- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਿਵੇਂ-ਜਿਵੇਂ ਪੰਜਾਬ ਵਿਧਾਨ ਸਭਾ ਚੋਣਾਂ

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਜਿਵੇਂ-ਜਿਵੇਂ ਪੰਜਾਬ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ, ਤਿਵੇਂ-ਤਿਵੇਂ ਸਿਆਸੀ ਮਾਹੌਲ ਵੀ ਗਰਮ ਹੁੰਦਾ ਜਾ ਰਿਹਾ ਹੈ। ਸਾਰੀਆਂ ਰਾਜਨੀਤਿਕ ਪਾਰਟੀਆਂ ਆਪਣੇ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਆਪਣੇ ਨਾਲ ਜੋੜਨ ਲਈ ਪੂਰੀ ਤਾਕਤ ਨਾਲ ਸਰਗਰਮ ਹਨ। ਇਸੇ ਲੜੀ ਤਹਿਤ ਮੋਗਾ ਵਿਧਾਨ ਸਭਾ ਹਲਕੇ ਵਿਚ ਕਾਂਗਰਸ ਪਾਰਟੀ ਨੂੰ ਉਸ ਵੇਲੇ ਇਕ ਵੱਡਾ ਹੁਲਾਰਾ ਮਿਲਿਆ, ਜਦੋਂ ਹਲਕਾ ਇੰਚਾਰਜ ਮਾਲਵਿਕਾ ਸੂਦ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਆਗੂ ਬਲਦੇਵ ਸਿੰਘ ਆਪਣੇ ਕਈ ਸਾਥੀਆਂ ਸਮੇਤ ਕਾਂਗਰਸ ਵਿਚ ਸ਼ਾਮਲ ਹੋ ਗਏ। ਇਸ ਮੌਕੇ ਸਮਾਗਮ ਦੌਰਾਨ ਮਾਲਵਿਕਾ ਸੂਦ ਨੇ ਬਲਦੇਵ ਸਿੰਘ ਅਤੇ ਉਨ੍ਹਾਂ ਨਾਲ ਆਏ ਸਾਰੇ ਸਾਥੀਆਂ ਦਾ ਗਰਮਜੋਸ਼ੀ ਨਾਲ ਸਵਾਗਤ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਵਿਚ ਹਰ ਮਿਹਨਤੀ ਅਤੇ ਲੋਕਾਂ ਦੀ ਸੇਵਾ ਕਰਨ ਵਾਲੇ ਵਰਕਰ ਨੂੰ ਪੂਰਾ ਮਾਣ-ਸਨਮਾਨ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਨਵੇਂ ਸਾਥੀਆਂ ਨੂੰ ਬਣਦਾ ਸਤਿਕਾਰ ਅਤੇ ਜ਼ਿੰਮੇਵਾਰੀ ਦਿੱਤੀ ਜਾਵੇਗੀ ਤਾਂ ਜੋ ਉਹ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹੋਰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰ ਸਕਣ। ਮਾਲਵਿਕਾ ਸੂਦ ਨੇ ਕਿਹਾ ਕਿ ਕਾਂਗਰਸ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਅਤੇ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਵੱਖ-ਵੱਖ ਪਾਰਟੀਆਂ ਦੇ ਆਗੂ ਅਤੇ ਵਰਕਰ ਲਗਾਤਾਰ ਕਾਂਗਰਸ ਨਾਲ ਜੁੜ ਰਹੇ ਹਨ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਆਉਣ ਵਾਲੇ ਸਮੇਂ ਵਿਚ ਵੀ ਇਹ ਸਿਲਸਿਲਾ ਜਾਰੀ ਰਹੇਗਾ ਅਤੇ ਮੋਗਾ ਹਲਕੇ ਵਿਚ ਕਾਂਗਰਸ ਹੋਰ ਮਜ਼ਬੂਤ ਹੋ ਕੇ ਉਭਰੇਗੀ। ਸਿਆਸੀ ਹਲਕਿਆਂ ਵਿਚ ਇਹ ਵੀ ਚਰਚਾ ਹੈ ਕਿ ਮਾਲਵਿਕਾ ਸੂਦ ਪਿਛਲੇ ਕੁੱਝ ਸਮੇਂ ਤੋਂ ਲਗਾਤਾਰ ਵਿਰੋਧੀ ਪਾਰਟੀਆਂ ਦੇ ਪ੍ਰਭਾਵਸ਼ਾਲੀ ਆਗੂਆਂ ਅਤੇ ਵਰਕਰਾਂ ਨੂੰ ਕਾਂਗਰਸ ਵਿਚ ਸ਼ਾਮਲ ਕਰਵਾਉਣ ਵਿਚ ਸਫ਼ਲ ਰਹੀ ਹੈ। ਉਨ੍ਹਾਂ ਵੱਲੋਂ ਹਲਕੇ ਦੇ ਪਿੰਡਾਂ ਅਤੇ ਸ਼ਹਿਰੀ ਇਲਾਕਿਆਂ ਵਿਚ ਕੀਤੀਆਂ ਜਾ ਰਹੀਆਂ ਲਗਾਤਾਰ ਸਰਗਰਮੀਆਂ ਨੂੰ ਲੋਕਾਂ ਵੱਲੋਂ ਵੀ ਭਰਪੂਰ ਹੁੰਗਾਰਾ ਮਿਲ ਰਿਹਾ ਹੈ, ਜਿਸ ਕਾਰਨ ਕਾਂਗਰਸ ਦਾ ਸੰਗਠਨ ਦਿਨੋਂ-ਦਿਨ ਹੋਰ ਮਜ਼ਬੂਤ ਹੁੰਦਾ ਨਜ਼ਰ ਆ ਰਿਹਾ ਹੈ। ਇਸ ਮੌਕੇ ਗੌਤਮ ਸੱਚਰ, ਰਮਨਦੀਪ ਸਿੰਘ ਲੰਡੇਕੇ, ਰਛਪਾਲ ਸਿੰਘ ਲੰਡੇਕੇ, ਵਿਕਰਮ ਲੰਡੇਕੇ, ਬਲਦੇਵ ਸਿੰਘ ਲੰਡੇਕੇ, ਹਰਦੀਪ ਸਿੰਘ ਲੰਡੇਕੇ, ਇਕਬਾਲ ਸਿੰਘ ਲੰਡੇਕੇ, ਜਗਦੀਪ ਸਿੰਘ ਲੰਡੇਕੇ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ, ਵਰਕਰ ਅਤੇ ਸਮਰਥਕ ਹਾਜ਼ਰ ਸਨ। ਸਮਾਗਮ ਦੌਰਾਨ ਨਵੇਂ ਸ਼ਾਮਲ ਹੋਏ ਆਗੂਆਂ ਨੇ ਕਾਂਗਰਸ ਦੀਆਂ ਨੀਤੀਆਂ ’ਤੇ ਭਰੋਸਾ ਜਤਾਉਂਦਿਆਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰਨ ਦਾ ਭਰੋਸਾ ਵੀ ਦਿੱਤਾ।