ਪਲ਼ ਭਰ 'ਚ ਛਾਇਆ ਮਾਤਮ: ਜਨਮਦਿਨ ਮਨਾ ਕੇ ਪਰਤ ਰਹੇ 3 ਦੋਸਤਾਂ ਨਾਲ ਵਾਪਰਿਆ ਹਾਦਸਾ! ਟਿੱਪਰ ਨੇ ਬਾਈਕ ਨੂੰ ਮਾਰੀ ਟੱਕਰ; ਇਕ ਨੌਜਵਾਨ ਦੀ ਮੌਤ
ਥਾਣਾ ਬਾਘਾਪੁਰਾਣਾ ਦੇ ASI ਹਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਚਾਚਾ ਕਮਲਜੀਤ ਸਿੰਘ ਦੇ ਬਿਆਨ ਮੁਤਾਬਕ ਗਗਨਦੀਪ ਸਿੰਘ ਦਾ ਬੀਤੇ ਦਿਨ ਜਨਮਦਿਨ ਸੀ। ਜਨਮਦਿਨ ਮਨਾਉਣ ਲਈ ਉਹ ਆਪਣੇ ਦੋਵਾਂ ਦੋਸਤਾਂ ਗੁਰਕੀਰਤ ਸਿੰਘ ਅਤੇ ਨਵਪ੍ਰੀਤ ਸਿੰਘ ਨਾਲ ਮੋਟਰਸਾਈਕਲ 'ਤੇ ਗਿੱਲ ਢਾਬੇ 'ਤੇ ਗਿਆ ਸੀ।
Publish Date: Mon, 21 Sep 2026 02:05 PM (IST)
Updated Date: Mon, 21 Sep 2026 02:09 PM (IST)
ਸੰਵਾਦ ਸਹਿਯੋਗੀ, ਜਾਗਰਣ, ਮੋਗਾ: ਬਾਘਾਪੁਰਾਣਾ-ਮੋਗਾ ਰੋਡ 'ਤੇ ਗਿੱਲ ਢਾਬੇ ਨੇੜੇ ਦੇਰ ਰਾਤ ਦਰਦਨਾਕ ਸੜਕ ਹਾਦਸੇ 'ਚ ਜਨਮਦਿਨ ਮਨਾ ਕੇ ਘਰ ਪਰਤ ਰਹੇ ਤਿੰਨ ਦੋਸਤਾਂ ਦੀ ਬਾਈਕ ਨੂੰ ਤੇਜ਼ ਰਫ਼ਤਾਰ ਟਿੱਪਰ ਨੇ ਟੱਕਰ ਮਾਰ ਦਿੱਤੀ। ਹਾਦਸੇ 'ਚ 23 ਸਾਲਾ ਗਗਨਦੀਪ ਸਿੰਘ ਵਾਸੀ ਪਿੰਡ ਚਤ੍ਰੂਵਾਲਾ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਸ ਦੇ ਦੋ ਦੋਸਤ ਗੁਰਕੀਰਤ ਸਿੰਘ ਵਾਸੀ ਪਿੰਡ ਮੋੜ ਨੌ ਆਬਾਦ ਤੇ ਨਵਪ੍ਰੀਤ ਸਿੰਘ ਵਾਸੀ ਬਾਘਾਪੁਰਾਣਾ ਗੰਭੀਰ ਜ਼ਖ਼ਮੀ ਹੋ ਗਏ। ਦੋਵਾਂ ਜ਼ਖ਼ਮੀਆਂ ਨੂੰ ਇਲਾਜ ਲਈ ਮੋਗਾ ਦੇ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਹਾਦਸੇ ਦਾ ਘਟਨਾਕ੍ਰਮ ਢਾਬੇ ਦੇ ਆਲੇ-ਦੁਆਲੇ ਲੱਗੇ CCTV ਕੈਮਰਿਆਂ 'ਚ ਕੈਦ ਹੋ ਗਿਆ।
ਥਾਣਾ ਬਾਘਾਪੁਰਾਣਾ ਦੇ ASI ਹਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਚਾਚਾ ਕਮਲਜੀਤ ਸਿੰਘ ਦੇ ਬਿਆਨ ਮੁਤਾਬਕ ਗਗਨਦੀਪ ਸਿੰਘ ਦਾ ਬੀਤੇ ਦਿਨ ਜਨਮਦਿਨ ਸੀ। ਜਨਮਦਿਨ ਮਨਾਉਣ ਲਈ ਉਹ ਆਪਣੇ ਦੋਵਾਂ ਦੋਸਤਾਂ ਗੁਰਕੀਰਤ ਸਿੰਘ ਅਤੇ ਨਵਪ੍ਰੀਤ ਸਿੰਘ ਨਾਲ ਮੋਟਰਸਾਈਕਲ 'ਤੇ ਗਿੱਲ ਢਾਬੇ 'ਤੇ ਗਿਆ ਸੀ। ਤਿੰਨਾਂ ਦੋਸਤਾਂ ਨੇ ਢਾਬੇ 'ਤੇ ਕੇਕ ਕੱਟ ਕੇ ਜਨਮਦਿਨ ਮਨਾਇਆ।
