ਸਾਵਧਾਨ! ਇੰਟਰਨੈੱਟ ’ਤੇ ਦਿਖਾਈ ਦੇਣ ਵਾਲੇ ਲਿੰਕ ਤੁਹਾਡੀ ਜੇਬ ਕਰ ਸਕਦੇ ਖ਼ਾਲੀ
ਇੰਟਰਨੈੱਟ ਰਾਹੀਂ ਇਕ ਕਲਿੱਕ ’ਤੇ ਲੱਖਾਂ
Publish Date: Tue, 16 Jun 2026 06:37 PM (IST)
Updated Date: Wed, 17 Jun 2026 04:06 AM (IST)

ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ : ਇੰਟਰਨੈੱਟ ਰਾਹੀਂ ਇਕ ਕਲਿੱਕ ’ਤੇ ਲੱਖਾਂ ਰੁਪਏ ਕਮਾਉਣ ਦੇ ਲਾਲਚ ਨੇ ਮੋਗਾ ਦੇ ਇਕ ਘੋੜਾ-ਗੱਡੀ ਚਾਲਕ ਨੂੰ 43,500 ਰੁਪਏ ਦਾ ਨੁਕਸਾਨ ਪਹੁੰਚਾ ਦਿੱਤਾ। ਇਸ ਰਕਮ ’ਚੋਂ ਕਰੀਬ 35,000 ਰੁਪਏ ਉਸ ਨੇ ਲੋਕਾਂ ਤੋਂ ਵਿਆਜ ’ਤੇ ਉਧਾਰ ਲੈ ਕੇ ਲਗਾਏ ਸਨ। ਇਹ ਰਕਮ ਉਸ ਦੀ ਤਕਰੀਬਨ ਤਿੰਨ ਮਹੀਨਿਆਂ ਦੀ ਕਮਾਈ ਦੇ ਬਰਾਬਰ ਸੀ। ਹਰ ਮਹੀਨੇ ਕਰੀਬ 15,000 ਰੁਪਏ ਕਮਾਉਣ ਵਾਲੇ ਇਸ ਵਿਅਕਤੀ ਨੂੰ ਨਾ ਸਿਰਫ਼ ਆਰਥਿਕ ਨੁਕਸਾਨ ਝੱਲਣਾ ਪਿਆ, ਸਗੋਂ ਪਰਿਵਾਰਕ ਮੈਂਬਰਾਂ ਦੇ ਸਵਾਲਾਂ ਦਾ ਵੀ ਸਾਹਮਣਾ ਕਰਨਾ ਪਿਆ। ਪੀੜਤ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਘਟਨਾ ਆਪਣੇ ਆਪ ਵਿਚ ਇਕ ਸਬਕ ਹੈ ਕਿ ਇੰਟਰਨੈੱਟ ’ਤੇ ਆਉਣ ਵਾਲੇ ਹਰ ਲਾਲਚੀ ਲਿੰਕ ’ਤੇ ਭਰੋਸਾ ਕਰਨ ਦੀ ਬਜਾਏ ਮਿਹਨਤ ਨਾਲ ਕਮਾਈ ਕਰਨਾ ਹੀ ਸਭ ਤੋਂ ਵਧੀਆ ਰਾਹ ਹੈ। ਲਾਲਚ ਨੇ ਫਸਾਇਆ ਠੱਗਾਂ ਦੇ ਜਾਲ ’ਚ 45 ਸਾਲਾ ਪ੍ਰੇਮ ਕੁਮਾਰ ਜੋ ਕਿ ਮੋਗਾ ਦੇ ਪ੍ਰਸਿੱਧ ਸੀਮੈਂਟ ਕਾਰੋਬਾਰੀ ਰਾਕੇਸ਼ ਕੁਮਾਰ ਗੁਪਤਾ ਕੋਲ ਘੋੜਾ-ਗੱਡੀ ਚਲਾਉਣ ਦਾ ਕੰਮ ਕਰਦਾ ਹੈ, ਇਕ ਦਿਨ ਸੋਸ਼ਲ ਮੀਡੀਆ ਤੇ ਆਏ ਇਕ ਲਿੰਕ ਦੇ ਜਾਲ ਵਿਚ ਫਸ ਗਿਆ। ਉਸ ਲਿੰਕ ਤੇ ਇਕ ਮਹਿਲਾ ਦੀ ਤਸਵੀਰ ਲੱਗੀ ਹੋਈ ਸੀ ਤੇ ਹੇਠਾਂ ਲਿਖਿਆ ਸੀ ਕਿ ਉਹ ਮਾਂ ਬਣਨਾ ਚਾਹੁੰਦੀ ਹੈ ਤੇ ਇਸ ਦੇ ਬਦਲੇ ਪੰਜ ਲੱਖ ਰੁਪਏ ਦੀ ਅਦਾਇਗੀ ਕੀਤੀ ਜਾਵੇਗੀ। ਜਿਵੇਂ ਹੀ ਪ੍ਰੇਮ ਕੁਮਾਰ ਨੇ ਉਸ ਲਿੰਕ ਤੇ ਕਲਿੱਕ ਕੀਤਾ ਤਾਂ ਉਸ ਦੇ ਮੋਬਾਈਲ ’ਤੇ ਇਕ ਆਡੀਓ ਸੁਨੇਹਾ ਅ ਤੁਰੰਤ ਫ਼ੋਨ ਕਾਲ ਆ ਗਈ। ਆਡੀਓ ਸੁਨੇਹੇ ਵਿਚ ਕਿਹਾ ਗਿਆ ਕਿ ਇਕ ਮਹਿਲਾ ਸੰਤਾਨ ਪ੍ਰਾਪਤੀ ਲਈ ਉਸ ਦੀ ਉਡੀਕ ਕਰ ਰਹੀ ਹੈ ਤੇ ਇਸ ਲਈ ਇਕ ਕਾਨੂੰਨੀ ਸਮਝੌਤਾ ਕੀਤਾ ਜਾਵੇਗਾ। ਉਸ ਨੂੰ ਇਹ ਵੀ ਦੱਸਿਆ ਗਿਆ ਕਿ ਉਹ ਜਨਮ ਲੈਣ ਵਾਲੇ ਬੱਚੇ ’ਤੇ ਕੋਈ ਦਾਅਵਾ ਨਹੀਂ ਕਰ ਸਕੇਗਾ ਅਤੇ ਨਾ ਹੀ ਕਿਸੇ ਕਿਸਮ ਦੀ ਫ਼ੋਟੋ ਜਾਂ ਵੀਡੀਓ ਬਣਾਈ ਜਾਵੇਗੀ। ਪ੍ਰੇਮ ਕੁਮਾਰ ਨੇ ਦੱਸਿਆ ਕਿ ਜਿਸ ਭਰੋਸੇ ਅਤੇ ਵਿਸ਼ਵਾਸ ਨਾਲ ਇਹ ਗੱਲਾਂ ਕੀਤੀਆਂ ਗਈਆਂ, ਉਸ ਨੂੰ ਇਹ ਸਭ ਸੱਚ ਜਾਪਿਆ। ਠੱਗਾਂ ਨੇ ਉਸ ਦੀ ਇਕ ਮਹਿਲਾ ਨਾਲ ਵੀ ਗੱਲ ਕਰਵਾਈ। ਇਸ ਤੋਂ ਬਾਅਦ ਸਮਝੌਤੇ ਦੀ ਕਾਰਵਾਈ ਲਈ 500 ਰੁਪਏ ਦੀ ਮੰਗ ਕੀਤੀ ਗਈ ਅਤੇ ਇਕ ਕਿਊਆਰ ਕੋਡ ਭੇਜਿਆ ਗਿਆ। ਪ੍ਰੇਮ ਕੁਮਾਰ ਨੇ ਬਿਨ੍ਹਾਂ ਦੇਰੀ ਕੀਤੇ 500 ਰੁਪਏ ਉਸ ਕਿਊਆਰ ਕੋਡ ਰਾਹੀਂ ਭੇਜ ਦਿੱਤੇ। ਕੁਝ ਦਿਨਾਂ ਬਾਅਦ ਠੱਗਾਂ ਨੇ ਉਸ ਨੂੰ ਦੱਸਿਆ ਕਿ ਮਹਿਲਾ ਨੇ ਉਸ ਦੀ ਚੋਣ ਕਰ ਲਈ ਹੈ ਤੇ ਹੁਣ 5,500 ਰੁਪਏ ਦੀ ਹੋਰ ਰਕਮ ਸਮਝੌਤੇ ਲਈ ਜਮ੍ਹਾਂ ਕਰਵਾਉਣੀ ਪਵੇਗੀ। ਪ੍ਰੇਮ ਕੁਮਾਰ ਨੇ ਇਹ ਰਕਮ ਵੀ ਭੇਜ ਦਿੱਤੀ। ਹੋਟਲ ਬੁਕਿੰਗ ਤੇ ਟੀਡੀਐੱਸ ਦੇ ਨਾਂ ’ਤੇ ਠੱਗੀ ਇਸ ਤੋਂ ਬਾਅਦ ਠੱਗਾਂ ਨੇ ਉਸ ਨੂੰ ਦੱਸਿਆ ਕਿ ਮੋਗਾ ਦੇ ਇਕ ਹੋਟਲ ਵਿਚ ਉਸ ਦੇ ਨਾਮ ਤੇ ਕਮਰਾ ਬੁੱਕ ਕਰ ਦਿੱਤਾ ਗਿਆ ਹੈ। ਹੋਟਲ ਦੀਆਂ ਤਸਵੀਰਾਂ ਵੀ ਉਸ ਨੂੰ ਵਟਸਐਪ ਰਾਹੀਂ ਭੇਜੀਆਂ ਗਈਆਂ। ਉਸ ਨੂੰ ਕਿਹਾ ਗਿਆ ਕਿ ਉੱਥੇ ਪਹੁੰਚਣ ਤੋਂ ਬਾਅਦ ਉਸ ਦੇ ਖਾਤੇ ਵਿਚ 5 ਲੱਖ 5 ਹਜ਼ਾਰ ਰੁਪਏ ਭੇਜੇ ਜਾਣਗੇ ਪਰ ਇਸ ਤੋਂ ਪਹਿਲਾਂ 13,750 ਰੁਪਏ ਟੀਡੀਐੱਸ ਵਜੋਂ ਜਮ੍ਹਾਂ ਕਰਵਾਉਣੇ ਹੋਣਗੇ। ਪ੍ਰੇਮ ਕੁਮਾਰ ਨੇ ਇਹ ਰਕਮ ਵੀ ਠੱਗਾਂ ਦੇ ਖਾਤੇ ਵਿਚ ਭੇਜ ਦਿੱਤੀ। ਕਰਜ਼ੇ ਦੇ ਬੋਝ ਹੇਠ ਦੱਬਿਆ ਪੀੜਤ ਜਦੋਂ ਉਸ ਕੋਲ ਹੋਰ ਪੈਸੇ ਨਹੀਂ ਬਚੇ ਤਾਂ ਪ੍ਰੇਮ ਕੁਮਾਰ ਨੇ ਆਪਣੇ ਮਾਲਕ ਰਾਕੇਸ਼ ਕੁਮਾਰ ਗੁਪਤਾ ਤੋਂ 19,000 ਰੁਪਏ ਉਧਾਰ ਲਏ। ਇਸ ਤੋਂ ਇਲਾਵਾ ਉਸ ਨੇ ਹੋਰ ਲੋਕਾਂ ਤੋਂ ਵੀ ਪੈਸੇ ਕਰਜ਼ੇ ਤੇ ਲਏ। ਪ੍ਰੇਮ ਕੁਮਾਰ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤੇ ਉਸ ਦਾ ਮੋਬਾਈਲ ਫੋਨ ਚੈੱਕ ਕੀਤਾ, ਜਿਸ ਤੋਂ ਸਾਰਾ ਮਾਮਲਾ ਸਾਹਮਣੇ ਆ ਗਿਆ। ਇਸ ਘਟਨਾ ਦੀ ਜਾਣਕਾਰੀ ਉਸ ਦੀ ਪਤਨੀ ਅਤੇ ਨੌਜਵਾਨ ਪੁੱਤਰਾਂ ਨੂੰ ਵੀ ਹੋ ਗਈ, ਜਿਸ ਕਾਰਨ ਪਰਿਵਾਰ ਵਿਚ ਵੀ ਕਾਫ਼ੀ ਨਿਰਾਸ਼ਾ ਦਾ ਮਾਹੌਲ ਬਣ ਗਿਆ। ਬਾਅਦ ਵਿਚ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ। ਮਾਮਲਾ ਬੇਨਕਾਬ ਹੋਣ ਤੋਂ ਬਾਅਦ ਵੀ ਆ ਰਹੇ ਫ਼ੋਨ ਹੈਰਾਨੀ ਦੀ ਗੱਲ ਇਹ ਹੈ ਕਿ ਸਾਰਾ ਮਾਮਲਾ ਸਾਹਮਣੇ ਆ ਜਾਣ ਤੋਂ ਬਾਅਦ ਵੀ ਠੱਗਾਂ ਵੱਲੋਂ ਪ੍ਰੇਮ ਕੁਮਾਰ ਨੂੰ ਲਗਾਤਾਰ ਫ਼ੋਨ ਕੀਤੇ ਜਾ ਰਹੇ ਹਨ। ਉਹ ਅਜੇ ਵੀ ਉਸ ਨੂੰ ਕਹਿ ਰਹੇ ਹਨ ਕਿ ਜੇਕਰ ਉਹ ਹੋਰ ਪੈਸੇ ਭੇਜ ਦੇਵੇ ਤਾਂ ਉਸ ਦੇ ਖਾਤੇ ਵਿਚ ਪੰਜ ਲੱਖ ਰੁਪਏ ਜਮ੍ਹਾਂ ਕਰਵਾ ਦਿੱਤੇ ਜਾਣਗੇ। ਸਾਈਬਰ ਠੱਗੀ ਤੋਂ ਬਚਣ ਲਈ ਸਾਵਧਾਨ ਰਹੋ ਪੁਲਿਸ ਅਤੇ ਸਾਈਬਰ ਮਾਹਿਰਾਂ ਦਾ ਕਹਿਣਾ ਹੈ ਕਿ ਇੰਟਰਨੈੱਟ ਤੇ ਦਿਖਾਈ ਦੇਣ ਵਾਲੇ ਅਜਿਹੇ ਲਾਲਚੀ ਇਸ਼ਤਿਹਾਰਾਂ ਅਤੇ ਲਿੰਕਾਂ ਤੋਂ ਹਮੇਸ਼ਾ ਸਾਵਧਾਨ ਰਹਿਣਾ ਚਾਹੀਦਾ ਹੈ। ਕਿਸੇ ਵੀ ਅਣਜਾਣ ਵਿਅਕਤੀ ਨੂੰ ਪੈਸੇ ਭੇਜਣ ਤੋਂ ਪਹਿਲਾਂ ਪੂਰੀ ਜਾਂਚ-ਪੜਤਾਲ ਕਰਨੀ ਚਾਹੀਦੀ ਹੈ। ਥੋੜ੍ਹੇ ਸਮੇਂ ਵਿਚ ਵੱਡੀ ਕਮਾਈ ਦੇ ਵਾਅਦੇ ਅਕਸਰ ਠੱਗੀ ਦਾ ਹਿੱਸਾ ਹੁੰਦੇ ਹਨ।