ਪੰਜਾਬ ਦੀ ਸਿਆਸਤ ਦਾ ਡਿੱਗਦਾ ਮਿਆਰ ਲੋਕਤੰਤਰ ਲਈ ਖ਼ਤਰਨਾਕ : ਦੌਲਤਪੁਰਾ
ਪੰਜਾਬ ਦੀ ਮੌਜੂਦਾ ਸਿਆਸੀ ਸਥਿਤੀ
Publish Date: Fri, 26 Jun 2026 04:47 PM (IST)
Updated Date: Fri, 26 Jun 2026 04:49 PM (IST)

ਕਿਹਾ, ਲੋਕਾਂ ਦੇ ਮੁੱਦਿਆਂ ਤੋਂ ਧਿਆਨ ਹਟਾ ਰਹੀਆਂ ਸਿਆਸੀ ਪਾਰਟੀਆਂ ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ : ਪੰਜਾਬ ਦੀ ਮੌਜੂਦਾ ਸਿਆਸੀ ਸਥਿਤੀ ਅਤੇ ਲਗਾਤਾਰ ਡਿੱਗਦੇ ਰਾਜਨੀਤਿਕ ਮਿਆਰ ਉੱਤੇ ਗੰਭੀਰ ਚਿੰਤਾ ਜ਼ਾਹਿਰ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂਆਂ ਨੇ ਕਿਹਾ ਹੈ ਕਿ ਸੂਬੇ ਦੀ ਰਾਜਨੀਤੀ ਦਿਨੋਂ-ਦਿਨ ਆਪਣੀ ਗੰਭੀਰਤਾ ਅਤੇ ਸ਼ਾਲੀਨਤਾ ਗੁਆ ਰਹੀ ਹੈ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਇਹ ਰੁਝਾਨ ਜਾਰੀ ਰਿਹਾ ਤਾਂ ਲੋਕਾਂ ਦਾ ਲੋਕਤੰਤਰ ਅਤੇ ਰਾਜਨੀਤਿਕ ਪ੍ਰਣਾਲੀ ਤੋਂ ਭਰੋਸਾ ਹੋਰ ਕਮਜ਼ੋਰ ਹੋ ਸਕਦਾ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ, ਸੂਬਾ ਆਗੂ ਮੰਤਰਜੀਤ ਸਿੰਘ ਮਨਾਵਾਂ, ਹਰਨੇਕ ਸਿੰਘ ਫਤਿਹਗੜ੍ਹ ਅਤੇ ਜ਼ਿਲ੍ਹਾ ਮੀਡੀਆ ਸਕੱਤਰ ਬਲਕਰਨ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਦੀ ਸਿਆਸਤ ਦਾ ਮਿਆਰ ਲਗਾਤਾਰ ਹੇਠਾਂ ਜਾ ਰਿਹਾ ਹੈ, ਜੋ ਸੂਬੇ ਦੇ ਭਵਿੱਖ ਲਈ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਅੱਜ ਜ਼ਿਆਦਾਤਰ ਰਾਜਨੀਤਿਕ ਪਾਰਟੀਆਂ ਦੇ ਆਗੂ ਲੋਕਾਂ ਦੇ ਮੁੱਖ ਮੁੱਦਿਆਂ ਨੂੰ ਉਠਾਉਣ ਦੀ ਥਾਂ ਇਕ ਦੂਜੇ ‘ਤੇ ਨਿੱਜੀ ਹਮਲੇ ਕਰਨ, ਫ਼ਜ਼ੂਲ ਬਿਆਨਬਾਜ਼ੀ ਕਰਨ ਅਤੇ ਬੇਬੁਨਿਆਦ ਦੋਸ਼ ਲਗਾਉਣ ਵਿਚ ਹੀ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਰੁਝਾਨ ਕਿਸੇ ਵੀ ਜ਼ਿੰਮੇਵਾਰ ਲੋਕ-ਪ੍ਰਤੀਨਿਧ ਦੇ ਮਿਆਰ ਅਨੁਸਾਰ ਠੀਕ ਨਹੀਂ। ਸਿਆਸਤ ਦਾ ਮਕਸਦ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਅਤੇ ਸਮਾਜ ਨੂੰ ਅੱਗੇ ਲੈ ਕੇ ਜਾਣਾ ਹੁੰਦਾ ਹੈ ਨਾ ਕਿ ਨਿੱਜੀ ਵਿਵਾਦਾਂ ਨੂੰ ਵਧਾਉਣਾ ਪਰ ਮੌਜੂਦਾ ਹਾਲਾਤਾਂ ’ਚ ਸਿਆਸੀ ਮੰਚ ਅਕਸਰ ਤਕਰਾਰ, ਤੰਜ਼ ਅਤੇ ਦੋਸ਼ਾਰੋਪਣ ਤੱਕ ਹੀ ਸੀਮਿਤ ਹੋ ਕੇ ਰਹਿ ਗਏ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਇਸ ਵੇਲੇ ਬੇਰੁਜ਼ਗਾਰੀ, ਨਸ਼ਿਆਂ ਦੇ ਫੈਲਾਅ, ਕਿਸਾਨੀ ਸੰਕਟ, ਪਾਣੀਆਂ ਦੇ ਹੱਕ, ਉਦਯੋਗਾਂ ਦੇ ਪਲਾਇਨ, ਡਿੱਗਦੀ ਸਿੱਖਿਆ ਪ੍ਰਣਾਲੀ ਅਤੇ ਸਿਹਤ ਸਹੂਲਤਾਂ ਵਰਗੇ ਅਨੇਕਾਂ ਗੰਭੀਰ ਮੁੱਦਿਆਂ ਨਾਲ ਜੂਝ ਰਿਹਾ ਹੈ। ਇਹ ਉਹ ਮੁੱਦੇ ਹਨ ਜਿਨ੍ਹਾਂ ’ਤੇ ਵਿਧਾਨ ਸਭਾ ਤੋਂ ਲੈ ਕੇ ਜਨਤਕ ਮੰਚਾਂ ਤੱਕ ਗੰਭੀਰ ਚਰਚਾ ਹੋਣੀ ਚਾਹੀਦੀ ਹੈ ਪਰ ਦੁੱਖ ਦੀ ਗੱਲ ਹੈ ਕਿ ਇਨ੍ਹਾਂ ਉੱਤੇ ਠੋਸ ਵਿਚਾਰ-ਵਟਾਂਦਰੇ ਦੀ ਘਾਟ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਨਕਾਰਾਤਮਕ ਅਤੇ ਟਕਰਾਅ ਵਾਲੀ ਸਿਆਸਤ ਦਾ ਸਭ ਤੋਂ ਵੱਡਾ ਨੁਕਸਾਨ ਨੌਜਵਾਨ ਪੀੜ੍ਹੀ ਨੂੰ ਹੋ ਰਿਹਾ ਹੈ। ਜਦੋਂ ਨੌਜਵਾਨ ਆਪਣੇ ਆਗੂਆਂ ਨੂੰ ਕੇਵਲ ਬਹਿਸ, ਦੋਸ਼ਬਾਜ਼ੀ ਅਤੇ ਵਿਵਾਦਾਂ ’ਚ ਉਲਝਿਆ ਵੇਖਦੇ ਹਨ ਤਾਂ ਉਨ੍ਹਾਂ ਦਾ ਲੋਕਤੰਤਰ ਅਤੇ ਸਿਆਸਤ ਤੋਂ ਭਰੋਸਾ ਘਟਦਾ ਹੈ। ਇਹ ਸਥਿਤੀ ਭਵਿੱਖ ਲਈ ਚੰਗੇ ਸੰਕੇਤ ਨਹੀਂ ਦਿੰਦੀ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਬੋਲਬਾਣੀ ’ਚ ਸੰਜਮ ਅਤੇ ਸ਼ਾਲੀਨਤਾ ਬਣਾਈ ਰੱਖਣ। ਨਿੱਜੀ ਟਿੱਪਣੀਆਂ, ਬੇਬੁਨਿਆਦ ਦੋਸ਼ ਅਤੇ ਵੰਡ ਪੈਦਾ ਕਰਨ ਵਾਲੀ ਸਿਆਸਤ ਤੋਂ ਦੂਰ ਰਹਿੰਦੇ ਹੋਏ ਲੋਕ-ਹਿੱਤ ਨੂੰ ਪਹਿਲ ਦਿੱਤੀ ਜਾਵੇ। ਆਗੂਆਂ ਨੇ ਕਿਹਾ ਕਿ ਪੰਜਾਬ ਦਾ ਭਵਿੱਖ ਆਪਸੀ ਸਤਿਕਾਰ, ਜ਼ਿੰਮੇਵਾਰ ਨੇਤ੍ਰਿਤਵ ਅਤੇ ਲੋਕ-ਕੇਂਦਰਿਤ ਫ਼ੈਸਲਿਆਂ ਨਾਲ ਹੀ ਮਜ਼ਬੂਤ ਬਣ ਸਕਦਾ ਹੈ। ਉਨ੍ਹਾਂ ਅਖ਼ੀਰ ’ਚ ਕਿਹਾ ਕਿ ਪੰਜਾਬ ਦੇ ਲੋਕ ਹੁਣ ਖੋਖਲੇ ਵਾਅਦੇ ਜਾਂ ਬਿਆਨਬਾਜ਼ੀ ਨਹੀਂ, ਸਗੋਂ ਵਿਕਾਸ, ਰੁਜ਼ਗਾਰ, ਖੇਤੀਬਾੜੀ ਸੁਧਾਰ ਅਤੇ ਸਮਾਜਿਕ ਤਰੱਕੀ ਲਈ ਠੋਸ ਨੀਤੀਆਂ ਅਤੇ ਇਮਾਨਦਾਰ ਕਾਰਵਾਈ ਦੀ ਉਮੀਦ ਕਰਦੇ ਹਨ।