ਨਸ਼ਾ ਛੁਡਾਊ ਕੇਂਦਰ ਦੇ ਕਾਮਿਆਂ ਦੀ ਮੀਟਿੰਗ ਹੋਈ ਨਸ਼ਾ ਛੁਡਾਊ ਕੇਂਦਰ ਅਤੇ ਰੀਹੈਬਿਲੀਟੇਸ਼ਨ
Publish Date: Mon, 13 Jul 2026 04:55 PM (IST)
Updated Date: Mon, 13 Jul 2026 04:57 PM (IST)
ਕਾਕਾ ਰਾਮੂੰਵਾਲਾ ਪੰਜਾਬੀ ਜਾਗਰਣ ਚੜਿੱਕ : ਨਸ਼ਾ ਛੁਡਾਊ ਕੇਂਦਰ ਅਤੇ ਰੀਹੈਬਿਲੀਟੇਸ਼ਨ ਆਉਟਸੋਰਸ ਮੁਲਾਜ਼ਮ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਸੂਬਾ ਪ੍ਰਧਾਨ ਸੁਰਿੰਦਰ ਸਿੰਘ ਲਾਡਾ ਦੀ ਅਗਵਾਈ ਹੇਠ ਹੋਈ। ਇਸ ਮੌਕੇ ਸੂਬਾ ਪ੍ਰੈੱਸ ਸਕੱਤਰ ਪਾਰਸ ਮੱਕੜ ਨੇ ਕਿਹਾ ਕਿ ਸਿਹਤ ਵਿਭਾਗ ਵਿਚ ਆਉਟਸੋਰਸ ਆਧਾਰ ਤੇ ਸੇਵਾ ਨਿਭਾ ਰਹੇ ਵੱਖ-ਵੱਖ ਕੈਟਾਗਰੀਆਂ ਦੇ ਮੁਲਾਜ਼ਮਾਂ ਦਾ ਪਿਛਲੀਆਂ ਸਰਕਾਰਾਂ ਵਾਂਗ ਮੌਜੂਦਾ ਸਰਕਾਰ ਵੱਲੋਂ ਵੀ ਸ਼ੋਸ਼ਣ ਲਗਾਤਾਰ ਜਾਰੀ ਹੈ। ਜਨਰਲ ਸਕੱਤਰ ਮਨਦੀਪ ਬਿੱਲਾ ਨੇ ਕਿਹਾ ਕਿ ਆਉਟਸੋਰਸ ਮੁਲਾਜ਼ਮ ਸਾਲਾਂ ਤੋਂ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੇ ਹਨ, ਪਰ ਅੱਜ ਤੱਕ ਉਨ੍ਹਾਂ ਦੀ ਤਨਖ਼ਾਹ ਵਿਚ ਕੋਈ ਯੋਗ ਵਾਧਾ ਨਹੀਂ ਕੀਤਾ ਗਿਆ ਇਸ ਸਬੰਧੀ ਯੂਨੀਅਨ ਵੱਲੋਂ ਕਈ ਵਾਰ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦੀਆਂ ਗਈਆਂ ਵਿਭਾਗ ਵੱਲੋਂ ਕਈ ਮੰਗਾਂ ਨਾਲ ਸਹਿਮਤੀ ਵੀ ਪ੍ਰਗਟਾਈ ਗਈ, ਪਰ ਅਜੇ ਤੱਕ ਇਕ ਵੀ ਮੰਗ ਨੂੰ ਅਮਲੀ ਰੂਪ ਨਹੀਂ ਦਿੱਤਾ ਗਿਆ। ਸੂਬਾ ਪ੍ਰਧਾਨ ਸੁਰਿੰਦਰ ਸਿੰਘ ਲਾਡਾ ਨੇ ਮੁੱਖ ਮੰਗਾਂ ਦੁਹਰਾਉਂਦਿਆਂ ਕਿਹਾ ਕਿ ਕਾਊਂਸਲਰਾਂ ਨੂੰ ਗਰੁੱਪ-ਸੀ ‘ਚ ਸ਼ਾਮਲ ਕਰਕੇ ਡਾਟਾ ਲਿਆ ਜਾਵੇ, ਸਾਲ 2018 ਤੋਂ ਮਨਜ਼ੂਰ ਕੀਤਾ ਗਿਆ 6 ਫ਼ੀਸਦੀ ਸਾਲਾਨਾ ਇੰਕਰੀਮੈਂਟ ਤੁਰੰਤ ਲਾਗੂ ਕੀਤਾ ਜਾਵੇ, ਆਉਟਸੋਰਸ ਮੁਲਾਜ਼ਮਾਂ ਨੂੰ 9 ਫ਼ੀਸਦੀ ਸਪੈਸ਼ਲ ਇੰਕਰੀਮੈਂਟ ਦਿੱਤਾ ਜਾਵੇ, ਆਉਟਸੋਰਸ ਪ੍ਰਣਾਲੀ ਖ਼ਤਮ ਕਰਕੇ ਮੁਲਾਜ਼ਮਾਂ ਨੂੰ ਸਿੱਧੇ ਸਿਹਤ ਵਿਭਾਗ ਅਧੀਨ ਲਿਆ ਜਾਵੇ, ਆਉਟਸੋਰਸ ਆਧਾਰ ਤੇ ਸੇਵਾ ਕਰ ਰਹੇ ਮੁਲਾਜ਼ਮਾਂ ਨੂੰ ਹਾਈ ਰਿਸਕ ਕੈਟਾਗਰੀ ਵਿਚ ਸ਼ਾਮਲ ਕੀਤਾ ਜਾਵੇ। ਮੀਟਿੰਗ ਵਿਚ ਤਾਲਮੇਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਪੰਜਾਬ ਵੱਲੋਂ ਵਿਸ਼ੇਸ਼ ਤੌਰ ਤੇ ਕੁਲਬੀਰ ਸਿੰਘ ਢਿੱਲੋਂ ਚੇਅਰਮੈਨ ਅਤੇ ਰਵਿੰਦਰ ਲੂਥਰਾ ਕਨਵੀਨਰ ਨੇ ਸ਼ਿਰਕਤ ਕਰਕੇ ਯੂਨੀਅਨ ਦੇ ਸੰਘਰਸ਼ ਨੂੰ ਪੂਰਾ ਸਮਰਥਨ ਦਿੱਤਾ ਅਤੇ ਭਰੋਸਾ ਦਿਵਾਇਆ ਕਿ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਮਨਵਾਉਣ ਲਈ ਸਾਂਝੇ ਤੌਰ ਤੇ ਹਰ ਪੱਧਰ ਤੇ ਲੜਾਈ ਲੜੀ ਜਾਵੇਗੀ। ਇਸ ਮੌਕੇ ਸੀ. ਮੀਤ ਪ੍ਰਧਾਨ ਗੁਰਪ੍ਰੀਤ ਸਿੰਘ, ਜਥੇਬੰਦੀ ਸਕੱਤਰ ਜਤਿੰਦਰ ਸਿੰਘ ਨੇ ਦੱਸਿਆ ਕਿ ਸਾਰੇ ਆਗੂਆਂ ਦੀ ਸਹਿਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਜੇਕਰ ਸਿਹਤ ਵਿਭਾਗ ਅਤੇ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਮੰਗਾਂ ਤੇ ਸਹਿਮਤੀ ਦੇ ਕੇ ਜਲਦ ਨੋਟੀਫਿਕੇਸ਼ਨ ਜਾਰੀ ਨਾ ਕੀਤਾ ਗਿਆ ਤਾਂ 28 ਜੁਲਾਈ ਨੂੰ ਡਾਇਰੈਕਟਰ ਸਿਹਤ ਵਿਭਾਗ, ਚੰਡੀਗੜ੍ਹ ਦੇ ਦਫ਼ਤਰ ਅੱਗੇ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ ਤੇ ਸਿਹਤ ਮੰਤਰੀ ਦੀ ਰਿਹਾਇਸ਼ ਵੱਲ ਰੋਸ ਮਾਰਚ ਵੀ ਕੀਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀ ਹੋਵੇਗੀ। ਇਸ ਮੌਕੇ ਐਡਵਾਈਜ਼ਰ ਗੁਰਪ੍ਰੀਤ ਸਿੰਘ, ਚੀਫ਼ ਐਡਵਾਈਜ਼ਰ ਸਰਵਰਿੰਦਰ ਸਿੰਘ, ਆਰਗੇਨਾਈਜ਼ਰ ਸੰਨੀ ਦਿਓਲ ਅਤੇ ਰਾਕੇਸ਼ ਕੁਮਾਰ ਹਾਜ਼ਰ ਸਨ।