋੜ ਅਤੇ ਚੋਰੀ ਕਰਨ ਵਾਲੇ ਸਮਾਜ ਵਿਰੋਧੀ ਤੱਤਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਭਵਿੱਖ ਵਿਚ ਕੋਈ ਵੀ ਅਜਿਹੀ ਹਰਕਤ ਕਰਨ ਦੀ ਹਿੰਮਤ ਨਾ ਕਰ ਸਕੇ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਸਰਕਾਰੀ ਸੰਪਤੀ ਦੀ ਸੁਰੱਖਿਆ ਲਈ ਪ੍ਰਸ਼ਾਸਨ ਦਾ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਕਸ਼ਮੀਰੀ ਪਾਰਕ ਦੀਆਂ ਸਮੱਸਿਆਵਾਂ ਨੂੰ ਅਣਡਿੱਠਾ ਕੀਤਾ ਜਾ ਰਿਹਾ ਸੀ। ਏਡੀਸੀ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਕਾਰਾਤਮਕ ਭਰੋਸੇ ਨਾਲ ਸ਼ਹਿਰ ਵਾਸੀਆਂ ਵਿੱਚ ਨਵਾਂ ਵਿਸ਼ਵਾਸ ਜਾਗਿਆ ਹੈ। ਉਨ੍ਹਾਂ ਉਮੀਦ ਜਤਾਈ ਕਿ ਪਾਰਕ ਦੀ ਨਿਯਮਿਤ ਸਫ਼ਾਈ, ਬੰਦ ਪਈਆਂ ਸਟ੍ਰੀਟ ਲਾਈਟਾਂ ਨੂੰ ਚਾਲੂ ਕਰਵਾਉਣਾ, ਬਿਜਲੀ ਦੇ ਖੁੱਲ੍ਹੇ ਜੋੜਾਂ ਨੂੰ ਸੁਰੱਖਿਅਤ ਬਣਾਉਣਾ, ਖ਼ਰਾਬ ਹੋ ਚੁੱਕੀਆਂ ਕਸਰਤ ਮਸ਼ੀਨਾਂ ਦੀ ਮੁਰੰਮਤ ਕਰਵਾਉਣਾ ਅਤੇ ਪਾਰਕ ਦੀ ਸੁਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਚੋਰੀ ਅਤੇ ਤੋੜਫੋੜ ਕਰਨ ਵਾਲੇ ਦੋਸ਼ੀਆਂ ਖ਼ਿਲਾਫ਼ ਜਲਦ ਸਖ਼ਤ ਕਾਰਵਾਈ ਕੀਤੀ ਜਾਵੇਗੀ।