ਮੋਗਾ ਜ਼ਿਲ੍ਹੇ ਦੇ ਕਿਸਾਨ ਝੋਨੇ ਦੀ ਲਵਾਈ ਲਈ ਖੇਤ ਤਿਆਰ ਕਰਨ ’ਚ ਰੁੱਝੇ
ਪੰਜਾਬ ਸਰਕਾਰ ਦੇ ਆਦੇਸ਼ਾਂ
Publish Date: Tue, 09 Jun 2026 05:21 PM (IST)
Updated Date: Wed, 10 Jun 2026 04:06 AM (IST)

ਪ੍ਰਧਾਨ ਬਰਿੰਦਰ ਸ਼ਰਮਾ। ਝੋਨਾ ਲਗਾਉਣ ਸਮੇਂ ਮਜ਼ਦੂਰ। ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ : ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਮੋਗਾ ਜ਼ਿਲ੍ਹੇ ’ਚ ਝੋਨੇ ਦੀ ਲਵਾਈ ਅੱਜ 9 ਜੂਨ ਤੋਂ ਸ਼ੁਰੂ ਹੋ ਗਈ ਹੈ। ਕਿਸਾਨਾਂ ਨੇ ਝੋਨੇ ਲਈ ਆਪਣੇ ਖੇਤ ਤਿਆਰ ਕਰਨੇ ਸ਼ੁਰੂ ਕਰ ਦਿੱਤੇ ਹਨ ਪਰ ਇਨ੍ਹਾਂ ਦਿਨਾਂ ਵਿਚ ਅਸਮਾਨੋਂ ਵਰ੍ਹਦੀ ਅੱਗ ਕਾਰਨ ਖੇਤ ਤਿਆਰ ਕਰਨ ਵਿਚ ਕਿਸਾਨਾਂ ਨੂੰ ਵੱਡੀ ਪ੍ਰੇਸ਼ਾਨੀ ਆ ਰਹੀ ਹੈ। ਦਰਅਸਲ ਅੱਜ ਤੋਂ ਝੋਨੇ ਦੀ ਰਿਵਾਇਤੀ ਲਵਾਈ ਸ਼ੁਰੂ ਹੋਈ ਹੈ। ਭਾਵ ਕੱਦੂ ਕਰਕੇ ਕਿਸਾਨ ਝੋਨਾ ਲਗਾਉਣਾ ਅੱਜ ਤੋਂ ਸ਼ੁਰੂ ਕਰ ਰਹੇ ਹਨ ਪਰ ਜ਼ਿਆਦਾ ਤਪਸ਼ ਕਾਰਨ ਖੇਤਾਂ ਨੂੰ ਪਾਣੀ ਨਾਲ ਭਰਨ ’ਚ ਡਾਢੀ ਪ੍ਰੇਸ਼ਾਨੀ ਆ ਰਹੀ ਹੈ। ਇਸ ਕਾਰਨ ਕਿਸਾਨਾਂ ਵਿਚ ਝੋਨੇ ਦੀ ਲਵਾਈ ਪ੍ਰਤੀ ਬਹੁਤਾ ਉਤਸ਼ਾਹ ਅਜੇ ਨਜ਼ਰ ਨਹੀਂ ਆ ਰਿਹਾ। ਮਹਿੰਦਰ ਸਿੰਘ ਦੌਧਰ ਅਤੇ ਗੁਰਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਅਸੀਂ ਝੋਨੇ ਦੀ ਲਵਾਈ ਲਈ ਮੀਂਹ ਦੀ ਉਡੀਕ ਕਰ ਰਹੇ ਹਾਂ ਕਿਉਂਕਿ ਐਨੀ ਗਰਮੀ ਵਿਚ ਝੋਨਾ ਲਾਉਣਾ ਸੰਭਵ ਨਹੀਂ ਹੈ। ਜੇਕਰ ਮੀਂਹ ਪੈ ਜਾਵੇ ਤਾਂ ਮੌਸਮ ਕੁੱਝ ਠੰਢਾ ਹੋ ਜਾਵੇਗਾ ਅਤੇ ਖੇਤਾਂ ਵਿਚ ਪਾਣੀ ਵੀ ਖੜ੍ਹਨ ਲੱਗੇਗਾ। ਉਨ੍ਹਾਂ ਦੱਸਿਆ ਕਿ ਜ਼ਿਆਦਾ ਗਰਮੀ ਕਾਰਨ ਝੋਨੇ ਦੇ ਚੱਲਣ ਦੀ ਵੀ ਸਮੱਸਿਆ ਆਵੇਗੀ। ਗਰਮੀ ਕਾਰਨ ਬਹੁਤ ਸਾਰੇ ਬੂਟੇ ਸੁੱਕ ਜਾਂਦੇ ਹਨ ਅਤੇ ਉਨ੍ਹਾਂ ਨੂੰ ਦੁਬਾਰਾ ਲਗਾਉਣ ’ਤੇ ਮਿਹਨਤ ਵੀ ਵੱਧ ਆਵੇਗੀ। ਇਨ੍ਹਾਂ ਉੱਨਤ ਕਿਸਾਨਾਂ ਨੇ ਆਪਣੇ ਭਾਈਚਾਰੇ ਨੂੰ ਵੀ ਨੂੰ ਸਲਾਹ ਦਿੱਤੀ ਹੈ ਕਿ ਐਨੀ ਜ਼ਿਆਦਾ ਤਪਸ਼ ਵਿਚ ਝੋਨਾ ਨਾ ਲਗਾਉਣ ਬਲਕਿ ਮੀਂਹ ਪੈਣ ਦੀ ਉਡੀਕ ਕਰਨ। ------ ਸਰਕਾਰ ਦੇ ਰਹੀ ਹੈ 8 ਘੰਟੇ ਬਿਜਲੀ: ਪ੍ਰਧਾਨ ਬਰਿੰਦਰ ਸ਼ਰਮਾ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਚੇਅਰਮੈਨ ਬਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਆਪਣੇ ਵਾਅਦੇ ਅਨੁਸਾਰ ਕਿਸਾਨਾਂ ਨੂੰ ਰੋਜ਼ਾਨਾ ਅੱਠ ਘੰਟੇ ਬਿਜਲੀ ਦੇਣੀ ਸ਼ੁਰੂ ਕਰ ਦਿੱਤੀ ਹੈ। ਪਹਿਲੇ ਦਿਨ ਵੀ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਹੈ। ਮਾਨ ਸਰਕਾਰ ਕਿਸਾਨ ਭਾਈਚਾਰੇ ਦੇ ਹਿੱਤਾਂ ਦਾ ਪੂਰਾ ਧਿਆਨ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਚੇਅਰਮੈਨ ਸ਼ਰਮਾ ਨੇ ਕਿਸਾਨ ਭਾਈਚਾਰੇ ਨੂੰ ਸਲਾਹ ਦਿੱਤੀ ਹੈ ਕਿ ਨਹਿਰੀ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਤਾਂ ਕਿ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਹੋਰ ਹੇਠਾਂ ਡਿੱਗਣ ਤੋਂ ਬਚਾਇਆ ਜਾ ਸਕੇ। ਆਪ ਆਗੂ ਨੇ ਖ਼ੁਲਾਸਾ ਕੀਤਾ ਕਿ ਕਿਸਾਨਾਂ ਨੂੰ ਝੋਨੇ ਦੀ ਲਵਾਈ ਦੌਰਾਨ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ------ ਮਜ਼ਦੂਰਾਂ ਦੀ ਘਾਟ ਵੀ ਬਣੀ ਝੋਨੇ ਦੀ ਲੇਟ ਲਵਾਈ ਦਾ ਕਾਰਨ : ਕਈ ਕਿਸਾਨਾਂ ਨਾਲ ਗੱਲਬਾਤ ਦੌਰਾਨ ਇਹ ਅਹਿਮ ਤੱਥ ਵੀ ਉਭਰ ਕੇ ਸਾਹਮਣੇ ਆਇਆ ਹੈ ਕਿ ਪ੍ਰਵਾਸੀ ਮਜ਼ਦੂਰਾਂ ਦੀ ਵੱਡੀ ਘਾਟ ਕਾਰਨ ਵੀ ਝੋਨੇ ਦੀ ਲਵਾਈ ਲੇਟ ਹੋ ਰਹੀ ਹੈ। ਕਿਸਾਨਾਂ ਨੇ ਸਪੱਸ਼ਟ ਕੀਤਾ ਕਿ ਝੋਨੇ ਦੀ ਲਵਾਈ ਜ਼ਿਆਦਾਤਰ ਬਿਹਾਰੀ ਮਜ਼ਦੂਰਾਂ ’ਤੇ ਨਿਰਭਰ ਹੈ। ਕਿਸਾਨਾਂ ਨੇ ਕਿਹਾ ਕਿ ਅਜੇ ਤੱਕ ਪਰਵਾਸੀ ਮਜ਼ਦੂਰ ਬਹੁਤ ਘੱਟ ਗਿਣਤੀ ਵਿਚ ਪਹੁੰਚੇ ਹਨ। ਪੰਜਾਬ ਦੇ ਮਜ਼ਦੂਰਾਂ ਦੀ ਬਹੁਤ ਘੱਟ ਗਿਣਤੀ ਹੀ ਝੋਨੇ ਦੀ ਲਵਾਈ ਵਿਚ ਰੁਚੀ ਰੱਖਦੀ ਹੈ। ਪ੍ਰਵਾਸੀ ਮਜ਼ਦੂਰਾਂ ਦਾ ਝੋਨਾ ਲਗਾਉਣ ਦਾ ਢੰਗ ਤਰੀਕਾ ਵੀ ਤੇਜ਼ ਹੁੰਦਾ ਹੈ। ਉਹ ਬਹੁਤ ਗਰਮੀ ਵਿਚ ਵੀ ਜ਼ਿਆਦਾ ਫੁਰਤੀ ਨਾਲ ਝੋਨਾ ਲਗਾਉਣ ਦਾ ਸਟੈਮਿਨਾ ਰੱਖਦੇ ਹਨ। ਉਨ੍ਹਾਂ ਦੇ ਜ਼ਿਆਦਾ ਗਿਣਤੀ ਵਿਚ ਆਉਣ ਨਾਲ ਮਿਹਨਤ ਦੀ ਦਰ ਵੀ ਸੀਮਤ ਰਹਿੰਦੀ ਹੈ, ਜਿਸ ਕਾਰਨ ਪੰਜਾਬ ਦੇ ਬਹੁਤੇ ਕਿਸਾਨ ਪ੍ਰਵਾਸੀ ਮਜ਼ਦੂਰਾਂ ’ਤੇ ਟੇਕ ਰੱਖਦੇ ਹਨ। ਵੈਸੇ ਵੀ ਇਕ ਦਮ ਝੋਨੇ ਦੀ ਲਵਾਈ ਸ਼ੁਰੂ ਹੋਣ ਕਾਰਨ ਪੰਜਾਬ ਦੇ ਮਜ਼ਦੂਰ ਐਨੀ ਗਿਣਤੀ ਵਿਚ ਮਿਲਣੇ ਸੰਭਵ ਨਹੀਂ ਹੁੰਦੇ। ਇਹੋ ਕਾਰਨ ਹੈ ਕਿ ਪਰਵਾਸੀ ਮਜ਼ਦੂਰਾਂ ਦੀ ਆਮਦ ਨਾਲ ਹੀ ਝੋਨੇ ਦੀ ਲਵਾਈ ਵਿਚ ਤੇਜ਼ੀ ਆਵੇਗੀ।