ਬੀਜੇਪੀ ਕਿਸਾਨ ਮੋਰਚੇ ਨੇ ਕੀਤੀਆਂ ਨਿਯੁਕਤੀਆਂ ਭਾਰਤੀ ਜਨਤਾ ਪਾਰਟੀ ਕਿਸਾਨ
Publish Date: Sun, 05 Jul 2026 04:00 PM (IST)
Updated Date: Sun, 05 Jul 2026 04:02 PM (IST)
ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਜ਼ਿਲ੍ਹਾ ਮੋਗਾ ਵੱਲੋਂ ਸੰਗਠਨ ਨੂੰ ਪਿੰਡ ਪੱਧਰ ਤੱਕ ਹੋਰ ਮਜ਼ਬੂਤ ਕਰਨ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਹਰ ਘਰ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਵੱਡੇ ਪੱਧਰ ਤੇ ਸੰਗਠਨਾਤਮਕ ਵਿਸਥਾਰ ਕੀਤਾ ਗਿਆ। ਇਸ ਤਹਿਤ ਜ਼ਿਲ੍ਹਾ ਪ੍ਰਧਾਨ ਸਰਪੰਚ ਲਖਵੰਤ ਸਿੰਘ ਸਾਫੂਵਾਲਾ ਦੀ ਅਗਵਾਈ ਹੇਠ ਵੱਖ-ਵੱਖ ਸਰਕਲਾਂ ਅਤੇ ਅਹੁਦਿਆਂ ਲਈ ਸਮਰਪਿਤ ਤੇ ਸਰਗਰਮ ਵਰਕਰਾਂ ਨੂੰ ਮਹੱਤਵਪੂਰਨ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਇਸ ਮੌਕੇ ਸਰਪੰਚ ਲਖਵੰਤ ਸਿੰਘ ਸਾਫੂਵਾਲਾ ਨੇ ਕਿਹਾ ਕਿ ਭਾਜਪਾ ਕਿਸਾਨ ਮੋਰਚਾ ਦਾ ਮੁੱਖ ਉਦੇਸ਼ ਕਿਸਾਨਾਂ ਦੀ ਆਵਾਜ਼ ਨੂੰ ਹੋਰ ਮਜ਼ਬੂਤੀ ਨਾਲ ਉਭਾਰਨਾ, ਪਾਰਟੀ ਦੀਆਂ ਲੋਕ-ਭਲਾਈ ਯੋਜਨਾਵਾਂ ਨੂੰ ਹਰ ਵਰਗ ਤੱਕ ਪਹੁੰਚਾਉਣਾ ਅਤੇ ਪਿੰਡ ਪੱਧਰ ਤੇ ਇੱਕ ਮਜ਼ਬੂਤ ਸੰਗਠਨ ਖੜ੍ਹਾ ਕਰਨਾ ਹੈ। ਉਨ੍ਹਾਂ ਕਿਹਾ ਕਿ ਨਵੇਂ ਅਹੁਦੇਦਾਰ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ। ਇਸ ਦੌਰਾਨ ਮੇਜਰ ਸਿੰਘ ਸਮਾਧ ਭਾਈ ਨੂੰ ਬਾਘਾਪੁਰਾਣਾ ਹਲਕੇ ਦੇ ਸਮਾਧ ਭਾਈ ਸਰਕਲ ਦਾ ਕਿਸਾਨ ਮੋਰਚਾ ਪ੍ਰਧਾਨ ਨਿਯੁਕਤ ਕੀਤਾ ਗਿਆ। ਨਿਯੁਕਤੀ ਸਮੇਂ ਐਸ.ਸੀ. ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸਤਿੰਦਰ ਸਿੰਘ, ਕਿਸਾਨ ਮੋਰਚਾ ਦੇ ਵਾਈਸ ਪ੍ਰਧਾਨ ਜਗਮੋਹਨ ਸਿੰਘ ਅਤੇ ਹੋਰ ਸੀਨੀਅਰ ਆਗੂ ਹਾਜ਼ਰ ਰਹੇ। ਆਗੂਆਂ ਨੇ ਕਿਹਾ ਕਿ ਮੇਜਰ ਸਿੰਘ ਸਮਾਧ ਭਾਈ ਲੰਬੇ ਸਮੇਂ ਤੋਂ ਪਾਰਟੀ ਨਾਲ ਜੁੜੇ ਹੋਏ ਹਨ ਅਤੇ ਹੁਣ ਉਹ ਪਿੰਡ-ਪਿੰਡ ਜਾ ਕੇ ਵਰਕਰਾਂ ਨੂੰ ਇਕਜੁੱਟ ਕਰਨ, ਕਿਸਾਨਾਂ ਨਾਲ ਰਾਬਤਾ ਵਧਾਉਣ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਵਿਸ਼ੇਸ਼ ਮੁਹਿੰਮ ਚਲਾਉਣਗੇ। ਇਸੇ ਮੌਕੇ ਭੁਪਿੰਦਰ ਸਿੰਘ ਮਧੇਕੇ ਨੂੰ ਕਿਸਾਨ ਮੋਰਚਾ ਜ਼ਿਲ੍ਹਾ ਮੋਗਾ ਦਾ ਜਨਰਲ ਸਕੱਤਰ ਅਤੇ ਮੇਜਰ ਸਿੰਘ ਸੈਦੋਕੇ ਨੂੰ ਨਿਹਾਲ ਸਿੰਘ ਵਾਲਾ ਹਲਕੇ ਦਾ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ। ਦੋਵਾਂ ਆਗੂਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਹਲਕੇ ਦੇ ਵੱਖ-ਵੱਖ ਸਰਕਲਾਂ ਵਿੱਚ ਜਾ ਕੇ ਸੀਨੀਅਰ ਵਰਕਰਾਂ ਨਾਲ ਮੀਟਿੰਗਾਂ ਕਰਨ, ਨਵੇਂ ਮੈਂਬਰ ਬਣਾਉਣ, ਪਿੰਡ ਪੱਧਰ ਦੀਆਂ ਕਮੇਟੀਆਂ ਦਾ ਗਠਨ ਕਰਨ ਅਤੇ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਨ ਲਈ ਵਿਸ਼ੇਸ਼ ਯਤਨ ਕਰਨ। ਇਸ ਤੋਂ ਇਲਾਵਾ ਗੁਰਚਰਨ ਸਿੰਘ ਠੱਠੀ ਭਾਈ ਬਾਘਾਪੁਰਾਣਾ ਨੂੰ ਕਿਸਾਨ ਮੋਰਚਾ ਜ਼ਿਲ੍ਹਾ ਮੋਗਾ ਦਾ ਸੈਕਟਰੀ ਨਿਯੁਕਤ ਕੀਤਾ ਗਿਆ। ਇਸ ਮੌਕੇ ਐਡਵੋਕੇਟ ਅਮਿਤ ਆਈਟੀ ਸੈੱਲ ਪ੍ਰਧਾਨ, ਸੁਖਜਿੰਦਰ ਸਿੰਘ ਵਾਂਦਰ, ਐੱਸਸੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸਤਿੰਦਰਪਾਲ ਸਿੰਘ ਅਤੇ ਹੋਰ ਪਾਰਟੀ ਆਗੂ ਮੌਜੂਦ ਰਹੇ। ਗੁਰਚਰਨ ਸਿੰਘ ਨੇ ਕਿਹਾ ਕਿ ਉਹ ਪਾਰਟੀ ਵੱਲੋਂ ਦਿੱਤੀ ਜ਼ਿੰਮੇਵਾਰੀ ਨੂੰ ਪੂਰੀ ਲਗਨ ਨਾਲ ਨਿਭਾਉਣਗੇ ਅਤੇ ਪਿੰਡ-ਪਿੰਡ ਮੀਟਿੰਗਾਂ ਕਰਕੇ ਲੋਕਾਂ ਨੂੰ ਪਾਰਟੀ ਦੀਆਂ ਨੀਤੀਆਂ ਅਤੇ ਕੇਂਦਰ ਸਰਕਾਰ ਦੀਆਂ ਲੋਕ-ਭਲਾਈ ਯੋਜਨਾਵਾਂ ਬਾਰੇ ਜਾਣੂ ਕਰਵਾਉਣਗੇ। ਇਸ ਦੇ ਨਾਲ ਹੀ ਰਾਮ ਸਿੰਘ ਨੂੰ ਮਾੜੀ ਮੁਸਤਫਾ ਸਰਕਲ ਦਾ ਕਿਸਾਨ ਮੋਰਚਾ ਪ੍ਰਧਾਨ ਨਿਯੁਕਤ ਕੀਤਾ ਗਿਆ। ਨਿਯੁਕਤੀ ਸਮੇਂ ਐੱਸਸੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸਤਿੰਦਰ ਸਿੰਘ ਰੱਤੀਆਂ, ਕਿਸਾਨ ਮੋਰਚਾ ਦੇ ਵਾਈਸ ਪ੍ਰਧਾਨ ਜਗਮੋਹਨ ਸਿੰਘ ਸਮਾਧ ਭਾਈ, ਪਾਰਟੀ ਵਰਕਰਾਂ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ ਨੇ ਹਾਜ਼ਰੀ ਭਰੀ। ਆਗੂਆਂ ਨੇ ਕਿਹਾ ਕਿ ਰਾਮ ਸਿੰਘ ਆਪਣੇ ਸਰਕਲ ਵਿਚ ਪਾਰਟੀ ਦੇ ਸੰਗਠਨ ਨੂੰ ਹੋਰ ਮਜ਼ਬੂਤ ਬਣਾਉਣ, ਨਵੇਂ ਮੈਂਬਰ ਜੋੜਨ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਸਰਗਰਮ ਭੂਮਿਕਾ ਨਿਭਾਉਣਗੇ। ਜ਼ਿਲ੍ਹਾ ਪ੍ਰਧਾਨ ਸਰਪੰਚ ਲਖਵੰਤ ਸਿੰਘ ਸਾਫੂਵਾਲਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਮੋਗਾ ਜ਼ਿਲ੍ਹੇ ਦੇ ਹਰ ਪਿੰਡ ਵਿੱਚ ਕਿਸਾਨ ਮੋਰਚੇ ਦੀਆਂ ਮਜ਼ਬੂਤ ਕਮੇਟੀਆਂ ਬਣਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪਾਰਟੀ ਦਾ ਹਰ ਵਰਕਰ ਲੋਕਾਂ ਵਿਚਕਾਰ ਜਾ ਕੇ ਕੇਂਦਰ ਸਰਕਾਰ ਦੀਆਂ ਵਿਕਾਸਮੁਖੀ ਅਤੇ ਕਿਸਾਨ ਹਿਤੈਸ਼ੀ ਯੋਜਨਾਵਾਂ ਬਾਰੇ ਜਾਣਕਾਰੀ ਦੇਵੇਗਾ ਤਾਂ ਜੋ ਵੱਧ ਤੋਂ ਵੱਧ ਲੋਕ ਭਾਜਪਾ ਨਾਲ ਜੁੜ ਸਕਣ। ਉਨ੍ਹਾਂ ਭਰੋਸਾ ਜਤਾਇਆ ਕਿ ਨਵੇਂ ਅਹੁਦੇਦਾਰ ਆਪਣੀ ਮਿਹਨਤ ਅਤੇ ਸਮਰਪਣ ਨਾਲ ਸੰਗਠਨ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨਗੇ ਅਤੇ ਜ਼ਿਲ੍ਹੇ ਵਿਚ ਪਾਰਟੀ ਦੇ ਜਨ ਅਧਾਰ ਨੂੰ ਹੋਰ ਵਿਸ਼ਾਲ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਣਗੇ।