- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਲਾਕੇ ਦੇ ਬਜ਼ੁਰਗਾਂ ਅਤੇ ਪੁਰਾਣੇ ਸਮੇਂ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਮੁਤਾਬਕ ਅੰਗਰੇਜ਼ੀ ਰਾਜ ਦੌਰਾਨ ਲਾਹੌਰ ਤੋਂ ਅਧਿਕਾਰੀ ਇਨ੍ਹਾਂ ਇਲਾਕਿਆਂ ਵਿਚ ਆਉਂਦੇ ਸਨ। ਉਸ ਵੇਲੇ ਆਵਾਜਾਈ ਦੇ ਸਾਧਨ ਸੀਮਤ ਹੋਣ ਕਾਰਨ ਨਹਿਰੀ ਵਿਸਰਾਮ ਘਰ ਅਧਿਕਾਰੀਆਂ ਲਈ ਮਹੱਤਵਪੂਰਨ ਠਹਿਰਾਉ ਵਾਲੀਆਂ ਥਾਵਾਂ ਸਨ

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ: ਅੰਗਰੇਜ਼ ਹਕੂਮਤ ਦੇ ਸਮੇਂ ਨਹਿਰੀ ਵਿਭਾਗ ਵੱਲੋਂ ਬਣਾਏ ਗਏ ਪੁਰਾਣੇ ਨਹਿਰੀ ਵਿਸਰਾਮ ਘਰ ਹੁਣ ਆਪਣੀ ਹੋਂਦ ਬਚਾਉਣ ਲਈ ਸੰਭਾਲ ਦੀ ਉਡੀਕ ਕਰ ਰਹੇ ਹਨ। ਕਦੇ ਇਨ੍ਹਾਂ ਇਮਾਰਤਾਂ ਵਿਚ ਨਹਿਰੀ ਅਧਿਕਾਰੀ ਤੇ ਮੁਲਾਜ਼ਮ ਠਹਿਰਦੇ ਸਨ ਅਤੇ ਇੱਥੇ ਸਰਕਾਰੀ ਕੰਮਕਾਜ ਨਾਲ ਸਬੰਧਤ ਅਹਿਮ ਗਤੀਵਿਧੀਆਂ ਹੁੰਦੀਆਂ ਸਨ। ਸਮੇਂ ਦੇ ਨਾਲ ਸਾਂਭ-ਸੰਭਾਲ ਦੀ ਘਾਟ ਕਾਰਨ ਕਈ ਇਮਾਰਤਾਂ ਦੀ ਹਾਲਤ ਜਰਜਰ ਹੋ ਚੁੱਕੀ ਹੈ ਅਤੇ ਇਹ ਹੌਲੀ-ਹੌਲੀ ਖੰਡਰਾਂ ਵਿਚ ਤਬਦੀਲ ਹੋ ਰਹੀਆਂ ਹਨ।
ਲਾਹੌਰ ਤੋਂ ਆਉਂਦੇ ਸਨ ਅਧਿਕਾਰੀ
ਇਲਾਕੇ ਦੇ ਬਜ਼ੁਰਗਾਂ ਅਤੇ ਪੁਰਾਣੇ ਸਮੇਂ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਮੁਤਾਬਕ ਅੰਗਰੇਜ਼ੀ ਰਾਜ ਦੌਰਾਨ ਲਾਹੌਰ ਤੋਂ ਅਧਿਕਾਰੀ ਇਨ੍ਹਾਂ ਇਲਾਕਿਆਂ ਵਿਚ ਆਉਂਦੇ ਸਨ। ਉਸ ਵੇਲੇ ਆਵਾਜਾਈ ਦੇ ਸਾਧਨ ਸੀਮਤ ਹੋਣ ਕਾਰਨ ਨਹਿਰੀ ਵਿਸਰਾਮ ਘਰ ਅਧਿਕਾਰੀਆਂ ਲਈ ਮਹੱਤਵਪੂਰਨ ਠਹਿਰਾਉ ਵਾਲੀਆਂ ਥਾਵਾਂ ਸਨ। ਕਈ ਵਾਰ ਅਧਿਕਾਰੀ ਇੱਥੇ ਰੁਕ ਕੇ ਇਲਾਕੇ ਨਾਲ ਸਬੰਧਤ ਮਾਮਲਿਆਂ ਦੀ ਸੁਣਵਾਈ ਅਤੇ ਪ੍ਰਸ਼ਾਸਨਿਕ ਕੰਮਕਾਜ ਵੀ ਕਰਦੇ ਸਨ। ਬਜ਼ੁਰਗਾਂ ਦਾ ਕਹਿਣਾ ਹੈ ਕਿ ਕਿਸੇ ਸਮੇਂ ਲਾਹੌਰ ਤੋਂ ਆਉਣ ਵਾਲੇ ਅੰਗਰੇਜ਼ ਅਧਿਕਾਰੀ ਇਨ੍ਹਾਂ ਥਾਵਾਂ ’ਤੇ ਅਦਾਲਤ ਵੀ ਲਗਾਇਆ ਕਰਦੇ ਸਨ।
ਮੋਟੀਆਂ ਕੰਧਾਂ ਤੇ ਉੱਚੀਆਂ ਛੱਤਾਂ ਦੱਸਦੀਆਂ ਨੇ ਪੁਰਾਣੀ ਕਲਾ
