- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਗਾ ਨੇੜਲੇ ਪਿੰਡ ਸਿੰਘਾਂਵਾਲਾ

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਮੋਗਾ ਨੇੜਲੇ ਪਿੰਡ ਸਿੰਘਾਂਵਾਲਾ ਵਿਖੇ ਡੇਰਾ ਬਾਬਾ ਸਾਈਂ ਤਕੀਆ ਜੀ ਵਿਖੇ ਦਰਬਾਰ ਦੇ ਮੁੱਖ ਸੇਵਾਦਾਰ ਬਾਬਾ ਕੁਲਵਿੰਦਰ ਸਾਬਰੀ ਦੀ ਅਗਵਾਈ ਹੇਠ ਪ੍ਰਵਾਸੀ ਭਾਰਤੀ ਗ੍ਰਾਂਮ ਪੰਚਾਇਤ ਅਤੇ ਸਮੂਹ ਮੇਲਾ ਕਮੇਟੀ ਦੇ ਸਹਿਯੋਗ ਨਾਲ ਸਾਲਾਨਾ ਸੱਭਿਆਚਾਰਕ ਮੇਲਾ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਕਰਵਾਇਆ ਗਿਆ। ਦੋ ਰੋਜ਼ਾ ਸਮਾਗਮ ਵਿਚ ਧਾਰਮਿਕ ਅਤੇ ਸੱਭਿਆਚਾਰਕ ਰੰਗਾਂ ਦਾ ਸੁੰਦਰ ਸੁਮੇਲ ਦੇਖਣ ਨੂੰ ਮਿਲਿਆ, ਜਿਸ ’ਚ ਵੱਡੀ ਗਿਣਤੀ ’ਚ ਇਲਾਕੇ ਦੀਆਂ ਸੰਗਤਾਂ ਅਤੇ ਕਲਾ ਪ੍ਰੇਮੀਆਂ ਨੇ ਸ਼ਮੂਲੀਅਤ ਕੀਤੀ। ਸਮਾਗਮ ਦੇ ਪਹਿਲੇ ਦਿਨ ਬਾਬਾ ਹਜ਼ਰਤ ਰੇਲੇ ਸ਼ਾਹ ਜੀ ਅਤੇ ਬਾਬਾ ਸ਼ੇਰ ਸ਼ਾਹ ਵਲੀ ਦੀ ਦਰਗਾਹ ’ਤੇ ਝੰਡਾ ਪੂਜਨ ਅਤੇ ਚਾਦਰ ਚੜ੍ਹਾਉਣ ਦੀ ਰਸਮ ਸ਼ਰਧਾ ਭਾਵਨਾ ਨਾਲ ਅਦਾ ਕੀਤੀ ਗਈ। ਇਸ ਉਪਰੰਤ ਸੂਫ਼ੀਆਨਾ ਕਵਾਲੀ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਕਵਾਲਾਂ ਨੇ ਰੂਹਾਨੀ ਕਲਾਮ ਦੀ ਪੇਸ਼ਕਾਰੀ ਕਰਕੇ ਹਾਜ਼ਰੀਨ ਦਾ ਭਰਪੂਰ ਮਨੋਰੰਜਨ ਕੀਤਾ । ਸਮਾਗਮ ਦੌਰਾਨ ਦਰਬਾਰ ’ਚ ਮੱਥਾ ਟੇਕਣ ਲਈ ਵੀ ਸੰਗਤਾਂ ਦਾ ਤਾਂਤਾ ਲੱਗਾ ਰਿਹਾ। ਮੇਲੇ ਦੇ ਸੱਭਿਆਚਾਰਕ ਪ੍ਰੋਗਰਾਮ ’ਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਪੁੱਜੇ ਪ੍ਰਸਿੱਧ ਗਾਇਕ ਕਲਾਕਾਰਾਂ ਨੇ ਆਪਣੀਆਂ ਸ਼ਾਨਦਾਰ ਪੇਸ਼ਕਾਰੀਆਂ ਕੀਤੀਆਂ। ਇਸ ਮੌਕੇ ਚਰਚਿਤ ਦੋਗਾਣਾ ਜੋੜੀ ਗਿੱਲ ਕਮਲ ਅਤੇ ਨੀਲਮ ਭਿੰਡਰ ਨੇ ਆਪਣੇ ਲੋਕ ਗੀਤਾਂ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਸਰੋਤਿਆਂ ਦੀਆਂ ਭਰਪੂਰ ਤਾੜੀਆਂ ਅਤੇ ਵਾਹ-ਵਾਹ ਹਾਸਲ ਕੀਤੀ। ਦੋਗਾਣਾ ਜੋੜੀ ਗਿੱਲ ਕਮਲ ਤੇ ਨੀਲਮ ਭਿੰਡਰ ਨੇ ਪੰਜਾਬੀ ਸੱਭਿਆਚਾਰ ਅਤੇ ਲੋਕ ਗਾਇਕੀ ਨੂੰ ਸਮਰਪਿਤ ਆਪਣੀ ਪੇਸ਼ਕਾਰੀ ਨਾਲ ਸਮਾਗਮ ਨੂੰ ਯਾਦਗਾਰ ਬਣਾ ਦਿੱਤਾ। ਇਸ ਮੌਕੇ ਦਰਬਾਰ ਦੇ ਮੁੱਖ ਸੇਵਾਦਾਰ ਬਾਬਾ ਕੁਲਵਿੰਦਰ ਸਾਬਰੀ, ਬਾਬਾ ਰਾਜਾ ਚਿਸ਼ਤੀ, ਪ੍ਰਧਾਨ ਗੋਲਾ ਸਿੰਘ, ਗਗਨ ਸੰਧੂ, ਸੁਖਦੀਪ ਸਿੰਘ, ਸੁਖਚੈਨ ਸਿੰਘ, ਮੰਨਾ ਸਿੰਘ, ਚੰਨਾ ਸਿੰਘ, ਹਰਮਨ ਸਿੰਘ, ਲੱਬਾ ਸਿੰਘ, ਅੰਗਰੇਜ਼ ਸਿੰਘ, ਸੰਘਾ ਡਰੋਲੀ ਅਤੇ ਹੋਰ ਪਤਵੰਤੇ ਸੱਜਣਾਂ ਵੱਲੋਂ ਗਾਇਕ ਗਿੱਲ ਕਮਲ ਅਤੇ ਨੀਲਮ ਭਿੰਡਰ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਪ੍ਰਬੰਧਕਾਂ ਨੇ ਕਲਾਕਾਰਾਂ ਦੀਆਂ ਸੱਭਿਆਚਾਰਕ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਭਵਿੱਖ ਵਿੱਚ ਵੀ ਅਜਿਹੇ ਸਮਾਗਮਾਂ ਨੂੰ ਹੋਰ ਵਿਸ਼ਾਲ ਪੱਧਰ ’ਤੇ ਕਰਵਾਉਣ ਦਾ ਭਰੋਸਾ ਦਿੱਤਾ। ਸਨਮਾਨ ਪ੍ਰਾਪਤ ਕਰਨ ਉਪਰੰਤ ਗਿੱਲ ਕਮਲ ਅਤੇ ਨੀਲਮ ਭਿੰਡਰ ਨੇ ਦਰਬਾਰ ਦੇ ਮੁੱਖ ਸੇਵਾਦਾਰ ਬਾਬਾ ਕੁਲਵਿੰਦਰ ਸਾਬਰੀ, ਪ੍ਰਵਾਸੀ ਭਾਰਤੀ ਗ੍ਰਾਂਮ ਪੰਚਾਇਤ ਅਤੇ ਸਮੂਹ ਮੇਲਾ ਪ੍ਰਬੰਧਕ ਕਮੇਟੀ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਅਜਿਹਾ ਮਾਣ-ਸਨਮਾਨ ਕਲਾਕਾਰਾਂ ਲਈ ਹੋਰ ਵਧੀਆ ਕੰਮ ਕਰਨ ਦੀ ਪ੍ਰੇਰਣਾ ਬਣਦਾ ਹੈ। ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਅਤੇ ਇਲਾਕੇ ਦੇ ਪਤਵੰਤੇ ਵਿਅਕਤੀ ਹਾਜ਼ਰ ਰਹੇ।