ਹੈਲਪਿੰਗ ਹੈਂਡ ਸੁਸਾਇਟੀ ਨੇ ਖੂਨਦਾਨ ਕੈਂਪ ਲਾਇਆ ਹੈਲਪਿੰਗ ਹੈਂਡ ਵੈੱਲਫੇਅਰ ਸੁਸਾਇਟੀ
Publish Date: Mon, 06 Jul 2026 03:43 PM (IST)
Updated Date: Mon, 06 Jul 2026 03:45 PM (IST)
ਮਨਪ੍ਰੀਤ ਸਿੰਘ, ਪੰਜਾਬੀ ਜਾਗਰਣ ਮੋਗਾ: ਹੈਲਪਿੰਗ ਹੈਂਡ ਵੈੱਲਫੇਅਰ ਸੁਸਾਇਟੀ ਮੋਗਾ ਵੱਲੋਂ ਗੀਤਾ ਭਵਨ ਨੇੜੇ ਸਥਿਤ ਚਿੰਤਪੁਰਨੀ ਧਰਮਸ਼ਾਲਾ ’ਚ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ’ਚ ਮੋਗਾ ਵਿਧਾਨ ਸਭਾ ਹਲਕੇ ਦੀ ਆਮ ਆਦਮੀ ਪਾਰਟੀ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ, ਮੋਗਾ ਨਗਰ ਨਿਗਮ ਦੀ ਮੇਅਰ ਵਿਨੈਪਾਲ ਕੌਰ, ਕਾਂਗਰਸ ਦੀ ਹਲਕਾ ਇੰਚਾਰਜ ਮਾਲਵਿਕਾ ਸੂਦ, ਗੌਤਮ ਸੱਚਰ, ਅਗਰਵਾਲ ਸਮਾਜ ਸਭਾ ਦੇ ਡਾ. ਅਜੈ ਕਾਂਸਲ, ਐੱਨਜੀਓ ਐੱਸਕੇ ਬਾਂਸਲ, ਗਲੋਬਲ ਸਿੱਖ, ਮੋਗਾ ਰੋਟੀ ਬੈਂਕ, ਕਨ੍ਹੱਈਆ, ਸਾਬਕਾ ਪਾਰਸ਼ਦ ਪਾਇਲ ਗਰਗ, ਪ੍ਰਦੀਪ ਗਰਗ ਰੈੱਡ ਕਰਾਸ ਅਤੇ ਪਾਰਸ਼ਦ ਦੇ ਪੁੱਤਰ ਵਿਨੀਤ ਚੋਪੜਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਕੇ ਖੂਨਦਾਨੀਆਂ ਦਾ ਹੌਂਸਲਾ ਵਧਾਇਆ ਅਤੇ ਪ੍ਰਬੰਧਕ ਕਮੇਟੀ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਸਿਵਲ ਹਸਪਤਾਲ ਮੋਗਾ ਦੇ ਬਲੱਡ ਬੈਂਕ ਦੀ ਟੀਮ ਨੇ ਕੈਂਪ ਵਿਚ ਪਹੁੰਚੇ 60 ਖੂਨਦਾਨੀਆਂ ਤੋਂ ਖੂਨ ਇਕੱਠਾ ਕੀਤਾ। ਮੁੱਖ ਮਹਿਮਾਨਾਂ ਨੇ ਖੂਨਦਾਨੀਆਂ ਨੂੰ ਬੈਜ ਲਗਾ ਕੇ, ਸਰਟੀਫ਼ਿਕੇਟ ਅਤੇ ਰਿਫਰੈਸ਼ਮੈਂਟ ਦੇ ਕੇ ਸਨਮਾਨਿਤ ਕੀਤਾ। ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਖੂਨਦਾਨ ਮਹਾਦਾਨ ਹੈ ਅਤੇ ਖੂਨ ਦੀ ਇਕ ਯੂਨਿਟ ਕਿਸੇ ਲੋੜਵੰਦ ਨੂੰ ਨਵੀਂ ਜ਼ਿੰਦਗੀ ਦੇਣ ਦਾ ਸਾਧਨ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਸਮਾਜ ਸੇਵਾ ਦੇ ਅਜਿਹੇ ਕਾਰਜ ਮਨੁੱਖਤਾ ਦੀ ਸੱਚੀ ਮਿਸਾਲ ਹਨ ਅਤੇ ਹਰ ਤੰਦਰੁਸਤ ਵਿਅਕਤੀ ਨੂੰ ਸਮੇਂ-ਸਮੇਂ ਤੇ ਸਵੈਇੱਛਾ ਨਾਲ ਖੂਨਦਾਨ ਕਰਨਾ ਚਾਹੀਦਾ ਹੈ। ਉਨ੍ਹਾਂ ਹੈਲਪਿੰਗ ਹੈਂਡ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਸੁਧਾਂਸ਼ੂ ਮਿੱਤਲ, ਚੇਅਰਮੈਨ ਅਭੈ ਮਦਾਨ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਸਫ਼ਲ ਖੂਨਦਾਨ ਕੈਂਪ ਦੇ ਆਯੋਜਨ ਲਈ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਸਮਾਜਿਕ ਉਪਰਾਲੇ ਸਮਾਜ ਵਿਚ ਸੇਵਾ, ਸਹਿਯੋਗ ਅਤੇ ਮਨੁੱਖੀ ਕਦਰਾਂ-ਕੀਮਤਾਂ ਨੂੰ ਹੋਰ ਮਜ਼ਬੂਤ ਕਰਦੇ ਹਨ। ਕਾਂਗਰਸ ਦੀ ਹਲਕਾ ਇੰਚਾਰਜ ਮਾਲਵਿਕਾ ਸੂਦ ਨੇ ਕਿਹਾ ਕਿ ਖੂਨਦਾਨ ਤੋਂ ਵੱਡਾ ਕੋਈ ਦਾਨ ਨਹੀਂ ਹੈ। ਉਨ੍ਹਾਂ ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਖੂਨਦਾਨ ਮੁਹਿੰਮ ਨਾਲ ਜੁੜਨ ਦੀ ਅਪੀਲ ਕਰਦਿਆਂ ਕਿਹਾ ਕਿ ਖੂਨਦਾਨ ਨਾਲ ਨਾ ਸਿਰਫ਼ ਕਿਸੇ ਦੀ ਜਾਨ ਬਚਾਈ ਜਾ ਸਕਦੀ ਹੈ, ਸਗੋਂ ਸਮਾਜ ਵਿਚ ਆਪਸੀ ਸਹਿਯੋਗ ਅਤੇ ਸੇਵਾ ਦੀ ਭਾਵਨਾ ਵੀ ਮਜ਼ਬੂਤ ਹੁੰਦੀ ਹੈ। ਇਸ ਮੌਕੇ ਸੁਸਾਇਟੀ ਵੱਲੋਂ ਮੁੱਖ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਸੁਸਾਇਟੀ ਦੇ ਪ੍ਰਧਾਨ ਸੁਧਾਂਸ਼ੂ ਮਿੱਤਲ, ਸਕੱਤਰ ਦੀਪਕ ਗਰਗ, ਖਜ਼ਾਨਚੀ ਕਰਨ ਬਾਂਸਲ, ਚੇਅਰਮੈਨ ਅਭੈ ਮਦਾਨ, ਕਰਨ ਜੋਸ਼ੀ, ਕੇਸ਼ਵ ਗਰਗ, ਬਬਨ ਗੋਇਲ, ਅੰਕਿਤ ਸਿੰਗਲਾ, ਸ਼ਿਵਾਕਿੰਤ, ਅਨਿਰੁੱਧ, ਅਰਵੀਨ, ਰਾਮ, ਆਯੂਸ਼, ਹਿਤੇਸ਼, ਅਰਸ਼, ਵਿਕਾਸ, ਵਿਸ਼ੇਸ਼, ਡਾ. ਅਮਨਦੀਪ ਸਿੰਘ ਸਮੇਤ ਕਲੱਬ ਦੇ ਅਹੁਦੇਦਾਰ, ਸ਼ਹਿਰ ਦੀਆਂ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸੰਸਥਾਵਾਂ ਦੇ ਨੁਮਾਇੰਦੇ, ਸ਼ਹਿਰ ਵਾਸੀ ਅਤੇ ਵੱਡੀ ਗਿਣਤੀ ’ਚ ਖੂਨਦਾਨੀ ਹਾਜ਼ਰ ਸਨ।