ਰਾਤ ਕਰੀਬ 12:30 ਵਜੇ ਤਿੰਨੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੇ ਘਰਾਂ ਵੱਲ ਪਰਤ ਰਹੇ ਸਨ। ਜਦੋਂ ਉਹ ਢਾਬੇ ਨੇੜੇ ਸੜਕ ਪਾਰ ਕਰ ਰਹੇ ਸਨ ਤਾਂ ਬਾਘਾਪੁਰਾਣਾ ਵੱਲੋਂ ਆਏ ਤੇਜ਼ ਰਫ਼ਤਾਰ ਟਿੱਪਰ ਨੇ ਉਨ੍ਹਾਂ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ੋਰਦਾਰ ਸੀ ਕਿ ਮੋਟਰਸਾਈਕਲ ਸੜਕ 'ਤੇ ਕਾਫ਼ੀ ਦੂਰ ਤੱਕ ਘਿਸਟਦਾ ਚਲਾ ਗਿਆ। ਤਿੰਨੇ ਨੌਜਵਾਨ ਸੜਕ 'ਤੇ ਡਿੱਗ ਕੇ ਜ਼ਖ਼ਮੀ ਹੋ ਗਏ। ਗਗਨਦੀਪ ਸਿੰਘ ਨੂੰ ਗੰਭੀਰ ਸੱਟਾਂ ਲੱਗਣ ਕਾਰਨ ਉਸ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ।
ਹਾਦਸੇ ਤੋਂ ਬਾਅਦ ਆਲੇ-ਦੁਆਲੇ ਦੇ ਲੋਕਾਂ ਨੇ ਜ਼ਖ਼ਮੀਆਂ ਨੂੰ ਤੁਰੰਤ ਮੋਗਾ ਦੇ ਨਿੱਜੀ ਹਸਪਤਾਲ ਪਹੁੰਚਾਇਆ, ਜਿੱਥੇ ਦੋਵਾਂ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਕਮਲਜੀਤ ਸਿੰਘ ਦੇ ਬਿਆਨ ਦੇ ਆਧਾਰ 'ਤੇ BNS ਦੀ ਧਾਰਾ 194 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਿਵਲ ਹਸਪਤਾਲ ਮੋਗਾ 'ਚ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਗਗਨਦੀਪ ਸਿੰਘ ਦੀ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ।
ਜਨਮਦਿਨ ਦੀ ਖੁਸ਼ੀ ਪਲ ਭਰ 'ਚ ਮਾਤਮ 'ਚ ਬਦਲੀ
ਗਗਨਦੀਪ ਸਿੰਘ ਦੀ ਮੌਤ ਦੀ ਖ਼ਬਰ ਜਿਵੇਂ ਹੀ ਪਿੰਡ ਚਤ੍ਰੂਵਾਲਾ ਪਹੁੰਚੀ, ਪੂਰੇ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ। ਜਿਸ ਘਰ 'ਚ ਪੁੱਤਰ ਦੇ ਜਨਮਦਿਨ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ, ਉੱਥੇ ਕੁਝ ਹੀ ਘੰਟਿਆਂ ਬਾਅਦ ਮਾਤਮ ਛਾ ਗਿਆ। ਦੱਸਿਆ ਜਾ ਰਿਹਾ ਹੈ ਕਿ ਗਗਨਦੀਪ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ। ਉਸ ਦੇ ਪਿਤਾ ਖੇਤੀਬਾੜੀ ਕਰਦੇ ਹਨ ਅਤੇ ਉਸ ਦੀ ਇਕ ਭੈਣ ਹੈ।
CCTV ਫੁਟੇਜ 'ਚ ਕੈਦ ਹੋਇਆ ਹਾਦਸਾ
ਹਾਦਸੇ ਤੋਂ ਪਹਿਲਾਂ ਅਤੇ ਦੁਰਘਟਨਾ ਦਾ ਘਟਨਾਕ੍ਰਮ ਢਾਬੇ ਦੇ ਆਲੇ-ਦੁਆਲੇ ਲੱਗੇ CCTV ਕੈਮਰਿਆਂ 'ਚ ਰਿਕਾਰਡ ਹੋਇਆ ਹੈ। ਫੁਟੇਜ 'ਚ ਤਿੰਨੇ ਨੌਜਵਾਨ ਮੋਟਰਸਾਈਕਲ 'ਤੇ ਜਾਂਦੇ ਦਿਖਾਈ ਦੇ ਰਹੇ ਹਨ। ਇਸ ਤੋਂ ਕੁਝ ਹੀ ਪਲ ਬਾਅਦ ਬਾਘਾਪੁਰਾਣਾ ਵੱਲੋਂ ਆਇਆ ਟਿੱਪਰ ਉਨ੍ਹਾਂ ਦੀ ਬਾਈਕ ਨੂੰ ਟੱਕਰ ਮਾਰਦਾ ਨਜ਼ਰ ਆ ਰਿਹਾ ਹੈ। ਪੁਲਿਸ ਨੇ CCTV ਫੁਟੇਜ ਨੂੰ ਜਾਂਚ ਦਾ ਹਿੱਸਾ ਬਣਾਉਂਦੇ ਹੋਏ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।