ਪੁਰਾਣੇ ਨਹਿਰੀ ਵਿਸਰਾਮ ਘਰ ਉਸ ਦੌਰ ਦੀ ਇੰਜੀਨੀਅਰਿੰਗ ਅਤੇ ਨਿਰਮਾਣ ਸ਼ੈਲੀ ਦੀ ਵੀ ਝਲਕ ਪੇਸ਼ ਕਰਦੇ ਹਨ। ਮੋਟੀਆਂ ਕੰਧਾਂ, ਉੱਚੀਆਂ ਛੱਤਾਂ ਅਤੇ ਵੱਡੇ ਕਮਰਿਆਂ ਵਾਲੀਆਂ ਇਨ੍ਹਾਂ ਇਮਾਰਤਾਂ ਦੀ ਬਣਤਰ ਅੱਜ ਵੀ ਉਨ੍ਹਾਂ ਦੇ ਪੁਰਾਣੇ ਦੌਰ ਦੀ ਗਵਾਹੀ ਦਿੰਦੀ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ ਦੇ ਸੂਬਾ ਆਗੂ ਲਖਵੀਰ ਸਿੰਘ ਦੌਧਰ ਅਤੇ ਬੱਧਨੀ ਕਲਾਂ ਦੇ ਗੁਰਮੀਤ ਸਿੰਘ ਖਾਲਸਾ ਨੇ ਕਿਹਾ ਕਿ ਪੁਰਾਤਨ ਨਹਿਰੀ ਵਿਸਰਾਮ ਘਰਾਂ ਦੀ ਹਾਲਤ ਚਿੰਤਾਜਨਕ ਬਣਦੀ ਜਾ ਰਹੀ ਹੈ। ਕਈ ਥਾਵਾਂ ’ਤੇ ਕੰਧਾਂ ਅਤੇ ਛੱਤਾਂ ਨੂੰ ਮੁਰੰਮਤ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਇਮਾਰਤਾਂ ਦੀ ਸਮੇਂ ਸਿਰ ਸੰਭਾਲ ਨਾ ਹੋਈ ਤਾਂ ਇਤਿਹਾਸਕ ਨਿਸ਼ਾਨੀਆਂ ਸਿਰਫ਼ ਯਾਦਾਂ ਬਣ ਕੇ ਰਹਿ ਜਾਣਗੀਆਂ।
ਵਿਰਾਸਤੀ ਇਮਾਰਤਾਂ ਦਾ ਸਰਵੇ ਕਰਵਾਉਣ ਦੀ ਮੰਗ
ਇਤਿਹਾਸ ਪ੍ਰੇਮੀ ਸਾਹਿਤਕਾਰ ਗੁਰਦੀਪ ਸਿੰਘ ਲੋਪੋਂ ਅਤੇ ਪ੍ਰਿੰਸੀਪਲ ਭੁਪਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਵਿਰਾਸਤ ਸਿਰਫ਼ ਕਿਲ੍ਹਿਆਂ ਅਤੇ ਮਹਿਲਾਂ ਤੱਕ ਸੀਮਤ ਨਹੀਂ ਹੁੰਦੀ। ਪੁਰਾਣੇ ਨਹਿਰੀ ਵਿਸਰਾਮ ਘਰ ਉਸ ਸਮੇਂ ਦੀ ਪ੍ਰਸ਼ਾਸਨਿਕ ਵਿਵਸਥਾ, ਨਹਿਰੀ ਪ੍ਰਬੰਧ ਅਤੇ ਨਿਰਮਾਣ ਕਲਾ ਦੇ ਮਹੱਤਵਪੂਰਨ ਸਬੂਤ ਹਨ।
ਇਲਾਕਾ ਵਾਸੀਆਂ ਅਤੇ ਇਤਿਹਾਸ ਪ੍ਰੇਮੀਆਂ ਨੇ ਮੰਗ ਕੀਤੀ ਕਿ ਸਬੰਧਤ ਵਿਭਾਗ ਇਨ੍ਹਾਂ ਇਮਾਰਤਾਂ ਦਾ ਵਿਸਥਾਰਤ ਸਰਵੇ ਕਰਵਾਏ ਅਤੇ ਮੌਜੂਦਾ ਸਥਿਤੀ ਦਾ ਜਾਇਜ਼ਾ ਲੈ ਕੇ ਮੁਰੰਮਤ ਲਈ ਵਿਸ਼ੇਸ਼ ਫੰਡ ਜਾਰੀ ਕਰੇ। ਉਨ੍ਹਾਂ ਕਿਹਾ ਕਿ ਮਾਹਿਰਾਂ ਦੀ ਸਲਾਹ ਨਾਲ ਇਤਿਹਾਸਕ ਢਾਂਚੇ ਨੂੰ ਸੁਰੱਖਿਅਤ ਕੀਤਾ ਜਾਵੇ, ਤਾਂ ਜੋ ਇਹ ਇਮਾਰਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਇਤਿਹਾਸ ਦੀਆਂ ਜੀਵੰਤ ਨਿਸ਼ਾਨੀਆਂ ਬਣੀਆਂ ਰਹਿਣ।