- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਨਸੂਨ ਦੇ ਆਗਮਨ ਤੋਂ ਪਹਿਲਾਂ

ਸਵਰਨ ਗੁਲਾਟੀ, ਪੰਜਾਬੀ ਜਾਗਰਣ ਮੋਗਾ : ਮਾਨਸੂਨ ਦੇ ਆਗਮਨ ਤੋਂ ਪਹਿਲਾਂ ਨਗਰ ਨਿਗਮ ਦੇ ਵਾਰਡ ਨੰਬਰ 38 ’ਚ ਜਲ ਭਰਾਅ ਅਤੇ ਸੀਵਰੇਜ਼ ਜਾਮ ਹੋਣ ਦੀ ਸਮੱਸਿਆ ਨੂੰ ਲੈ ਕੇ ਚਿੰਤਾ ਵੱਧ ਗਈ ਹੈ। ਵਾਰਡ ਦੀ ਕੌਂਸਲਰ ਡਿੰਪਲ ਅਰੋੜਾ ਨੇ ਨਗਰ ਨਿਗਮ ਕਮਿਸ਼ਨਰ ਨੂੰ ਮੰਗ ਪੱਤਰ ਸੌਂਪ ਕੇ ਇਲਾਕੇ ਦੀਆਂ ਬਰਸਾਤੀ ਹੌਦੀਆਂ ਅਤੇ ਸੀਵਰੇਜ ਚੈਂਬਰਾਂ ਦੀ ਤਰਜ਼ੀਹੀ ਅਧਾਰ ’ਤੇ ਸਫ਼ਾਈ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਸਫ਼ਾਈ ਨਾ ਕਰਵਾਈ ਗਈ ਤਾਂ ਬਰਸਾਤ ਦੇ ਦੌਰਾਨ ਬਾਜ਼ਾਰਾਂ ਅਤੇ ਰਿਹਾਇਸ਼ੀ ਇਲਾਕਿਆਂ ਵਿਚ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੌਂਸਲਰ ਡਿੰਪਲ ਅਰੋੜਾ ਨੇ ਦੱਸਿਆ ਕਿ ਵਾਰਡ ਦਾ ਵੱਡਾ ਹਿੱਸਾ ਵਪਾਰਕ ਅਤੇ ਸੰਘਣੀ ਆਬਾਦੀ ਵਾਲਾ ਖ਼ੇਤਰ ਹੈ। ਇਸ ਸਮੇਂ ਜ਼ਿਆਦਾਤਰ ਬਰਸਾਤੀ ਹੌਦੀਆਂ ਅਤੇ ਸੀਵਰੇਜ਼ ਚੈਂਬਰ ਮਿੱਟੀ, ਗਾਦ ਅਤੇ ਮਲਬੇ ਨਾਲ ਭਰੇ ਹੋਏ ਹਨ। ਨਿਕਾਸੀ ਪ੍ਰਣਾਲੀ ਪ੍ਰਭਾਵਿਤ ਹੋਣ ਕਾਰਨ ਹਲਕੀ ਬਰਸਾਤ ਵਿਚ ਵੀ ਸੀਵਰੇਜ ਲਾਈਨਾਂ ਜਾਮ ਹੋ ਜਾਂਦੀਆਂ ਹਨ ਅਤੇ ਗੰਦਾ ਪਾਣੀ ਸੜਕਾਂ ’ਤੇ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਕਾਰਨ ਦੁਕਾਨਦਾਰਾਂ, ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦਾ ਸਭ ਤੋਂ ਵੱਧ ਅਸਰ ਪੁਰਾਣੀ ਦਾਣਾ ਮੰਡੀ, ਪ੍ਰਤਾਪ ਰੋਡ, ਚੈਂਬਰ ਰੋਡ, ਰੇਲਵੇ ਰੋਡ, ਬਾਗ ਗਲੀ, ਤਪਤੇਜ ਸਿੰਘ ਮਾਰਕੀਟ, ਨਿਊ ਟਾਊਨ ਦੀਆਂ ਗਲੀਆਂ, ਮਿੱਤਲ ਰੋਡ, ਜੈਨ ਮੰਦਰ ਵਾਲੀ ਗਲੀ, ਡਾਕਟਰ ਜਵਾਹਰ ਵਾਲੀ ਗਲੀ, ਆਰਿਆ ਸਕੂਲ ਰੋਡ, ਪੁਰਾਣੀ ਸਿਟੀ ਰੋਡ ਅਤੇ ਬੇਰੀਆ ਵਾਲਾ ਮੁਹੱਲਾ ਵਰਗੇ ਇਲਾਕਿਆਂ ਵਿਚ ਪੈ ਸਕਦਾ ਹੈ। ਇਸ ਤੋਂ ਇਲਾਵਾ ਪੁਰਾਣੀ ਸਿਟੀ ਪੁਲਿਸ ਰੋਡ ਦੇ ਪੈਟਰੋਲ ਪੰਪ ਤੋਂ ਬਿਗਬੈਨ ਹੋਟਲ ਤੱਕ ਦਾ ਮੁੱਖ ਮਾਰਗ ਵੀ ਜਲ ਭਰਾਅ ਦੀ ਚਪੇਟ ਵਿਚ ਆ ਸਕਦਾ ਹੈ। ਡਿੰਪਲ ਅਰੋੜਾ ਨੇ ਨਿਗਮ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮਾਨਸੂਨ ਦੀ ਨਿਯਮਿਤ ਬਰਸਾਤ ਸ਼ੁਰੂ ਹੋਣ ਤੋਂ ਪਹਿਲਾਂ ਪੂਰੇ ਵਾਰਡ ’ਚ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ ਜਾਵੇ ਅਤੇ ਬਰਸਾਤੀ ਹੌਦੀਆਂ ਅਤੇ ਸੀਵਰੇਜ ਚੈਂਬਰਾਂ ’ਚੋਂ ਗਾਦ ਕੱਢੀ ਜਾਵੇ ਤਾਂ ਜੋ ਜਲ ਨਿਕਾਸੀ ਪ੍ਰਣਾਲੀ ਸੁਚਾਰੂ ਰਹੇ ਅਤੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।