- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤੀ ਰਾਸ਼ਟਰੀ ਕਾਂਗਰਸ ਵੱਲੋਂ ਦੇਸ਼

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ : ਭਾਰਤੀ ਰਾਸ਼ਟਰੀ ਕਾਂਗਰਸ ਵੱਲੋਂ ਦੇਸ਼ ਪੱਧਰ ’ਤੇ ਚਲਾਈ ਜਾ ਰਹੀ “ਵਿਦਿਆਰਥੀਆਂ ਦੀ ਗੂੰਜ” ਮੁਹਿੰਮ ਤਹਿਤ ਮੋਗਾ ਵਿਚ ਵਿਸ਼ੇਸ਼ ਵਿਦਿਆਰਥੀ ਸੈਮੀਨਾਰ ਅਤੇ ਪ੍ਰੈੱਸ ਕਾਨਫਰੰਸ ਕਰਵਾਈ ਗਈ। ਇਹ ਸੈਮੀਨਾਰ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਹਰੀ ਸਿੰਘ ਖਾਈ ਦੀ ਅਗਵਾਈ ਹੇਠ ਕਾਂਗਰਸ ਦਫ਼ਤਰ, ਇੰਪਰੂਵਮੈਂਟ ਟਰੱਸਟ ਰੋਡ ਮੋਗਾ ਵਿਖੇ ਆਯੋਜਿਤ ਕੀਤਾ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਵਿਦਿਆਰਥੀਆਂ, ਨੌਜਵਾਨਾਂ ਅਤੇ ਕਾਂਗਰਸੀ ਆਗੂਆਂ ਨੇ ਹਿੱਸਾ ਲਿਆ। ਸੈਮੀਨਾਰ ਦੌਰਾਨ ਵਿਦਿਆਰਥੀਆਂ ਨੂੰ ਪੜ੍ਹਾਈ ਅਤੇ ਪ੍ਰੀਖਿਆ ਪ੍ਰਣਾਲੀ ਨਾਲ ਸੰਬੰਧਤ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰ ਸਾਂਝੇ ਕੀਤੇ ਗਏ। ਇਸ ਮੌਕੇ ਪੰਜਾਬ ਕਾਂਗਰਸ ਦੇ ਸਹਿ ਇੰਚਾਰਜ ਰਵਿੰਦਰ ਡਾਲਵੀ ਅਤੇ ਕੋਆਰਡੀਨੇਟਰ ਹਰਦੀਪ ਸਿੰਘ ਕਿੰਗਰਾ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਇਸ ਮੌਕੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਵਿੰਦਰ ਡਾਲਵੀ ਨੇ ਕਿਹਾ ਕਿ ਨੀਟ ਪੇਪਰ ਲੀਕ ਮਾਮਲੇ ਕਾਰਨ ਦੇਸ਼ ਭਰ ਦੇ 22 ਲੱਖ ਤੋਂ ਵੱਧ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ ਵਿਚ ਪੈ ਗਿਆ ਹੈ। ਉਨ੍ਹਾਂ ਕਿਹਾ ਕਿ ਪੇਪਰ ਲੀਕ ਕਾਰਨ ਪੈਦਾ ਹੋਈ ਚਿੰਤਾ ਅਤੇ ਮਾਨਸਿਕ ਦਬਾਅ ਨੇ ਕਈ ਵਿਦਿਆਰਥੀਆਂ ਨੂੰ ਖੁਦਕੁਸ਼ੀ ਵਰਗੇ ਕਦਮ ਚੁੱਕਣ ਲਈ ਮਜਬੂਰ ਕੀਤਾ, ਜੋ ਬਹੁਤ ਦੁਖਦਾਈ ਹੈ। ਉਨ੍ਹਾਂ ਨੇ ਸਵਾਲ ਉਠਾਇਆ ਕਿ ਇੰਨੇ ਵੱਡੇ ਘਪਲੇ ਦੇ ਬਾਵਜੂਦ ਅਜੇ ਤੱਕ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਢੁੱਕਵੀਂ ਕਾਰਵਾਈ ਕਿਉਂ ਨਹੀਂ ਹੋਈ। ਬੁਲਾਰਿਆਂ ਨੇ ਕਿਹਾ ਕਿ ਇਹ 40 ਦਿਨਾਂ ਦੀ ਰਾਸ਼ਟਰੀ ਮੁਹਿੰਮ ਦੇਸ਼ ਦੇ 28 ਵੱਡੇ ਸ਼ਹਿਰਾਂ ਵਿਚ ਚਲਾਈ ਜਾਵੇਗੀ। ਇਸ ਦਾ ਮਕਸਦ ਪੇਪਰ ਲੀਕ, ਪ੍ਰੀਖਿਆਵਾਂ ਵਿਚ ਧੋਖਾਧੜੀ, ਦੇਰੀ, ਰੱਦ ਹੋ ਰਹੀਆਂ ਪ੍ਰੀਖਿਆਵਾਂ ਅਤੇ ਜਨਤਕ ਪ੍ਰੀਖਿਆਵਾਂ ‘ਤੇ ਟੁੱਟਦੇ ਭਰੋਸੇ ਦੇ ਖ਼ਿਲਾਫ਼ ਵਿਦਿਆਰਥੀਆਂ ਨੂੰ ਇੱਕਜੁੱਟ ਕਰਨਾ ਹੈ। ਇਹ ਮੁਹਿੰਮ ਕੋਚਿੰਗ ਸੈਂਟਰਾਂ, ਕਾਲਜਾਂ, ਹੋਸਟਲਾਂ, ਲਾਇਬ੍ਰੇਰੀਆਂ ਅਤੇ ਜਨਤਕ ਥਾਵਾਂ ਤੱਕ ਵਿਦਿਆਰਥੀਆਂ ਦੀ ਆਵਾਜ਼ ਪਹੁੰਚਾਏਗੀ। ਆਗੂਆਂ ਨੇ ਕਿਹਾ ਕਿ ਨੀਟ (ਯੂਜੀ) 2026 ਸਿਰਫ਼ ਇੱਕ ਪ੍ਰੀਖਿਆ ਰੱਦ ਹੋਣ ਦਾ ਮਾਮਲਾ ਨਹੀਂ, ਸਗੋਂ ਦੇਸ਼ ਦੀ ਪ੍ਰੀਖਿਆ ਪ੍ਰਣਾਲੀ ‘ਤੇ ਲੋਕਾਂ ਦੇ ਭਰੋਸੇ ਦੇ ਟੁੱਟਣ ਦਾ ਪ੍ਰਤੀਕ ਬਣ ਚੁੱਕਾ ਹੈ। ਇਕ ਵਿਦਿਆਰਥੀ ਸਾਲਾਂ ਮਿਹਨਤ ਕਰਦਾ ਹੈ ਅਤੇ ਪਰਿਵਾਰ ਆਪਣੀ ਜਮ੍ਹਾਂ ਪੁੰਜੀ ਉਸ ਦੀ ਪੜ੍ਹਾਈ ’ਤੇ ਲਗਾ ਦਿੰਦਾ ਹੈ, ਪਰ ਇੱਕ ਪੇਪਰ ਲੀਕ ਪੂਰੀ ਪ੍ਰਣਾਲੀ ਨੂੰ ਸ਼ੱਕ ਦੇ ਘੇਰੇ ਵਿਚ ਲਿਆਉਂਦਾ ਹੈ। ਉਨ੍ਹਾਂ ਕਿਹਾ ਕਿ ਪੇਪਰ ਲੀਕ ਹੁਣ ਇੱਕ ਰਾਸ਼ਟਰੀ ਪੱਧਰ ਦੀ ਸਮੱਸਿਆ ਬਣ ਚੁੱਕੀ ਹੈ ਅਤੇ ਇਹ ਸਿਰਫ਼ ਸਿੱਖਿਆ ਦਾ ਨਹੀਂ, ਸਗੋਂ ਰੁਜ਼ਗਾਰ, ਨੌਜਵਾਨਾਂ ਦੇ ਭਵਿੱਖ ਅਤੇ ਦੇਸ਼ ਦੇ ਵਿਕਾਸ ਦਾ ਮੁੱਦਾ ਹੈ। ਪੇਪਰ ਲੀਕ ਮਾਫੀਆ ਇਕ ਸੁਗਠਿਤ ਜਾਲ ਵਜੋਂ ਕੰਮ ਕਰ ਰਹੇ ਹਨ, ਜਿਸ ਦੀ ਡੂੰਘੀ ਜਾਂਚ ਲਾਜ਼ਮੀ ਹੈ। ਕਾਂਗਰਸ ਆਗੂਆਂ ਨੇ ਮੰਗ ਕੀਤੀ ਕਿ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਤੁਰੰਤ ਅਸਤੀਫ਼ਾ ਦੇਣ, ਪੇਪਰ ਲੀਕ ਮਾਫੀਆ, ਵੈਂਡਰਾਂ, ਅਧਿਕਾਰੀਆਂ ਅਤੇ ਸੰਭਾਵਿਤ ਸਿਆਸੀ ਸਰਪ੍ਰਸਤੀ ਦੀ ਨਿਰਪੱਖ ਜਾਂਚ ਕਰਵਾਈ ਜਾਵੇ। ਇਸ ਤੋਂ ਇਲਾਵਾ ਪ੍ਰੀਖਿਆ ਪ੍ਰਣਾਲੀ ਵਿਚ ਵਿਆਪਕ ਸੁਧਾਰ ਕਰਦੇ ਹੋਏ ਪ੍ਰਸ਼ਨ ਪੱਤਰ ਤਿਆਰ ਕਰਨ, ਛਪਾਈ, ਆਵਾਜਾਈ ਅਤੇ ਪ੍ਰੀਖਿਆ ਕੇਂਦਰਾਂ ਦੀ ਸੁਰੱਖਿਆ ਮਜ਼ਬੂਤ ਕੀਤੀ ਜਾਵੇ। ਮੁਹਿੰਮ ਦੀ ਅਗਲੀ ਕਾਰਜਯੋਜਨਾ ਬਾਰੇ ਦੱਸਦਿਆਂ ਆਗੂਆਂ ਨੇ ਕਿਹਾ ਕਿ 30 ਜੂਨ ਤੋਂ ਦੇਸ਼ ਭਰ ਵਿੱਚ ਪੈਂਫਲੈਟ ਵੰਡ, ਨੁੱਕੜ ਮੀਟਿੰਗਾਂ ਅਤੇ ਵਿਦਿਆਰਥੀ ਸੰਪਰਕ ਮੁਹਿੰਮ ਸ਼ੁਰੂ ਹੋਵੇਗੀ। 1 ਅਗਸਤ 2026 ਨੂੰ 28 ਸ਼ਹਿਰਾਂ ਵਿੱਚ ਇੱਕੋ ਸਮੇਂ ਕਲੈਕਟਰੇਟ ਘਿਰਾਓ ਕੀਤਾ ਜਾਵੇਗਾ, ਜਦਕਿ 9 ਅਗਸਤ 2026 ਨੂੰ ਦਿੱਲੀ ਵਿਚ ਸੰਸਦ ਘਿਰਾਓ ਕਰਕੇ ਵਿਦਿਆਰਥੀਆਂ ਦੀ ਆਵਾਜ਼ ਕੇਂਦਰ ਸਰਕਾਰ ਤੱਕ ਪਹੁੰਚਾਈ ਜਾਵੇਗੀ। ਉਨ੍ਹਾਂ ਕਿਹਾ ਕਿ ਵਿਦਿਆਰਥੀ ਕੋਈ ਖ਼ੈਰਾਤ ਨਹੀਂ ਮੰਗ ਰਹੇ, ਉਹ ਸਿਰਫ਼ ਨਿਰਪੱਖ ਅਤੇ ਪਾਰਦਰਸ਼ੀ ਪ੍ਰੀਖਿਆ ਪ੍ਰਣਾਲੀ ਦੀ ਮੰਗ ਕਰ ਰਹੇ ਹਨ। ਨੌਜਵਾਨ ਭਾਰਤ ਨੂੰ ਬਹਾਨੇ ਨਹੀਂ, ਇਨਸਾਫ਼ ਚਾਹੀਦਾ ਹੈ। ਇਸ ਮੌਕੇ ਮਾਲਵਿਕਾ ਸੂਦ, ਐਡਵੋਕੇਟ ਰਵਿੰਦਰ ਸਿੰਘ ਰਵੀ ਗਰੇਵਾਲ, ਜਗਸੀਰ ਸਿੰਘ ਕਾਲੇਕੇ, ਮਨਜੀਤ ਸਿੰਘ ਮਾਨ, ਸਵਰਨ ਸਿੰਘ ਆਦੀਵਾਲ, ਪ੍ਰਮਿੰਦਰ ਸਿੰਘ ਡਿੰਪਲ, ਪ੍ਰਿੰਸੀਪਲ ਪੂਰਨ ਸਿੰਘ, ਜਸਵਿੰਦਰ ਸਿੰਘ ਕੁੱਸਾ, ਜਸਵੀਰ ਸਿੰਘ ਬਰਾੜ ਖੋਟੇ, ਕ੍ਰਿਸ਼ਨ ਤਿਵਾੜੀ, ਰਵਿੰਦਰ ਸਿੰਘ ਝੰਡੇਆਣਾ, ਜਸਪਾਲ ਸਿੰਘ ਡਰੋਲੀ, ਗੁੱਲੂ ਆਹਲੂਵਾਲੀਆ, ਗੁਰਨੂਰ ਮਾਨ ਦੌਧਰ ਅਤੇ ਸੁੱਖਾ ਲੰਗੇਆਣਾ ਸਮੇਤ ਕਈ ਆਗੂ ਅਤੇ ਵਰਕਰ ਹਾਜ਼ਰ ਸਨ।